ਪਾਰਟੀ ‘ਚੋ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਕਰਮਜੀਤ ਚੌਧਰੀ ਦਾ ਬਿਆਨ; ‘ਮੇਰੀ ਮਾਂ ਨੇ ਵੀ ਪ੍ਰਿਅੰਕਾ ਗਾਂਧੀ ਦੀ ਮਾਂ ਵਾਂਗ ਆਪਣਾ ਮੰਗਲਸੂਤਰ ਕੁਰਬਾਨ ਕੀਤਾ’

Prabhjot Kaur
4 Min Read

ਫਿਲੌਰ: ਕਾਂਗਰਸ ਪਾਰਟੀ ਵੱਲੋਂ ‘ਪਾਰਟੀ ਵਿਰੋਧੀ ਗਤੀਵਿਧੀਆਂ’ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਦਹਾਕਿਆਂ ਤੋਂ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਸਮਾਨਾਰਥੀ ਹੈ ਅਤੇ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵਾਂਗ ਆਪਣਾ ਮੰਗਲਸੂਤਰ ਕੁਰਬਾਨ ਕੀਤਾ, ਪਰ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੀ ਕੁਰਬਾਨੀ ਦਾ ਸਤਿਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਜ਼ਲੀਲ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਦੇਸ਼ ਲਈ ਆਪਣਾ ਮੰਗਲਸੂਤਰ ਕੁਰਬਾਨ ਕੀਤਾ ਸੀ।

ਵਿਧਾਇਕ ਚੌਧਰੀ ਨੇ ਜ਼ੋਰ ਦੇ ਕੇ ਆਖਿਆ ਕਿ ਦੇਸ਼ ਸੋਨੀਆ ਗਾਂਧੀ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਦਾ ਹੈ ਪਰ ਕਾਂਗਰਸ ਲੀਡਰਸ਼ਿਪ ਨੂੰ ਵੀ ਨਹਿਰੂ-ਗਾਂਧੀ ਪਰਿਵਾਰ ਤੋਂ ਇਲਾਵਾ ਹੋਰਨਾਂ ਆਗੂਆਂ ਦੀਆਂ ਕੁਰਬਾਨੀਆਂ ਨੂੰ ਉੰਨਾ ਹੀ ਸਤਿਕਾਰ ਦੇਣਾ ਚਾਹੀਦਾ ਹੈ। ਉਹਨਾਂ ਆਖਿਆ, “ਮੇਰੇ ਪਿਤਾ ਸੰਤੋਖ ਸਿੰਘ ਚੌਧਰੀ ਜੀ ਨੇ ਰਾਹੁਲ ਗਾਂਧੀ ਜੀ ਨਾਲ ਚੱਲਦੇ ਹੋਏ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਜਾਨ ਦਿੱਤੀ। ਮੇਰੀ ਮਾਂ ਦੇ ਬਲਿਦਾਨ ਨਾਲ ਹਮਦਰਦੀ ਜਤਾਉਣ ਦੀ ਬਜਾਏ, ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਉਹਨਾਂ ਦਾ ਅਪਮਾਨ ਕੀਤਾ ਤੇ ਆਖਿਆ ਕਿ ਚੌਧਰੀ ਸਾਹਿਬ ਦੀ ਮੌਤ ਤਾਂ ਉਮਰ ਜ਼ਿਆਦਾ ਹੋਣ ਕਰਕੇ ਹੋਈ। ਕਾਂਗਰਸ ਪਾਰਟੀ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹੁਤ ਨੇਤਾਵਾਂ ਦੇ ਲਹੂ ਨਾਲ ਸਿੰਜੀ ਗਈ ਹੈ, ਪਰ ਅਜਿਹਾ ਨਹੀਂ ਹੋ ਸਕਦਾ ਕਿ ਇਕ ਕੁਰਬਾਨੀ ਦੀ ਕਦਰ ਕੀਤੀ ਜਾਵੇ ਤੇ ਬਾਕੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।” ਉਹਨਾਂ ਕਿਹਾ ਕਿ ਪਾਰਟੀ ਖਿਲਾਫ ਕੰਮ ਕਰਨ ਤੇ ਚੋਣ ਲੜਨ ਵਾਲਿਆਂ ਨੂੰ ਟਿਕਟਾਂ ਨਾਲ ਨਵਾਜਿਆ ਜਾਂਦਾ ਹੈ, ਜਦੋਂ ਕਿ ਦਹਾਕਿਆਂ ਤੋਂ ਪਾਰਟੀ ਦੇ ਵਫ਼ਾਦਾਰ ਸਿਪਾਹੀਆਂ ਨੂੰ ਮੁਅੱਤਲ ਕੀਤਾ ਜਾਂਦਾ ਹੈ।

ਪਾਰਟੀ ‘ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਉਂਦੇ ਹੋਏ ਫਿਲੌਰ ਵਿਧਾਇਕ ਨੇ ਪੰਜਾਬ ‘ਚ ਟਿਕਟਾਂ ਦੀ ਵੰਡ ‘ਚ ਗੜਬੜੀਆਂ ਵੱਲ ਧਿਆਨ ਦਿਵਾਇਆ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਐਲਾਨੀਆਂ ਗਈਆਂ 8 ਲੋਕ ਸਭਾ ਟਿਕਟਾਂ ਵਿੱਚੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਡਾ. ਅਮਰ ਸਿੰਘ ਨੂੰ ਛੱਡ ਕੇ ਬਾਕੀ 6 ਟਿਕਟਾਂ ਅਜਿਹੇ ਵਿਅਕਤੀਆਂ ਨੂੰ ਗਈਆਂ ਹਨ ਜੋ ਪਹਿਲਾਂ ਕਾਂਗਰਸ ਵਿਰੁੱਧ ਚੋਣ ਲੜ ਚੁੱਕੇ ਸਨ ਅਤੇ ਅਗਲੀ ਸੂਚੀ ਵਿੱਚ ਵੀ ਉਹ ਨੇਤਾ ਹੋਣਗੇ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਇਆ ਸੀ।

- Advertisement -

ਕਾਂਗਰਸ ਵੱਲੋਂ ਦਲਿਤ ਆਗੂਆਂ ਨਾਲ ਕੀਤੇ ਸਲੂਕ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦੇ ਦਲਿਤ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਕੁੱਲ 34 ਵਿੱਚੋਂ ਸਿਰਫ਼ 5 ਰਾਖਵੇਂ ਹਲਕੇ ਹੀ ਜਿੱਤੇ ਸਨ ਅਤੇ ਬਹੁਤ ਸਾਰੇ ਦਲਿਤ ਆਗੂਆਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਵਿਧਾਇਕ ਚੌਧਰੀ ਨੇ ਵਿਸ਼ੇਸ਼ ਤੌਰ ‘ਤੇ ਮਹਿੰਦਰ ਸਿੰਘ ਕੇਪੀ, ਮਲਕੀਤ ਸਿੰਘ ਦਾਖਾ, ਅਜਾਇਬ ਸਿੰਘ ਭੱਟੀ, ਨੱਥੂ ਰਾਮ, ਸਤਕਾਰ ਕੌਰ, ਰਣਜੀਤ ਕੌਰ ਭੱਟੀ ਅਤੇ ਤਰਸੇਮ ਸਿੰਘ ਡੀਸੀ ਵਰਗੇ ਦਲਿਤ ਆਗੂਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ।

ਇਸ ਤੋਂ ਇਲਾਵਾ, ਵਿਧਾਇਕ ਚੌਧਰੀ ਨੇ ਚੰਨੀ ‘ਤੇ ਮੁੱਖ ਮੰਤਰੀ ਵਜੋਂ ਨਿੱਜੀ ਵਿਦਿਅਕ ਸੰਸਥਾਵਾਂ ਨਾਲ ਮਿਲੀਭੁਗਤ ਕਰਨ ਅਤੇ ਅਨੁਸੂਚਿਤ ਜਾਤੀ ਵਜ਼ੀਫ਼ਾ ਘੁਟਾਲੇ ਵਿਚ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਬਜਾਏ, ਚੰਨੀ ਨੇ ਇਸ ਮਾਮਲੇ ਨੂੰ ਇੱਕ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾ ਕੇ ਰਫ਼ਾ ਦਫ਼ਾ ਕੀਤਾ ਤੇ ਆਪਣੀ ਉੱਚ ਸਿੱਖਿਆ ਵਜ਼ੀਫ਼ਿਆਂ ‘ਤੇ ਨਿਰਭਰ ਦਲਿਤ ਵਿਦਿਆਰਥੀਆਂ ਨਾਲ ਧੋਖਾ ਕੀਤਾ।

Share this Article
Leave a comment