ਉਮਰਾਨੰਗਲ ਸਮੇਤ ਹੋਰਨਾਂ ਨੂੰ ਜ਼ਮਾਨਤਾਂ ਤਾਂ ਮਿਲੀਆਂ, ਕਿਉਂਕਿ ਸਰਕਾਰ ਕਾਨੂੰਨੀ ਪੱਖੋਂ ਢਿੱਲੀ: ਸੁਨੀਲ ਜਾਖੜ

Prabhjot Kaur
2 Min Read

ਜਲੰਧਰ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਈ ਆਈਜ਼ੀ ਉਮਰਾਨੰਗਲ ਅਤੇ ਹੋਰਾਨਾਂ ਨੂੰ ਅਦਾਲਤ ਵੱਲੋਂ ਅਗਾਊਂ ਅਤੇ ਪੱਕੀਆਂ ਜ਼ਮਾਨਤਾਂ ਮਿਲ ਜਾਣ ਕਾਰਨ ਜਿੱਥੇ ਚਾਰੇ ਪਾਸੇ ਐਸਆਈਟੀ ਦੀ ਫਜ਼ੀਹਤ ਹੋ ਰਹੀ ਹੈ, ਉੱਥੇ ਦੂਜੇ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਢਿੱਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਮਾਹਰਾਂ ਅਨੁਸਾਰ ਭਾਵੇਂ ਕਿ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਅਜਿਹੇ ਬਿਆਨ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਨਾਜ਼ੁਕ ਮਾਮਲਿਆਂ ਬਾਰੇ ਕਾਂਗਰਸੀਆਂ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਹੀ ਦਿੱਤੇ ਜਾ ਰਹੇ ਬਿਆਨਾਂ ਨੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ।
ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਹੇਠਲੀ ਅਦਾਲਤ ਵੱਲੋਂ ਮਿਲੀ ਜ਼ਮਾਨਤ ਨੂੰ ਚੁਣੌਤੀ ਦਿੱਤੀ ਜਾਵੇਗੀ। ਇਸ ਦੌਰਾਂਨ ਜਾਖੜ ਨੇ ਆਪ ਮੰਨਿਆਂ ਕਿ ਇਸ ਮਾਮਲੇ ਵਿੱਚ ਸਰਕਾਰ ਕਨੂੰਨੀ ਪੱਖ ਤੋਂ ਢਿੱਲੀ ਜਰੂਰ ਹੈ ਪਰ ਇਸ ਦੇ ਬਾਵਜੂਦ ਵੀ ਉਹ ਇਸ ਕੇਸ ਨੂੰ ਮਜਬੂਤ ਕਰਨ ਲਈ ਸਾਰੀਆਂ ਕਾਨੂੰਨੀ ਮੋਰੀਆਂ ਜਲਦ ਬੰਦ ਕੀਤੀਆਂ ਜਾਣਗੀਆਂ। ਜਾਖੜ ਨੇ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਕਨੂੰਨ ਅਨੁਸਾਰ ਸਜ਼ਾ ਮਿਲਣੀ ਤੈਅ ਹੈ, ਤੇ ਕਿਸੇ ਨੂੰ ਵੀ ਕੇਸ ਵਿੱਚ ਬਚ ਕੇ ਨਹੀਂ ਨਿਕਲਣ ਦਿੱਤਾ ਜਾਵੇਗਾ।
ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸਆਈਟੀ ਅੱਗੇ ਆਪ ਪੇਸ਼ ਹੋ ਕੇ ਗ੍ਰਿਫਤਾਰੀ ਦੇਣ ਦੀ ਪੇਸ਼ਕਸ਼ ਕੀਤੇ ਜਾਣ ਦਾ ਵੀ ਮਜ਼ਾਕ ਉਡਾਉਂਦਿਆਂ ਕਿਹਾ ਕਿ ਜੇਕਰ ਵੱਡੇ ਬਾਦਲ ਨੇ ਅਜਿਹਾ ਕੁਝ ਕੀਤਾ ਹੀ ਨਹੀਂ ਹੈ ਤਾਂ ਉਹ ਡਰਦੇ ਕਿਉਂ ਹਨ।

Share this Article
Leave a comment