ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਅੱਠਵਾਂ ਰਾਗ ‘ਵਡਹੰਸ’ – ਡਾ. ਗੁਰਨਾਮ ਸਿੰਘ

TeamGlobalPunjab
9 Min Read

ਗੁਰੂ ਸਾਹਿਬਾਨ ਨੇ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਦੇ ਦੇਸੀ ਰਾਗਾਂ ਦਾ ਭਰਪੂਰ ਪ੍ਰਯੋਗ ਕੀਤਾ ਹੈ। ਰਾਗਾਂ ਦੇ ਸਿਰਲੇਖ ਕੇਵਲ ਉਲੇਖ ਮਾਤਰ ਨਹੀਂ ਨਾ ਹੀ ਇਹ ਕੇਵਲ ਕਿਸੇ ਪਰੰਪਰਾਗਤ ਰੀਤ ਦਾ ਅਨੁਸਾਰਣ ਹੈ ਸਗੋਂ ਮੱਧਕਾਲੀਨ ਭਾਰਤੀ ਪਰੰਪਰਾ ਦੇ ਸੰਤਾਂ ਭਗਤਾਂ ਤੇ ਵਿਸ਼ੇਸ਼ ਕਰ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਈ ਰਾਗਾਂ ਦੀ ਚੋਣ ਉਨ੍ਹਾਂ ਦੀ ਪ੍ਰਕ੍ਰਿਤੀ ਅਨੁਸਾਰ ਕੀਤੀ। ਅਕਸਰ ਅਜੋਕੇ ਰਾਗ ਦੀ ਪਛਾਣ ਵਿਹੂਣੇ ਵਿਅਕਤੀ ਸੁਆਲ ਕਰਿਆ ਕਰਦੇ ਹਨ ਕਿ ਕੀ ਇਹ ਸਾਰੇ ਸੰਤ ਭਗਤਾਂ ਤੇ ਗੁਰੂਆਂ ਨੇ ਕਿਥੋਂ ਸਿੱਖਿਆ।…


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -8

8. ਵਡਹੰਸ ਰਾਗ 

ਡਾ. ਗੁਰਨਾਮ ਸਿੰਘ*

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਕ੍ਰਮ ਵਿੱਚ ਵਡਹੰਸ ਰਾਗ ਦਾ ਅੱਠਵਾਂ ਸਥਾਨ ਹੈ। ਗੁਰਮਤਿ ਸੰਗੀਤ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਵਡਹੰਸ ਬਾਰੇ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ:

- Advertisement -

ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥

ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੫੮੫)

ਗੁਰਮਤਿ ਸੰਗੀਤ ਮੂਲ ਤੌਰ ‘ਤੇ ਸ਼ਾਸਤਰੀ ਸੰਗੀਤ ਤੇ ਲੋਕ ਸੰਗੀਤ ਦਾ ਸੁਮੇਲ ਹੈ ਜਿਸ ਵਿੱਚ ਪਰਸ਼ੀਅਨ ਮਿਊਜ਼ਿਕ ਤੇ ਦੋਵੇਂ ਭਾਰਤੀ ਸੰਗੀਤ ਪੱਧਤੀਆਂ ਤੋਂ ਇਲਾਵਾ ਭਾਰਤੀ ਕੀਰਤਨ ਪਰੰਪਰਾਵਾਂ ਦੇ ਦੀਦਾਰ ਵੀ ਹੁੰਦੇ ਹਨ ਪਰ ਸਾਰੀਆਂ ਪਿਠਵਰਤੀ ਤੇ ਸਹਿ ਸੰਗੀਤਕ ਪਰੰਪਰਾਵਾਂ ਨੂੰ ਗੁਰਮਤਿ ਸੰਗੀਤ ਵਿਧਾਨ ਦਾ ਅਨੁਸਾਰੀ ਬਣਾਕੇ ਹੀ ਕਾਰਜਸ਼ੀਲ ਕੀਤਾ ਗਿਆ। ਇਥੇ ਕੋਈ ਵੀ ਸੰਗੀਤਕ ਪਰੰਪਰਾ ਆਪਣੀ ਮੂਲ ਧਾਰਾ ਅਨੁਸਾਰ ਵਖਰੀ ਨਹੀਂ ਵਹਿੰਦੀ ਸਗੋਂ ਉਹ ਸ਼ਬਦ ਕੀਰਤਨ ਦੇ ਅੰਗ ਤੇ ਰੰਗ ਵਿੱਚ ਰੰਗੀਜ ਹੋ ਕੇ ਪ੍ਰਕਾਸ਼ਮਾਨ ਹੁੰਦੀ ਹੈ।

ਗੁਰੂ ਸਾਹਿਬਾਨ ਨੇ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਦੇ ਦੇਸੀ ਰਾਗਾਂ ਦਾ ਭਰਪੂਰ ਪ੍ਰਯੋਗ ਕੀਤਾ ਹੈ। ਰਾਗਾਂ ਦੇ ਸਿਰਲੇਖ ਕੇਵਲ ਉਲੇਖ ਮਾਤਰ ਨਹੀਂ ਨਾ ਹੀ ਇਹ ਕੇਵਲ ਕਿਸੇ ਪਰੰਪਰਾਗਤ ਰੀਤ ਦਾ ਅਨੁਸਾਰਣ ਹੈ ਸਗੋਂ ਮੱਧਕਾਲੀਨ ਭਾਰਤੀ ਪਰੰਪਰਾ ਦੇ ਸੰਤਾਂ ਭਗਤਾਂ ਤੇ ਵਿਸ਼ੇਸ਼ ਕਰ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਈ ਰਾਗਾਂ ਦੀ ਚੋਣ ਉਨ੍ਹਾਂ ਦੀ ਪ੍ਰਕ੍ਰਿਤੀ ਅਨੁਸਾਰ ਕੀਤੀ। ਅਕਸਰ ਅਜੋਕੇ ਰਾਗ ਦੀ ਪਛਾਣ ਵਿਹੂਣੇ ਵਿਅਕਤੀ ਸੁਆਲ ਕਰਿਆ ਕਰਦੇ ਹਨ ਕਿ ਕੀ ਇਹ ਸਾਰੇ ਸੰਤ ਭਗਤਾਂ ਤੇ ਗੁਰੂਆਂ ਕੋਲ ਰਾਗ ਦੀ ਕੀ ਟਰੇਕਿਪਾ ਸੀ, ਕਿਥੋਂ ਸਿੱਖਿਆ। ਸੁਆਲ ਹੈ ਭਾਰਤੀ ਪਰੰਪਰਾ ‘ਚੋਂ ਕਿਉਂ ਉਸ ਸਮੇਂ ਸੰਗੀਤ ਨੂੰ ਰਾਗ ਦੁਆਰਾ ਪਛਾਣਨ ਦੀ ਵਿਧੀ ਸੀ। ਹੁਣ ਅਸੀਂ ਵੀ ਸਮਕਾਲੀ ਸੰਗੀਤ ਦੀ ਪਛਾਣ ਆਪਣੇ ਅਨੁਭਵ ਤੇ ਪਰੰਪਰਾ ‘ਚੋਂ ਹੀ ਕਰਦੇ ਹਾਂ। ਜਿਵੇਂ ਸੰਤਾਂ ਭਗਤਾਂ ਨੂੰ ਬਾਣੀ ਦੀ ਇਲਾਹੀ ਆਮਦ ਹੋਈ ਤਿਵੇਂ ਹੀ ਉਨ੍ਹਾਂ ਇਸ ਦੇ ਸੁਰਾਤਮਕ ਰੂਹਾਨੀ ਰੰਗ ਦੇ ਰੂਪ ਵਿੱਚ ਰਾਗ ਵੀ ਚੁਣੇ।

ਮਰਦਾਨੇ ਰਬਾਬ ਵਜਾਇਆ। ਰਾਗ ਵਡਹੰਸ ਵਿੱਚ ਬਾਬੇ ਸਬਦਿ ਉਠਾਇਆ।

- Advertisement -

ਰਾਗੁ ਵਡਹੰਸੁ॥ ਅਮਲੀ ਅਮਲੁ ਨ ਅੰਮੜੇ ਮਛਲੀ ਨੀਰ ਨ ਹੋਇ॥

ਇਸ ਤਰ੍ਹਾਂ ਦੇ ਅਨੇਕ ਹਵਾਲੇ ਸ਼ਬਦ ਤੇ ਰਾਗ ਦੇ ਗਹਿਰੇ ਤੇ ਅਨਿਖੜ ਸਬੰਧ ਨੂੰ ਪ੍ਰਗਟਾਉਂਦੇ ਤੇ ਦ੍ਰਿੜਾਉਂਦੇ ਹਨ। ਰਾਗਾਂ ਦੀ ਸਮਝ ਜਾਂ ਇਨ੍ਹਾਂ ਬਾਰੇ ਅਗਿਆਨਤਾ ਸਾਡੀ ਸਮਸਿਆ ਹੋ ਸਕਦੀ ਹੈ ਸਾਡੀ ਵਿਰਾਸਤੀ ਪਰੰਪਰਾ ਦੀ ਨਹੀਂ।

ਗੁਰੂ ਸਾਹਿਬ ਨੇ ਤਾਂ ਕੇਵਲ ਰਾਗ ਸਿਰਲੇਖ ਹੀ ਨਹੀਂ ਦਿਤੇ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗਾਤਮਕ ਸੰਕਲਨ ਕਰਕੇ ਇੱਕ ਨਿਸ਼ਚਿਤ ਸੰਗੀਤ ਵਿਧਾਨ ਦਿਤਾ ਜਿਸ ਦੇ ਅਨੁਸਾਰੀ ਹੋ ਸ਼ਬਦ ਭਾਵ ਬਾਣੀ ਦਾ ਕੀਰਤਨ ਕਰਨਾ ਹੈ। ਇਸੇ ਉਦੇਸ਼ ਲਈ ਸਨਾਤਨੀ ਤੇ ਦੇਸੀ ਰਾਗਾਂ ਦਾ ਪ੍ਰਯੋਗ ਹੋਇਆ। ਵਡਹੰਸ ਵੀ ਇਸ ਦੇਸੀ ਰਾਗ ਪਰੰਪਰਾ ਦਾ ਵਿਸ਼ੇਸ਼ ਰਾਗ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਤਰਤੀਬ ਵਿੱਚ ਅੱਠਵਾਂ ਰਾਗ ਹੈ ਜੋ ਕਿ ਪੰਨਾ 557 ‘ਤੇ ਅੰਕਿਤ ਹੈ। ਭਗਤਾਂ ਦੀ ਬਾਣੀ ਇਸ ਰਾਗ ਵਿੱਚ ਨਹੀਂ ਮਿਲਦੀ। ਪ੍ਰਥਮ ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਵਿੱਚ ਪਦੇ, ਛੰਤ, ਅਲਾਹੁਣੀਆਂ ਦਾ ਉਚਾਰਣ ਕੀਤਾ। ਤੀਸਰੇ ਗੁਰੂ ਅਮਰਦਾਸ ਜੀ ਨੇ ਪਦੇ, ਛੰਤ, ਅਲਾਹੁਣੀਆਂ, ਚੌਥੇ ਗੁਰੂ ਰਾਮਦਾਸ ਜੀ ਨੇ ਪਦੇ, ਛੰਤ, ਘੋੜੀਆਂ, ਵਾਰ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਪਦੇ, ਬਾਣੀ ਰਚਨਾਵਾਂ ਦੀ ਰਚਨਾ ਕੀਤੀ। ਅਲਾਹੁਣੀਆਂ ਤੇ ਘੋੜੀਆਂ ਦੋ ਪੰਜਾਬੀ ਲੋਕ ਸੰਗੀਤ ਰੰਗਾਂ ਦਾ ਪ੍ਰਯੋਗ ਇਸ ਰਾਗ ਵਿੱਚ ਹੀ ਮਿਲਦਾ ਹੈ। ਅਲਾਹੁਣੀਆਂ ਗਾਇਨ ਦੀ ਪਰੰਪਰਾ ਪੰਜਾਬੀ ਲੋਕ ਧਾਰਾ ਵਿੱਚ ਪ੍ਰਾਣੀ ਦੇ ਅੰਤਮ ਸਮੇਂ ਦੀਆਂ ਰਸਮਾਂ ਨਾਲ ਜੁੜੀ ਹੋਈ ਹੈ ਅਤੇ ਘੋੜੀਆਂ ਵਿਆਹ ਸਮੇ ਗਾਈਆਂ ਜਾਂਦੀਆਂ ਹਨ। ਗੁਰਮਤਿ ਸੰਗੀਤ ਦੀ ਕੀਰਤਨ ਪਰੰਪਰਾ ਵਿੱਚ ਅਲਾਹਣੀਆਂ ਨੂੰ ਅਕਾਲ ਚਲਾਣੇ ਦੀ ਕੀਰਤਨ ਚੌਕੀ ਅਤੇ ਘੋੜੀਆਂ ਨੂੰ ਅਨੰਦ ਕਾਰਜ ਦੀ ਕੀਰਤਨ ਚੌਕੀ ਦਾ ਅੰਗ ਬਣਾਇਆ ਗਿਆ ਹੈ। ਇਸ ਸਬੰਧ ਵਿੱਚ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗੁਰੂ ਰਾਮ ਦਾਸ ਜੀ ਜੋਤੀ ਜੋਤਿ ਸਮਾਉਣ ਦਾ ਇੱਕ ਹਵਾਲਾ ਉਲੇਖਯੋਗ ਹੈ:

ਦੋਹਰਾ  ਵਡਹੰਸ ਵਾਰ ਪ੍ਰਿਥਮੇ ਪੜੋ ਪੁਨਿ ਮਾਰੂ ਪੜ੍ਹਿ ਵਾਰ॥

ਰਾਗ ਰਬਾਬੀ ਅਧਿਕ ਤਹਿ ਚੌਕੀ ਕਰੈ ਅਪਾਰ॥923॥ (…)

– ਭਾਈ ਬੁੱਢਾ ਲਾਇ ਦੀਵਾਨ॥ ਸੁਨਤ ਸ਼ਬਦ ਮਾਰੂ ਧਰ ਧਿਆਨ॥780॥ (…)

ਦੋਹਰਾ  ਸਾਹਿਬ ਬੁੱਢੇ ਯੌਂ ਕਹਾ ਅਲਾਣੀ ਪੜ੍ਹੋ ਸੁਹਾਇ॥

ਰਬਾਬੀ ਰਾਗ ਮਿਲਾਇ ਕੈ ਪੜ੍ਹੀ ਅਧਿਕ ਚਿਤ ਲਾਇ॥926॥

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਨੂੰ ਖਮਾਜ ਥਾਟ ਦੇ ਅੰਤਰਗਤ ਰੱਖਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਵਡਹੰਸ ਰਾਗ ਸਬੰਧੀ ਲਿਖਦੇ ਹਨ, ਇਹ ਖਮਾਚ ਥਾਟ ਦਾ ਸੰਪੂਰਨ ਰਾਗ ਹੈ, ਇਸ ਰਾਗ ਵਿੱਚ ਨਿਸ਼ਾਦ ਦੋਵੇਂ ਲਗਦੇ ਹਨ, ਬਾਕੀ ਸ਼ੁੱਧ ਸੁਰ ਲਗਦੇ ਹਨ, ਪੰਚਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ; ਇਸ ਦਾ ਸਰੂਪ ਰਾਗ ਬਰਵੇ ਨਾਲ ਮੇਲ ਖਾਂਦਾ ਹੈ। ਵਡਹੰਸ ਨੂੰ ‘ਦਿਨ ਦਾ ਦੇਸ’ ਵੀ ਕਿਹਾ ਜਾਂਦਾ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਅਤੇ ਰਾਤ ਦਾ ਦੂਜਾ ਪਹਿਰ ਵੀ ਲਿਖਿਆ ਗਿਆ ਹੈ। ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਨੂੰ ‘ਵਡਹੰਸਿਕਾ’ ਨਾਮ ਦਿੱਤਾ ਗਿਆ ਹੈ।

ਗੁਰਮਤਿ ਸੰਗੀਤ ਦੇ ਆਚਾਰੀਆ ਪ੍ਰੋ. ਤਾਰਾ ਸਿੰਘ, ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਅਤੇ ਵਰਤਮਾਨ ਗੁਰਮਤਿ ਸੰਗੀਤ ਵਿਦਵਾਨਾਂ ਨੇ ਵਡਹੰਸ ਨੂੰ ਖਮਾਜ ਥਾਟ ਦਾ ਰਾਗ ਸਵੀਕਾਰਿਆ ਹੈ। ਇਸ ਦੇ ਆਰੋਹ ਵਿੱਚ ਗੰਧਾਰ ਸੁਰ ਨੂੰ ਵਰਜਿਤ ਰੱਖਿਆ ਹੈ ਜਿਸ ਕਾਰਜ ਇਸ ਦੀ ਜਾਤੀ ਸ਼ਾੜਵ-ਸੰਪੂਰਨ ਮੰਨੀ ਗਈ ਹੈ। ਇਸ ਵਿੱਚ ਵਾਦੀ ਸੁਰ ਪੰਚਮ, ਸੰਵਾਦੀ ਰਿਸ਼ਭ ਹੈ। ਇਸ ਵਿੱਚ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦਾ ਗਾਇਨ ਸਮਾਂ ਦੁਪਹਿਰ ਦਾ ਮੰਨਿਆ ਗਿਆ ਹੈ। ਆਰੋਹ : ਸ ਰੇ ਮ ਪ, ਧ ਨੀ (ਕੋਮਲ) ਪ, ਨੀ ਸਂ (ਤਾਰ ਸਪਤਕ), ਅਵਰੋਹ : ਸਂ (ਤਾਰ ਸਪਤਕ), ਨੀ (ਕੋਮਲ) ਪ, ਧ ਮ ਗ ਰੇ, ਸ ਨੀ (ਮੰਦਰ ਸਪਤਕ) ਸ, ਮੁੱਖ ਅੰਗ : ਸ ਰੇ ਮ ਪ ਨੀ (ਕੋਮਲ) ਪ, ਧ ਮ ਗ ਰੇ, ਸ ਨੀ (ਮੰਦਰ ਸਪਤਕ) ਪ ਨੀ (ਮੰਦਰ ਸਪਤਕ) ਸ। ਵਡਹੰਸ ਰਾਗ ਦਾ ਸਮਪ੍ਰਕ੍ਰਿਤਿਕ ਰਾਗ ਦੇਸ ਹੈ। ਇਸ ਤੋਂ ਇਲਾਵਾ ਇਸ ਰਾਗ ਵਿੱਚ ਤਿਲਕ ਕਾਮੋਦ ਤੇ ਬਰਵਾ ਰਾਗਾਂ ਦੀ ਛਾਇਆ ਵੀ ਮਿਲਦੀ ਹੈ।

ਵਡਹੰਸ ਦਾ ਇੱਕ ਦਖਣੀ ਰੂਪ ਵਡਹੰਸ ਦੱਖਣੀ ਵੀ ਗੁਰਬਾਣੀ ਵਿੱਚ ਪ੍ਰਯੋਗ ਕੀਤਾ ਗਿਆ ਹੈ ਜੋ ਪੰਨਾ ੫੮0 ਉਪਰ ਅੰਕਿਤ ਹੈ। ਇਸ ਰਾਗ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹ ਰਾਗ ਉੱਤਰ ਭਾਰਤੀ ਪੱਧਤੀ ਦਾ ਨਾ ਹੋ ਕੇ ਦੱਖਣੀ ਭਾਰਤੀ ਸੰਗੀਤ ਪੱਧਤੀ ਦਾ ਰਾਗ ਹੈ। ਇਸ ਰਾਗ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਪੰਨਾ ੫੮0 ਉਪਰ ਵਡਹੰਸ ਮਹਲਾ ਦਖਣੀ ਦੇ ਸਿਰਲੇਖ ਅਧੀਨ ਦਰਜ ਹੈ।

ਗੁਰਮਤਿ ਸੰਗੀਤ ਪਰੰਪਰਾ ਵਿੱਚ ਇਸ ਰਾਗ ਦੀ ਉਤਪਤੀ ਦੱਖਣੀ ਭਾਰਤ ਵਿੱਚ ਪ੍ਰਚਲਿਤ ਰਾਗ ਬਾਲਹੰਸ ਤੋਂ ਮੰਨੀ ਗਈ ਹੈ ਜਿਸ ਨੂੰ ਦੱਖਣੀ ਪੱਧਤੀ ਦੇ ਪ੍ਰਸਿੱਧ ਮੇਲ ਹਰਿਕਾਂਭੋਜੀ ਦੇ ਅੰਤਰਗਤ ਮੰਨਿਆ ਗਿਆ ਹੈ। ਇਸ ਦੀ ਜਾਤੀ ਔੜਵ-ਵਕਰ ਸੰਪੂਰਣ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਪੰਚਮ ਅਤੇ ਸੰਵਾਦੀ ਸੁਰ ਸ਼ੜਜ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਮੰਨਿਆ ਜਾਂਦਾ ਹੈ। ਇਸ ਵਿੱਚ ਨਿਸ਼ਾਦ ਸੁਰ ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁੱਧ ਵਰਤੇ ਜਾਂਦੇ ਹਨ। ਵਡਹੰਸ ਦੇ ਸਰੂਪ ਨੂੰ ਗੁਰਮਤਿ ਸੰਗੀਤ ਆਚਾਰੀਆ ਪ੍ਰੋਫ਼ੈਸਰ ਤਾਰਾ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਅਤੇ ਹੋਰ ਵਿਦਵਾਨਾਂ ਨੇ ਵੀ ਪ੍ਰਵਾਨ ਕੀਤਾ ਹੈ। ਇਨ੍ਹਾਂ ਸਰੋਤਾਂ ਤੋਂ ਇਹ ਰਾਗ ਸਰੂਪ ਵੇਖੇ ਜਾ ਸਕਦੇ ਹਨ।

ਵਡਹੰਸ ਰਾਗ ਨੂੰ ਭਾਈ ਅਵਤਾਰ ਸਿੰਘ, ਭਾਈ ਬਲਬੀਰ ਸਿੰਘ, ਭਾਈ ਬਖਸ਼ਿਸ਼ ਸਿੰਘ, ਡਾ. ਗੁਰਨਾਮ ਸਿੰਘ, ਭਾਈ ਧਰਮ ਸਿੰਘ ਜ਼ਖ਼ਮੀ, ਭਾਈ ਪ੍ਰਿਥੀਪਾਲ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ ਨੇ ਗਾਇਨ ਕੀਤਾ ਹੈ ਅਤੇ ਇਸ ਰਾਗ ਵਿੱਚ www.gurmatsangeetpup.com, www.sikh-relics.com, www.jawadditaksal.org, www.sikhsangeet.com, www.vismaadnaad.org ਵੈਬਸਾਈਟਸ ‘ਤੇ ਸ਼ਬਦ ਕੀਰਤਨ ਮਿਲਦਾ ਹੈ।     

*drgnam@yahoo.com

Share this Article
Leave a comment