‘ਆਪ’ ਉਮੀਦਵਾਰ ਸ਼ੇਰਗਿੱਲ ਖਿਲਾਫ ਰਚੀ ਗਈ ਸੀ ਵੱਡੀ ਸਾਜ਼ਿਸ਼?

TeamGlobalPunjab
5 Min Read

 ਰੋਪੜ : ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਹੈ ਕਿ ‘ਆਪ’ ਦੇ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮੌਜੂਦਾ ਚੋਣਾਂ ਤੋਂ ਬਾਹਰ ਕੱਢਣ ਲਈ ਵੱਡੀ ਸਾਜ਼ਿਸ਼ ਰਚੀ ਗਈ ਸੀ। ਜਿਸ ਦਾ ਅਦਾਲਤ ਵੱਲੋਂ ਸ਼ੇਰਗਿੱਲ ਦੀ ਉਮੀਦਵਾਰੀ ਬਹਾਲ ਕੀਤੇ ਜਾਣ ਤੋਂ ਬਾਅਦ ਪਰਦਾ ਫਾਸ਼ ਹੋ ਗਿਆ ਹੈ। ਰਣਜੀਤ ਸਿੰਘ ਅਨੁਸਾਰ ਸ਼ੇਰਗਿੱਲ ਦੇ ਕਾਗਜ ਜਾਣ ਬੁੱਝ ਕੇ ਕੀਤੀ ਗਈ ਕਾਰਵਾਈ ਤਹਿਤ ਰੱਦ ਕੀਤੇ ਗਏ ਸਨ, ਪਰ ਆਖ਼ਰਕਾਰ ਸੱਚਾਈ ਦੀ ਜਿੱਤ ਹੋਈ ਹੈ, ਤੇ ਉਲਟਾ ਅਜਿਹਾ ਕਰਨ ਨਾਲ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਵੱਡੀ ਤਦਾਦ ਵਿੱਚ ਵਧਿਆ ਹੈ।

ਸਾਡੇ ਪੱਤਰਕਾਰ ਸੱਜਣ ਸਿੰਘ ਸੈਣੀ ਨਾਲ ਫੋਨ ‘ਤੇ ਕੀਤੀ ਗਈ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਸਾਡੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਮੁਹਾਲੀ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ, ਤੇ ਚੋਣ ਕਮਿਸ਼ਨ ਦੇ ਨਿਯਮ ਅਨੁਸਾਰ ਸ਼ੇਰਗਿੱਲ ਨੇ ਇਸ ਚੋਣ ਵਿੱਚ ਹੋਣ ਵਾਲੇ ਖਰਚਿਆਂ ਦੇ ਵੇਰਵੇ 45 ਦਿਨਾਂ ਦੇ ਅੰਦਰ-ਅੰਦਰ ਸਬੰਧਤ ਚੋਣ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਕੇ ਉਸ ਦੀ ਰਸੀਦ ਵੀ ਲੈ ਲਈ ਸੀ। ਪਰ ਇਸ ਦੇ ਬਾਵਜੂਦ ਸਾਲ 2018 ਵਿੱਚ ਚੋਣ ਕਮਿਸ਼ਨ ਨੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ, ਕਿ ਤੁਹਾਡੇ ਵੱਲੋਂ ਲੜੀ ਗਈ ਚੋਣ ਦੇ ਖਰਚਿਆਂ ਸਬੰਧੀ ਵੇਰਵੇ ਤੁਸੀਂ ਜਮ੍ਹਾਂ ਨਹੀਂ ਕਰਵਾਏ। ਲਿਹਾਜਾ ਤੁਹਾਨੂੰ 3 ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਂਦਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਇਸ ਉਪਰੰਤ ਨਰਿੰਦਰ ਸਿੰਘ ਸ਼ੇਰਗਿੱਲ ਨੇ ਨੋਟਿਸ ਭੇਜਣ ਵਾਲੇ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਉਹ ਰਸੀਦ ਦਿਖਾ ਦਿੱਤੀ ਜਿਹੜੀ ਕਿ ਉਨ੍ਹਾਂ ਨੂੰ ਖਰਚੇ ਦੇ ਵੇਰਵੇ ਜਮ੍ਹਾਂ ਕਰਵਾਉਣ ਮੌਕੇ ਕਮਿਸ਼ਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ। ਮੀਡੀਆ ਇੰਚਾਰਜ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਕਿਸੇ ਸਾਜ਼ਿਸ਼ ਅਧੀਨ ਅਧਿਕਾਰੀਆਂ ਨੇ ਸ਼ੇਰਗਿੱਲ ਵੱਲੋਂ ਜਮ੍ਹਾਂ ਕਰਵਾਏ ਗਏ ਖਰਚੇ ਦੇ ਵੇਰਵੇ ਆਪਣੀਆਂ ਕਿਤਾਬਾਂ ਵਿੱਚ ਅਪਡੇਟ ਨਹੀਂ ਕੀਤੇ, ਤੇ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਲੰਘੀ 30 ਅਪ੍ਰੈਲ ਨੂੰ ਚੋਣ ਅਧਿਕਾਰੀਆਂ ਨੇ ਉਨ੍ਹਾਂ ਹੀ ਖਰਚਿਆਂ ਦੇ ਵੇਰਵੇ ਜਮ੍ਹਾਂ ਨਾ ਕਰਵਾਉਣ ਦਾ ਹਵਾਲਾ ਦੇ ਕੇ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ ਅਯੋਗ ਕਰਾਰ ਦੇ ਦਿੱਤੇ।

ਰਣਜੀਤ ਸਿੰਘ ਨੇ ਕਿਹਾ ਕਿ ਇਹ ਬੇਹੱਦ ਹੈਰਾਨੀ ਅਤੇ ਸੋਚਣ ਵਾਲੀ ਗੱਲ ਹੈ ਕਿ ਜਾਂ ਤਾਂ ਸਾਰਾ ਸਿਸਟਮ ਭ੍ਰਿਸਟ ਹੋ ਚੁੱਕਿਆ ਹੈ ਤੇ ਜਾਂ ਫਿਰ ਬੇ-ਗ਼ੌਰਾ, ਕਿ ਇਹੋ ਜਿਹੇ ਅਹਿਮ ਮੁੱਦੇ ਨੂੰ ਵੀ ਨਜਰ ਅੰਦਾਜ ਕਰਦਿਆਂ ਸ਼ੇਰਗਿੱਲ ਦੇ ਖਰਚਿਆਂ ਦੇ ਵੇਰਵੇ ਹੀ ਕਿਤਾਬਾਂ ਵਿੱਚ ਨਹੀਂ ਚੜਾਏ ਗਏ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਵਿਰੁੱਧ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਰਣਜੀਤ ਸਿੰਘ ਅਨੁਸਾਰ ਉਹ ਅਜਿਹਾ ਇਸ ਲਈ ਵੀ ਕਹਿ ਰਹੇ ਹਨ ਕਿਉਂਕਿ ਜਦੋਂ ਸਾਲ 2018 ਦੌਰਾਨ ਚੋਣ ਕਮਿਸ਼ਨ ਨੇ ਸ਼ੇਰਗਿੱਲ ਨੂੰ ਨੋਟਿਸ ਭੇਜਿਆ ਸੀ ਤਾਂ ਉਨ੍ਹਾਂ ਵੱਲੋਂ ਕਮਿਸ਼ਨ ਅਧਿਕਾਰੀਆਂ ਨੂੰ ਰਸੀਦ ਦਿਖਾਏ ਜਾਣ ਤੋਂ ਬਾਅਦ ਇਸ ਲਈ ਚੁੱਪੀ ਧਾਰ ਲਈ ਗਈ ਸੀ, ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਹੁਣ ਚੋਣ ਕਮਿਸ਼ਨ ਦੀ ਗਲਤ ਫੈਹਿਮੀ ਦੂਰ ਹੋ ਗਈ ਹੈ, ਪਰ ਇਸ ਦੇ ਬਾਵਜੂਦ ਵੀ ਨਰਿੰਦਰ ਸਿੰਘ ਸ਼ੇਰਗਿੱਲ ਦੇ ਕਾਗਜ ਖਰਚਿਆਂ ਦੇ ਵੇਰਵੇ ਨਾ ਜਮ੍ਹਾਂ ਕਰਵਾਉਣ ਦੇ ਦੋਸ਼ ਲਾ ਕੇ ਰੱਦ ਕਰ ਦਿੱਤੇ ਗਏ। ਜੋ ਕਿ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਉਹ ਅਜਿਹਾ ਇਸ ਲਈ ਵੀ ਕਹਿ ਰਹੇ ਹਨ, ਕਿਉਂਕਿ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਇਸ ਵੇਲੇ ਇਕ ਨੁਕਾਤੀ ਏਜੰਡਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਨਾ ਕਿਵੇਂ ਰਾਜਨੀਤਕ ਪਲੇਟਫਾਰਮ ਤੋਂ ਲਾ ਦਿੱਤਾ ਜਾਵੇ। ਇਸੇ ਲਈ ਇਹ ਸਾਜ਼ਿਸ਼ ਰਚੀ ਗਈ ਹੈ।

‘ਆਪ’ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਖੂਫੀਆ ਰਿਪੋਰਟਾਂ ਵੀ ਇਹ ਕਹਿੰਦੀਆਂ ਹਨ ਕਿ ਇਸ ਸੀਟ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ‘ਆਪ’ ਇਹ ਮੰਨ ਰਹੀ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ ਦੇ ਕਾਗਜ ਸਾਜ਼ਿਸ਼ ਅਧੀਨ ਜਾਣ ਬੁੱਝ ਕੇ ਰੱਦ ਕਰਵਾਏ ਗਏ ਹਨ। ਰਣਜੀਤ ਸਿੰਘ ਅਨੁਸਾਰ ਇਸ ਤੋਂ ਬਾਅਦ ਜਦੋਂ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਣ ਲਈ ਸ਼ਰਨ ਲਈ, ਤਾਂ ਉੱਥੇ ਵੀ ਉਨ੍ਹਾਂ ਖਿਲਾਫ ਸਾਢੇ 6 ਘੰਟੇ ਦੀ ਬਹਿਸ ਕਰਕੇ ਸ਼ੇਰਗਿੱਲ ਵਿਰੁੱਧ ਲਏ ਗਏ ਫੈਸਲੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਦਾਲਤ ਨੇ ਰੂਪਨਗਰ ਦੇ ਡੀਸੀ ਨੂੰ ਵੀ ਇਹ ਹੁਕਮ ਦੇ ਦਿੱਤੇ, ਕਿ ਉਨ੍ਹਾਂ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਗਲਤ ਸੀ। ਰਣਜੀਤ ਸਿੰਘ ਨੇ ਕਿਹਾ ਕਿ ਹਾਈ ਕੋਰਟ ਨੇ ਚੋਣ ਅਧਿਕਾਰੀਆਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ, ਕਿ ਹੁਣ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਲੜ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਨਾਮਜ਼ਦਗੀ ਬਿਲਕੁਲ ਯੋਗ ਹੈ। ਉਨ੍ਹਾਂ ਕਿਹਾ ਕਿ ਉਹ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ  ਉਲਟਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੀ ਹੋਇਆ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਰਟੀ ਦਾ 10 ਤੋਂ 15 ਪ੍ਰਤੀਸ਼ਤ ਵੋਟ ਬੈਂਕ ਵਧਿਆ ਹੈ।

- Advertisement -

Share this Article
Leave a comment