ਅੰਮ੍ਰਿਤਸਰ : ਦੁਨਿਆਵੀ ਅਦਾਲਤ ਨੇ ਤਾਂ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਵੇਂ ਬਰੀ ਕਰ ਦਿੱਤਾ ਹੈ, ਪਰ ਇੰਝ ਜਾਪਦਾ ਹੈ ਜਿਵੇਂ ਧਰਮ ਦੀ ਅਦਾਲਤ ਅੱਜ ਵੀ ਲੰਗਾਹ ਨੂੰ ਮਾਫ ਕਰਨ ਦੇ ਮੂਡ ਵਿੱਚ ਨਹੀਂ ਹੈ। ਇਹੋ ਕਾਰਨ ਹੈ ਕਿ ਸਿੱਖਾਂ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਲਿਖਤੀ ਤੌਰ ‘ਤੇ ਸਿੱਖ ਸੰਗਤ ਨੂੰ ਅਗਾਹ ਕੀਤਾ ਹੈ ਕਿ ਸੁੱਚਾ ਸਿੰਘ ਲੰਗਾਹ ਗੁਰੂ ਪੰਥ ‘ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਕੇ ਗਏ ਹਨ ਤੇ ਅਜਿਹੇ ਵਿਅਕਤੀਆਂ ਨਾਲ ਮਿਲਵਰਤਣ ਰੱਖਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਲਿਹਾਜਾ ਸੰਗਤ ਲੰਗਾਹ ਨਾਲ ਮਿਲਵਰਤਣ ਰੱਖਣ ਤੋਂ ਪ੍ਰਹੇਜ ਕਰੇ, ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਕਾਇਮ ਰਹਿ ਸਕੇ।
ਦੱਸ ਦਈਏ ਕਿ ਇਨ੍ਹਾਂ ਚੋਣਾਂ ਵਿੱਚ ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲੀ-ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਖਿਲਾਫ ਡੇਰਾ ਬਾਬਾ ਨਾਨਕ ਇਲਾਕੇ ‘ਚੋਂ ਵੱਡੀ ਗਿਣਤੀ ‘ਚ ਸੰਗਤ ਇਕੱਠੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੀ ਸੀ ਜਿਨ੍ਹਾਂ ਨੇ ਲੰਗਾਹ ਦੇ ਖਿਲਾਫ ਮੰਗ ਪੱਤਰ ਦੇ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਹੁਕਮ ਜਾਰੀ ਕੀਤੇ ਹਨ।
ਇੱਧਰ ਦੂਜੇ ਪਾਸੇ ਸੁੱਚਾ ਸਿੰਘ ਲੰਗਾਹ ਨੇ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ,” ਮੈਂ ਇਹ ਪ੍ਰਚਾਰ ਅਕਾਲੀ ਦਲ ਦੇ ਅਹੁਦੇਦਾਰ ਦੇ ਨਾਤੇ ਨਹੀਂ ਕਰ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਿਛਲੀ ਜਿਮਨੀ ਚੋਣ ਵਿੱਚ ਮੇਰੇ ‘ਤੇ ਕੇਸ ਬਣਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੈਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।” ਉਨ੍ਹਾਂ ਕਿਹਾ ਕਿ,” ਇਹ ਪ੍ਰਚਾਰ ਮੈਂ ਤਾਂ ਸ਼ੁਰੂ ਕੀਤਾ ਹੈ ਕਿਉਂਕਿ ਮੈਨੂੰ ਇਹ ਲਗਦਾ ਹੈ ਕਿ ਤੁਸੀਂ ਲਵਾਰਿਸ ਸੀ ਤੇ ਮੈਨੂੰ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ,” ਕਾਂਗਰਸ ਪਾਰਟੀ ਸਾਡੇ ਲੋਕਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ, ਜਿਸ ਦਾ ਮੈਂ ਵਿਰੋਧ ਕੀਤਾ ਤੇ ਜਦੋਂ ਆਪਣੇ ਲੋਕਾਂ ਦੀ ਮਦਦ ਵਿੱਚ ਨਿੱਤਰਿਆ ਤਾਂ ਕਾਂਗਰਸੀਆਂ ਨੇ ਸਤਿਕਾਰ ਕਮੇਟੀ ਵਾਲਿਆਂ ਦੇ ਰਾਹੀਂ ਮੈਨੂੰ ਘਰ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੈਂ ਉਨ੍ਹਾਂ ਦਾ ਵਿਰੋਧ ਨਾ ਕਰ ਸਕਾਂ।” ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ” ਹੁਣ ਮੈ 5-7 ਬੰਦੇ ਭੇਜ ਕੇ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਵਾਵਾਂਗਾ ਤੇ ਮੇਰੇ ਉਹ ਬੰਦੇ ਸਿੰਘ ਸਾਬ੍ਹ ਨੂੰ ਪੁੱਛਣਗੇ, ਕਿ ਮੇਰੇ ਲਈ ਕੀ ਹੁਕਮ ਹਨ? ਤੇ ਜੇਕਰ ਸਿੰਘ ਸਾਬ੍ਹ ਮੈਨੂੰ ਕਹਿਣਗੇ ਕਿ ਲੰਗਾਹ ਤੂੰ ਬਾਹਰ ਨਹੀਂ ਨਿੱਕਲਣਾ ਤਾਂ ਮੈ ਘਰ ਬੈਠ ਜਾਵਾਂਗਾ, ਤੇ ਜੇ ਉਹ ਕਹਿਣਗੇ ਕਿ ਲੰਗਾਹ ਤੂੰ ਪੰਜਾਬ ਤੋਂ ਬਾਹਰ ਚਲਾ ਜਾ ਤਾਂ ਮੈਂ ਪੰਜਾਬ ਤੋਂ ਬਾਹਰ ਚਲਾ ਜਾਵਾਂਗਾ ਕਿਉਂਕਿ ਮੇਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਤੋਂ ਉੱਪਰ ਕੁਝ ਵੀ ਨਹੀਂ ਹੈ, ਮੈਂ ਰੱਬ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹਾਂ।”