ਇੰਸਟਾਗ੍ਰਾਮ ’ਤੇ ਕੁੜੀ ਨੇ ਪੋਲਿੰਗ ਕਰ ਪੁੱਛਿਆ, ਜਿਓਂਦੀ ਰਹਾਂ ਜਾਂ ਮਰ ਜਾਵਾਂ, 69% ਨੇ ਕਿਹਾ ‘ਹਾਂ’, ਤੇ ਉਹ ਮਰ ਗਈ

TeamGlobalPunjab
2 Min Read

ਮਲੇਸ਼ੀਆ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ 16 ਸਾਲਾ ਕੁੜੀ ਨੇ ਇੰਸਟਾਗ੍ਰਾਮ ਪੋਲਿੰਗ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਜਿਸ ਵਿੱਚ ਉਸ ਨੇ ਇੰਸਟਾਗ੍ਰਾਮ ‘ਤੇ ਪੋਲ-ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਸਵਾਲ ਪੁੱਛਿਆ ਕਿ, ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ। ਲਗਭਗ 69% ਲੋਕਾਂ ਨੇ ਪੋਸਟ ਉੱਤੇ ‘ਹਾਂ’ ਵਿੱਚ ਆਪਣਾ ਪ੍ਰਤੀਕਰਮ ਦਿੱਤਾ ਇਸੇ ਲਈ ਉਸ ਨੇ ਤੁਰੰਤ ਆਪਣੀ ਜਾਨ ਲੈ ਲਈ।

‘ਗਾਰਡੀਅਨ’ ਮੁਤਾਬਕ ਸਾਰਾਵਾਕ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਕੁੜੀ ਨੇ ਫ਼ੋਟੋ ਸ਼ੇਅਰਿੰਗ ਐਪ ਉੱਤੇ ਪੋਲ–ਪੋਸਟ ਪਾਈ। ਇਸੇ ਦੌਰਾਨ ਇੱਕ ਵਕੀਲ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਲੋਕਾਂ ਨੇ ‘ਹਾਂ’ ਵਿੱਚ ਆਪਣੀ ਵੋਟ ਪਾਈ ਹੈ, ਉਨ੍ਹਾਂ ਉੱਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗ ਸਕਦਾ ਹੈ।

ਵਕੀਲ ਤੇ ਪੇਨਾਗ ਦੇ ਐਨਸਟੇਟ ਦੇ ਸੰਸਦ ਮੈਂਬਰ ਰਾਮ ਕ੍ਰਿਪਾਲ ਸਿੰਘ ਨੇ ਕਿਹਾ ਕਿ ਜੇ ਪੋਲ ਵਿੱਚ ਭਾਗ ਲੈਣ ਵਾਲੇ ਲੋਕ ਉਸ ਕੁੜੀ ਨੂੰ ਆਪਣਾ ਜਵਾਬ ‘ਹਾਂ’ ਵਿੱਚ ਦੇ ਕੇ ਉਸ ਨੂੰ ਨਿਰਾਸ਼ ਨਾ ਕਰਦੇ, ਤਾਂ ਕੀ ਉਹ ਅੱਜ ਜਿਊਂਦੀ ਨਾ ਹੁੰਦੀ? ਚੇਤੇ ਰਹੇ ਕਿ ਮਲੇਸ਼ੀਆ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਜਿੱਥੇ ਇੱਕ ਅਪਰਾਧ ਹੈ, ਉੱਥੇ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਵੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।

ਅਜਿਹੇ ਮਾਮਲੇ ਰੋਕਣ ਲਈ ਬੀਤੇ ਫ਼ਰਵਰੀ ਮਹੀਨੇ ਆਇਆ ਇੰਸਟਾਗ੍ਰਾਮ ਦਾ ਫ਼ੀਚਰ ‘ਸੰਵੇਦਨਸ਼ੀਲ ਸਕ੍ਰੀਨ’ ਨਾਕਾਮ ਰਿਹਾ। ਇਸ ਫ਼ੀਚਰ ਰਾਹੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਬਲਾਕ ਕੀਤਾ ਜਾ ਸਕਦਾ ਸੀ। ਇਹ ਕਦਮ ਤਦ ਚੁਕਿਆ ਗਿਆ, ਜਦੋਂ 2017 ’ਚ 14 ਸਾਲਾਂ ਦੀ ਬ੍ਰਿਟਿਸ਼ ਕੁੜੀ ਮੌਲੀ ਰੱਸੇਲ ਨੇ ਆਪਣੀ ਜਾਨ ਲੈ ਲਈ ਸੀ। ਉਸ ਦੇ ਮਾਪਿਆਂ ਨੇ ਦੱਸਿਆ ਸੀ ਕਿ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਖ਼ੁਦਕੁਸ਼ੀ ਦੀਆਂ ਤਸਵੀਰਾਂ ਵੇਖੀਆਂ ਸਨ।

Share this Article
Leave a comment