ਅੰਮ੍ਰਿਤਸਰ (ਕ੍ਰਿਸ਼ਨ ਸਿੰਘ) : ਜੱਲ੍ਹਿਆਂਵਾਲੇ ਬਾਗ ਦੇ ਖੂਨੀਂ ਕਾਂਡ ਨੂੰ ਵਾਪਰਿਆਂ ਬੇਸ਼ੱਕ 100 ਸਾਲ ਗੁਜ਼ਰ ਚੁਕੇ ਹਨ ਪਰ ਇਹ ਇੱਕ ਅਜਿਹੀ ਘਟਨਾ ਹੈ ਜਿਸ ਦੀ ਲਗਾਤਾਰ ਪੈ ਰਹੀ ਖਾਮੋਸ਼ ਚੀਸ ਨੂੰ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਆਮ ਮਹਿਸੂਸ ਕੀਤਾ ਜਾ ਸਕਦਾ ਹੈ। 13 ਅਪ੍ਰੈਲ ਸੰਨ 1919 ਵਾਲੇ ਦਿਨ ਮਾਈਕਲ ਅਡਵਾਇਰ ਦੇ ਹੁਕਮਾਂ ‘ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਸ਼ਹੀਦਾਂ ਨੂੰ ਅਸੀਂ ਅੱਜ ਵੀ ਉਸੇ ਪੀੜ ਨਾਲ ਯਾਦ ਕਰਦੇ ਹਾਂ ਜਿਹੜੀ ਪੀੜ ਇਸ ਘਟਨਾ ਤੋਂ ਬਾਅਦ ਉੱਥੇ ਪਹੁੰਚੇ ਲੋਕਾਂ ਨੇ ਮਹਿਸੂਸ ਕੀਤੀ ਸੀ। ਉਸ ਕਤਲ ਕਾਂਡ ਦੇ ਮਾਮਲੇ ‘ਚ ਕਈ ਵਾਰ ਬਰਤਾਨਵੀ ਹਕੂਮਤ ਤੋਂ ਮਾਫੀ ਮੰਗਵਾਉਣ ਦੀ ਮੰਗ ਤਾਂ ਉਠੀ ਪਰ ਇਹ ਮੰਗ ਸਿਰਫ ਮੰਗ ਬਣ ਕੇ ਹੀ ਰਹਿ ਗਈ ਕਿਉਂਕਿ ਗੋਰੀ ਸਰਕਾਰ ਨੇ ਇਸ ‘ਤੇ ਸਿਰਫ ਪਛਤਾਵਾ ਤਾਂ ਕੀਤਾ ਪਰ ਮਾਫੀ ਨਹੀਂ ਮੰਗੀ। ਅਜਿਹੇ ਵਿੱਚ ਬੀਤੀ ਕੱਲ੍ਹ ਬਰਤਾਨਵੀ ਇਸਾਈ ਭਾਈਚਾਰੇ ਦੇ ਆਕਰਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਟਰਲ ਵੇਲਬੀ ਨੇ ਜੱਲ੍ਹਿਆਂਵਾਲੇ ਬਾਗ ਪਹੁੰਚ ਕੇ ਉੱਥੋਂ ਦੇ ਸ਼ਹੀਦਾਂ ਨੂੰ ਨਾ ਸਿਰਫ ਦੰਡਵੱਤ ਪ੍ਰਣਾਮ ਕੀਤਾ ਬਲਕਿ ਇਸ ਘਟਨਾ ‘ਤੇ ਦੁੱਖ ਅਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਵੀ ਕੀਤਾ ਤੇ ਮਾਫੀ ਵੀ ਮੰਗੀ। ਭਾਵੇਂ ਕਿ ਇਸ ਮਾਫੀ ਨਾਲ ਭਾਰਤੀਆਂ ‘ਤੇ ਹੋਏ ਜ਼ੁਲਮ ਨੂੰ ਘੱਟ ਕਰਕੇ ਨਹੀਂ ਅੰਕਿਆ ਜਾ ਸਕਦਾ ਪਰ ਇੰਨਾ ਜਰੂਰ ਹੈ ਕਿ ਉੱਥੋਂ ਦੇ ਇੱਕ ਵੱਡੇ ਧਾਰਮਿਕ ਆਗੂ ਵੱਲੋਂ ਇੰਝ ਆ ਕੇ ਦੰਡਵੱਤ ਪ੍ਰਣਾਮ ਕਰਦਿਆਂ ਹੋਇਆ ਇਸ ਘਟਨਾ ‘ਤੇ ਮਾਫੀ ਮੰਗਣ ਨਾਲ ਦੁਨੀਆਂ ਭਰ ਵਿੱਚ ਇੱਕ ਸੁਨੇਹਾ ਜਰੂਰ ਗਿਆ ਹੈ। ਜਿਸ ਤਰ੍ਹਾਂ ਕਿ ਬਰਤਾਨੀਆਂ ਵਿੱਚ ਜ਼ਾਲਮ ਲੋਕ ਰਿਹਾ ਕਰਦੇ ਸਨ ਉਹ ਪੀੜ੍ਹੀ ਹੁਣ ਖਤਮ ਹੋ ਚੁਕੀ ਹੈ ਤੇ ਨਵੀਂ ਪੀੜੀ ਅਜਿਹੇ ਧਾਰਮਿਕ ਗੁਰੂਆਂ ਦੀ ਰਹਿਨੁਮਾਈ ਹੇਠ ਮਾਸੂਮਾਂ ਅਤੇ ਮਜ਼ਲੂਮਾਂ ਲਈ ਆਪਣੇ ਹਿਰਦਿਆਂ ਅੰਦਰ ਤਰਸ ਦੀ ਭਾਵਨਾ ਰੱਖਦੀ ਹੈ।
ਦੱਸ ਦਈਏ ਕਿ ਜਸਟਿਨ ਪੋਰਟੈਲ ਵੈਲਬੀ ਨੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲੇ ਬਾਗ ਪਹੁੰਚ ਕੇ ਨਾ ਸਿਰਫ ਜੱਲ੍ਹਿਆਂਵਾਲੇ ਬਾਗ ‘ਚ ਬਣੇ ਸ਼ਹੀਦਾਂ ਦੇ ਸਮਾਰਕ ਅੱਗੇ ਲੇਟ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਬਲਕਿ ਸੌ ਸਾਲ ਪਹਿਲਾਂ ਵਾਪਰੇ ਇਸ ਕਤਲੇਆਮ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਆਪਣੇ ਨਾਲ ਲਿਆਂਦੇ ਮਾਈਕ ਤੇ ਸਪੀਕਰ ਦੀ ਵਰਤੋਂ ਕਰਦਿਆਂ ਉਸ ਖੂਨੀਂ ਕਾਂਡ ‘ਤੇ ਦੁੱਖ ਅਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਕੇ ਇਹ ਦੱਸ ਦਿੱਤਾ ਕਿ ਉਹ ਜੋ ਕੁਝ ਵੀ ਬੋਲ ਰਹੇ ਹਨ ਉਹ ਸਿਰਫ ਚੰਦ ਸ਼ਬਦ ਨਹੀਂ ਹਨ ਬਲਕਿ ਇਹ ਉਨ੍ਹਾਂ ਦੇ ਅੰਦਰੋਂ ਨਿੱਕਲੀਆਂ ਉਹ ਭਾਵਨਾਵਾਂ ਹਨ ਜਿਹੜੀਆਂ ਕਿ ਉਹ ਉੱਚੀ ਉੱਚੀ ਬੋਲ ਕੇ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਘਟਨਾ 13 ਅਪ੍ਰੈਲ 1919 ਵਾਲੇ ਦਿਨ ਇੱਥੇ ਵਾਪਰੀ ਸੀ ਉਹ ਅਣਮਨੁੱਖੀ ਸੀ। ਉਸ ਮੌਕੇ ਜਸਟਿਨ ਪੋਰਟੈਲ ਵੈਲਬੀ ਨੇ ਇਸ ਕਤਲ ਕਾਂਡ ਨੂੰ ਪਾਪ ਅਤੇ ਜ਼ੁਰਮ ਦਾ ਨਾਂ ਦੇ ਕੇ ਸੰਬੋਧਨ ਕੀਤਾ। ਜੱਲ੍ਹਿਆਂਵਾਲੇ ਬਾਗ ਤੋਂ ਬਾਅਦ ਜਸਟਿਨ ਪੋਰਟੈਲ ਵੈਲਬੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਇੱਥੇ ਦੋਵਾਂ ਧਾਰਮਿਕ ਆਗੂਆਂ ਵਿਚਕਾਰ ਲੰਬਾ ਸਮਾਂ ਮੀਟਿੰਗ ਵੀ ਚੱਲੀ।
ਦੱਸ ਦਈਏ ਕਿ ਜੱਲ੍ਹਿਆਂਵਾਲੇ ਬਾਗ ‘ਚ ਤਕਰੀਬਨ 1800 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ ਪਰ ਅਸਲ ਗਿਣਤੀ ਇਤਿਹਾਸਕਾਰਾਂ ਅਨੁਸਾਰ ਇਸ ਤੋਂ ਕਿਤੇ ਵੱਧ ਸੀ। ਇਸ ਦਰਦਨਾਕ ਘਟਨਾ ਦਾ ਬਦਲਾ ਮਹਾਨ ਯੋਧੇ ਸ਼ਹੀਦ ਉਧਮ ਸਿੰਘ ਸੁਨਾਮ ਵੱਲੋਂ 13 ਮਾਰਚ 1940 ਵਾਲੇ ਦਿਨ ਇਸ ਘਟਨਾ ਮੌਕੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਮਾਰ ਕੇ ਕਤਲ ਕਰਨ ਉਪਰੰਤ ਲਿਆ ਸੀ।