ਵਾਰਾਣਸੀ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਨੇ ਸਨ। ਇਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੋਂ ਇਲਾਵਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਕਈ ਕੇਂਦਰੀ ਮੰਤਰੀ ਵੀ ਉਸ ਕਮਰੇ ਵਿੱਚ ਮੌਜੂਦ ਸਨ ਜਿੱਥੇ ਨਾਮਜ਼ਦਗੀ ਕਾਗਜ ਭਰੇ ਜਾਣੇ ਸਨ। ਇਸ ਦੌਰਾਨ ਨਰਿੰਦਰ ਮੋਦੀ ਜਦੋਂ ਉਸ ਕਮਰੇ ਅੰਦਰ ਆਏ ਤਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਤਾਂ ਉਨ੍ਹਾਂ ਨਾਲ ਝੁੱਕ ਕੇ ਹੱਥ ਮਿਲਾਇਆ, ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਉਨ੍ਹਾਂ ਨੂੰ ਗ਼ੁਲਦਸ਼ਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਪਰ ਸਾਰਿਆਂ ਦੀ ਹੈਰਾਨੀ ਦਾ ਟਿਕਾਣਾ ਉਸ ਵੇਲੇ ਨਹੀਂ ਰਿਹਾ ਜਦੋਂ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਦਮ ਪੈਰੀ ਪੈ ਗਏ। ਇਹ ਪ੍ਰਧਾਨ ਮੰਤਰੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਉਮਰ ‘ਚ ਵੱਡੇ ਹੋਣ ਕਾਰਨ ਸਤਿਕਾਰ ਦਿੱਤਾ ਸੀ, ਜਿਸ ਨਜਾਰੇ ਨੂੰ ਕੈਮਰੇ ਦੀ ਅੱਖ ਨੇ ਉਸੇ ਵਕਤ ਕੈਦ ਕਰ ਲਿਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਦੀ ਅਜਿਹੀ ਭੰਬੀਰੀ ਬਣੀ ਕਿ ਲੋਕ ਇਨ੍ਹਾਂ ਤਸਵੀਰਾਂ ਨੂੰ ਵੇਖ ਵੇਖ ਵੱਖ ਵੱਖ ਫਿਕਰੇ ਕਸ ਰਹੇ ਹਨ।
ਕੋਈ ਕਹਿ ਰਿਹਾ ਹੈ ਕਿ ਜਰਾ ਯਾਦ ਕਰੋ ਨਰਿੰਦਰ ਮੋਦੀ ਦੀ ਪੰਜਾਬ ‘ਚ ਕੀਤੀ ਗਈ ਉਸ ਰੈਲੀ ਨੂੰ ਜਿਸ ਵਿੱਚ ਮੋਦੀ ਨੂੰ ਜਦੋਂ ਸਰਦਾਰੀ ਦੀ ਸ਼ਾਨ ਪੱਗ ਉਨ੍ਹਾਂ ਦੇ ਸਿਰ ‘ਤੇ ਸਜਾਈ ਗਈ ਸੀ ਤਾਂ ਉਸ ਵੇਲੇ ਮੋਦੀ ਨੇ ਉਹ ਪੱਗ ਵੀ ਇੱਕ ਸਕਿੰਡ ਤੋਂ ਵੱਧ ਸਿਰ ‘ਤੇ ਨਹੀਂ ਰੱਖੀ ਤੇ ਹੁਣ ਇੱਕ ਪੱਗ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਪੈ ਰਹੇ ਹਨ। ਕੋਈ ਕਹਿ ਰਿਹਾ ਹੈ ਸਭ ਵੋਟਾਂ ਦਾ ਸਟੰਟ ਹੈ, ਚੋਣਾਂ ਤੋਂ ਬਾਅਦ ਸਭ ਉੱਥੇ ਹੀ ਆ ਜਾਵੇਗਾ। ਇਹੋ ਨਰਿੰਦਰ ਮੋਦੀ ਨੇ ਸਰਦਾਰਾਂ ਨੂੰ ਪਛਾਣਨਾ ਵੀ ਨਹੀਂ, ਤੇ ਕੋਈ ਕੁਝ ਹੋਰ ਫਿਕਰੇ ਕਸ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਨ੍ਹਾਂ ਨੂੰ ਨਰਿੰਦਰ ਮੋਦੀ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਪੈਣਾ ਹਜ਼ਮ ਨਹੀਂ ਹੋ ਰਿਹਾ। ਹੁਣ ਸੱਚਾਈ ਕੀ ਹੈ ਇਹ ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਹਨ ਜਾਂ ਫਿਰ ਨਰਿੰਦਰ ਮੋਦੀ। ਪਰ ਇੰਨਾ ਸੱਚ ਹੈ ਕਿ ਨਰਿੰਦਰ ਮੋਦੀ ਦੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਸਾਂਝ ਬਹੁਤ ਪੁਰਾਣੀ ਹੈ। ਅਜਿਹੇ ਵਿੱਚ ਮੋਦੀ ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੇ ਸਿਰ ‘ਤੇ ਸਜਾਈ ਪੱਗ ਬੇਸ਼ੱਕ ਤੁਰੰਤ ਉਤਾਰ ਦਿੱਤੀ ਹੋਵੇ ਪਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਵੋਟਾਂ ਨੇੜੇ ਦੇਖ ਕੇ ਪੈ ਰਹੇ ਹਨ ਇਹ ਗੱਲ ਘੱਟੋ ਘੱਟ ਅਕਾਲੀਆਂ ਨੂੰ ਤਾਂ ਹਜ਼ਮ ਨਹੀਂ ਹੋਵੇਗੀ।