ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਪਹਿਲੀ ਪਾਤਸ਼ਾਹੀ ਦੇ ਸ਼ਰਧਾਲੂਆਂ ਦੇ ਮਨਾਂ ਅੰਦਰ ਹੋਰ ਉਤਸੁਕਤਾ ਵਧ ਗਈ ਹੈ। ਖ਼ਾਨ ਨੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸ਼ਰਧਾਲੂ ਗਰਦਾਨਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਕਰਤਾਰਪੁਰ ਸਾਹਿਬ ਨੇ ਪਲਕਾਂ ਵਿਛਾ ਦਿੱਤੀਆਂ ਹਨ। ਇਮਰਾਨ ਖ਼ਾਨ ਨੇ ਕਰਤਾਰਪੁਰ ਦੀਆਂ ਤਸਵੀਰਾਂ ਵੀ ਆਪਣੇ ਟਵਿਟਰ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਉਹਨਾਂ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ਉਹ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ। ਟਵੀਟ ’ਚ ਲਾਂਘੇ ਦੀ ਉਸਾਰੀ ਦਾ ਕੰਮ ਵੇਲੇ ਸਿਰ ਨੇਪਰੇ ਚਾੜ੍ਹਨ ਲਈ ਆਪਣੀ ਸਰਕਾਰ ਦੀ ਸਰਾਹਨਾ ਵੀ ਕੀਤੀ ਹੈ। ਹਾਲਾਂਕਿ ਉਹਨਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਆਗੂ ਅਹਿਸਾਨ ਇਕਬਾਲ ਨੇ ਕਿਹਾ ਕਿ ਇਮਰਾਨ ਖ਼ਾਨ ਵੱਲੋਂ ਭਾਰਤ ਤੋਂ ਮੁਲਕ ’ਚ ਆਉਣ ਵਾਲੇ ਸਿੱਖਾਂ ਨੂੰ ਪਾਸਪੋਰਟ ਤੋਂ ਬਿਨਾਂ ਦਾਖ਼ਲਾ ਦੇਣ ਦੀ ਇਜਾਜ਼ਤ ਦੇ ਕਦਮ ਗ਼ਲਤ ਹਨ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਚੰਗਾ ਕਦਮ ਹੈ ਪਰ ਭਾਰਤੀਆਂ ਤੋਂ ਪਾਸਪੋਰਟ ਦੀ ਸ਼ਰਤ ਹਟਾਉਣਾ ਬਹੁਤ ਵੱਡੀ ਭੁੱਲ ਹੈ। ਸਭ ਕੁਝ ਦੀ ਪ੍ਰਵਾਹ ਕੀਤੇ ਬਿਨਾਂ ਇਮਰਾਨ ਨੇ ਗੁਰੂ ਦਾ ਸੱਚਾ ਸ਼ਰਧਾਲੂ ਸਾਬਿਤ ਕਰ ਦਿੱਤਾ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਇਕ ਚੰਗਾ ਕਦਮ ਅਖਤਿਆਰ ਕੀਤਾ ਹੈ। ਉਸ ਨੇ ਸੂਬੇ ਦੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਉਣ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ’ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ, ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚੜ੍ਹਿਆ ਹੈ। ਹੁਣ 5 ਤੋਂ 12 ਨਵੰਬਰ ਤੱਕ ਰੋਜ਼ਾਨਾ 1500 ਬੱਸਾਂ ਸੰਗਤ ਨੂੰ ਸੁਲਤਾਨਪੁਰ ਲੋਧੀ ਦਰਸ਼ਨਾਂ ਲਈ ਲੈ ਕੇ ਜਾਣਗੀਆਂ। ਕਿੱਥੋਂ ਕਿਹੜੀਆਂ ਬੱਸਾਂ ਨੇ ਕਿਸ ਦਿਨ ਜਾਣਾ ਹੈ, ਇਸ ਸਬੰਧੀ ਸਾਰਾ ਪ੍ਰੋਗਰਾਮ ਡਿਪਟੀ ਕਮਿਸ਼ਨਰਾਂ ਅਤੇ ਐੱਸ.ਡੀ.ਐੱਮਜ਼ ਨੂੰ ਭੇਜ ਦਿੱਤਾ ਗਿਆ ਹੈ। ਪੰਜਾਬ ਭਰ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਦਰਸ਼ਨ ਕਰਵਾਉਣ ਲਈ ਹਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਨੁਸਾਰ ਬੱਸਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਮੰਤਰੀ ਮੁਤਾਬਿਕ ਪ੍ਰਕਾਸ਼ ਪੁਰਬ ਸਮਾਗਮਾਂ ਬਾਰੇ ਜਾਣਕਾਰੀ ਦੇਣ ਲਈ ਵਿਭਾਗ ਨੇ ਟੋਲ ਫਰੀ ਹੈਲਪਲਾਈਨ ਸੇਵਾ ਵੀ ਸ਼ੁਰੂ ਕੀਤੀ ਹੈ। ਇਸ ਟੋਲ ਫਰੀ ਨੰਬਰ 1800-180-0550 ’ਤੇ ਸ਼ਰਧਾਲੂ ਸੰਪਰਕ ਕਰ ਸਕਦੇ ਹਨ। ਇਹ ਨੰਬਰ 24 ਘੰਟੇ ਚਾਲੂ ਹੋਣਗੇ।
ਇਸ ਤਰ੍ਹਾਂ ਕਰਤਾਰਪੁਰ ਲਾਂਘਾ ਕੁਲ ਦੁਨੀਆਂ ਵਿੱਚ ਗੁਰੂ ਨਾਨਕ ਦੇਵ ਦਾ ਨਾਮ ਜਪਣ ਵਾਲੇ ਸ਼ਰਧਾਲੂਆਂ ਲਈ ਮੁਹੱਬਤਾਂ ਦਾ ਸਿਰਨਾਵਾਂ ਬਣਦਾ ਜਾ ਰਿਹਾ ਹੈ।
- Advertisement -
ਅਵਤਾਰ ਸਿੰਘ
-ਸੀਨੀਅਰ ਪੱਤਰਕਾਰ