ਔਰਤ ਨੇ ਨਵਜੋਤ ਸਿੱਧੂ ‘ਤੇ ਮਾਰੀ ਜੁੱਤੀ, ਕਹਿੰਦੀ ਮੋਦੀ ਵਿਰੁੱਧ ਕਿਉਂ ਬੋਲਿਆ ਸੀ?

TeamGlobalPunjab
3 Min Read

ਰੋਹਤਕ : ਬੀਤੀ ਕੱਲ੍ਹ ਕਾਂਗਰਸ ਪਾਰਟੀ ਵੱਲੋਂ ਇੱਥੇ ਕਰਵਾਏ ਜਾ ਰਹੇ ਇੱਕ ਚੋਣ ਜਲਸੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਭੀੜ ਵਿੱਚੋਂ ਕਿਸੇ ਨੇ ਸਟੇਜ ‘ਤੇ ਭਾਸ਼ਣ ਦੇ ਰਹੇ ਨਵਜੋਤ ਸਿੰਘ ਸਿੱਧੂ ‘ਤੇ ਜੁੱਤੀ ਵਗ੍ਹਾ ਮਾਰੀ। ਹਾਲਾਂਕਿ ਇਹ ਜੁੱਤੀ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਤਾਂ ਨਹੀਂ ਪਾਈ, ਪਰ ਇਸ ਜ਼ੁਰਮ ਤਹਿਤ ਬਾਅਦ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਕਾਬੂ ਕਰ ਲਿਆ। ਜਿਹੜੀ ਕਿ ਇੱਕ ਵੀਡੀਓ ਵਿੱਚ ਪੁਲਿਸ ਵੱਲੋਂ ਕੀਤੇ ਜਾ ਰਹੇ ਸਵਾਲ ਜਵਾਬ ਵਿੱਚ ਇਹ ਮੰਨਦੀ ਦਿਖਾਈ ਦਿੱਤੀ ਕਿ ਉਹ ਜੁੱਤੀ ਉਸ ਨੇ ਹੀ ਮਾਰੀ ਹੈ, ਤੇ ਇਸ ਵੀਡੀਓ ਵਿੱਚ ਅੱਗੋਂ ਇਹ ਔਰਤ ਉਲਟਾ ਪੁਲਿਸ ਨੂੰ ਸਵਾਲ ਕਰਦੀ ਦਿਖਾਈ ਦਿੱਤੀ, ਕਿ ਸਿੱਧੂ ਮੋਦੀ ਵਿਰੁੱਧ ਕਿਉਂ ਬੋਲਿਆ ਸੀ? ਬਾਅਦ ਵਿੱਚ ਉਸੇ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਪੁਲਿਸ ਜਦੋਂ ਜਿਆਦਾ ਸਖਤੀ ਨਾਲ ਦੁਬਾਰਾ ਪੁੱਛਦੀ ਹੈ ਕਿ ਇਹ ਜੁੱਤੀ ਤੂੰ ਮਾਰੀ ਹੈ? ਤਾਂ ਉਹ ਔਰਤ ਮੁੱਕਰ ਜਾਂਦੀ ਹੈ ਕਿ ਮੈਂ ਇਹ ਜੁੱਤੀ ਨਹੀਂ ਮਾਰੀ। ਜਿਸ ਤੋਂ ਬਾਅਦ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤਿਆਂ ਉਸ ਔਰਤ ਨੂੰ ਛੱਡ ਦਿੱਤਾ।

ਇਸ ਦੌਰਾਨ ਕੁਝ ਚਿਰ ਬਾਅਦ ਹੀ ਉੱਥੇ ਬੀਜੇਪੀ ਵਾਲਿਆਂ ਨੇ “ਮੋਦੀ ਮੋਦੀ” ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਮਾਹੌਲ ਉਦੋਂ ਤਨਾਅ ਪੂਰਨ ਹੋ ਗਿਆ ਜਦੋਂ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਨੇ ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਪੁਲਿਸ ਵਾਲਿਆਂ ਨੇ ਦੋਵਾਂ ਪੱਖਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕੀਤਾ ਤਾਂ ਜਾ ਕੇ ਕਿਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਵੱਡੇ ਨਿੰਦਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਹਨ। ਜਿਹੜੇ ਕਿ ਚੋਣ ਜਲਸਿਆਂ ਵਿੱਚ ਮੋਦੀ ਵਿਰੁੱਧ ਅਕਸਰ ਬੋਲਦੇ ਦਿਖਾਈ ਦਿੰਦੇ ਹਨ ਕਿ, “ਚੌਕੀਦਾਰ ਚੋਰ ਹੈ”। ਹਾਲਾਂਕਿ “ਚੌਕੀਦਾਰ ਚੋਰ ਹੈ” ਵਾਲੇ ਜੁਮਲੇ ‘ਤੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਤਾਂ ਸੁਪਰੀਮ ਕੋਰਟ ਵਿੱਚ ਬਿਨਾਂ ਸ਼ਰਤ ਮਾਫੀ ਵੀ ਮੰਗਣੀ ਪਈ ਸੀ। ਜਿਸ ਕਾਰਨ ਉਹ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਮਸਾਂ ਬਚੇ ਸਨ, ਪਰ ਇਸ ਦੇ ਬਾਵਜੂਦ ਰਾਹੁਲ ਗਾਂਧੀ ਦੇ ਜਰਨੈਲ ਨਵਜੋਤ ਸਿੰਘ ਸਿੱਧੂ ਦੇ ਤੇਵਰ ਮੋਦੀ ਵਿਰੁੱਧ ਘੱਟ ਨਹੀਂ ਹੋਏ। ਸ਼ਾਇਦ ਇਹੋ ਕਾਰਨ ਹੈ ਕਿ ਮੋਦੀ ਦੇ ਸਮਰਥਕ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਨਹੀਂ ਕਰਦੇ, ਤੇ ਮਾਰੀ ਗਈ ਉਹ ਜੁੱਤੀ, ਉਨ੍ਹਾਂ ਸਮਰਥਕਾਂ ਦੇ ਮਨਾਂ ਵਿੱਚ ਸਿੱਧੂ ਲਈ ਨਫ਼ਰਤ, ਅਤੇ ਮੋਦੀ ਲਈ ਪਿਆਰ ਦਾ ਸਬੂਤ ਦੇ ਗਈ।

Share this Article
Leave a comment