ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -20
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 19ਵਾਂ ਤੇ 20ਵਾਂ ਰਾਗ ਮਾਲੀ ਗਉੜਾ ਅਤੇ ਤੁਖਾਰੀ
ਗੁਰਨਾਮ ਸਿੰਘ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕੱਤੀ ਮੁੱਖ ਰਾਗਾਂ ਦੀ ਤਰਤੀਬ ਅਧੀਨ ਮਾਲੀ ਗਉੜਾ ਰਾਗ ਨੂੰ ਵੀਹਵੇਂ ਸਥਾਨ ’ਤੇ ਅੰਕਿਤ ਕੀਤਾ ਗਿਆ ਹੈ। ਭਾਰਤੀ ਸੰਗੀਤ ਵਿਚ ਇਸ ਨੂੰ ਮਾਲੀ ਗੌਰਾ ਨਾਮ ਨਾਲ ਜਾਣਿਆ ਜਾਂਦਾ ਹੈ ਪਰੰਤੂ ਗੁਰਮਤਿ ਸੰਗੀਤ ਵਿਚ ਇਸ ਨੂੰ ਮਾਲੀ ਗਉੜਾ ਨਾਮ ਨਾਲ ਹੀ ਅੰਕਿਤ ਕੀਤਾ ਗਿਆ ਹੈ। ਭਾਰਤੀ ਰਾਗ ਪਰੰਪਰਾ ਵਿਚ ਰਾਗ ਮਾਲੀ ਗਉੜਾ ਗਾਇਨ ਵਾਦਨ ਵਿਚ ਵਧੇਰੇ ਪ੍ਰਚਲਿਤ ਨਹੀਂ। ਕੁਝ ਵਿਦਵਾਨਾਂ ਨੇ ਮਾਲੀ ਗਉੜਾ ਰਾਗ ਨੂੰ ਮਾਲਵ ਗੌੜ ਦਾ ਅਪਭ੍ਰੰਸ਼ ਰੂਪ ਮੰਨਿਆ ਹੈ। ਇਸ ਰਾਗ ਨੂੰ ਗਾਇਨ ਵਾਦਨ ਦੇ ਪੱਖ ਤੋਂ ਕਠਿਨ ਰਾਗਾਂ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ।
ਰਾਗ ਮਾਲੀ ਗਉੜਾ ਦੇ ਅੰਤਰਗਤ ਸ੍ਰੀ ਗੁਰੂ ਰਾਮਦਾਸ ਜੀ ਛੇ ਪਦੇ, ਸ੍ਰੀ ਗੁਰੂ ਅਰਜਨ ਦੇਵ ਜੀ ਅੱਠ ਪਦੇ ਅਤੇ ਭਗਤ ਨਾਮਦੇਵ ਦੇ ਤਿੰਨ ਪਦੇ ਬਾਣੀ ਰੂਪ ਵਿਚ ਦਰਜ ਹਨ। ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਵਿਖੇ ‘ਚਰਨ ਕਮਲ ਦੀ ਤੀਜੀ ਚੌਕੀ’ ਉਪਰਾਂਤ ਚੌਥੇ ਪਹਿਰ ਵਿਚ ‘ਸੋਦਰੁ ਦੀ ਪਹਿਲੀ ਚੌਕੀ’ ਅਤੇ ‘ਸੋਦਰੁ ਦੀ ਦੂਸਰੀ ਚੌਕੀ’ ਸਮੇਂ ਰਾਗ ਮਾਲੀ ਗਉੜਾ ਦਾ ਗਾਇਨ ਵੀ ਕੀਤਾ ਜਾਂਦਾ ਹੈ।
- Advertisement -
ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਆਚਾਰੀਆਂ ਨੇ ਮਾਲੀ ਗਉੜਾ ਰਾਗ ਨੂੰ ਮਾਰਵਾ ਥਾਟ ਦੇ ਅੰਤਰਗਤ ਰੱਖਿਆ ਹੈ। ਇਸ ਰਾਗ ਦਾ ਨਿਰਮਾਣ ਪੂਰੀਆ ਅਤੇ ਸ੍ਰੀ ਰਾਗ ਦੇ ਮਿਸ਼ਰਣ ਦੁਆਰਾ ਹੋਇਆ ਮੰਨਿਆ ਗਿਆ ਹੈ। ਇਸ ਵਿਚ ਰਿਸ਼ਭ ਕੋਮਲ, ਮਧਿਅਮ ਤੀਵਰ ਅਤੇ ਦੋਵੇਂ ਧੈਵਤ ਵਰਤੇ ਜਾਂਦੇ ਹਨ। ਇਸ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਸੁਰ ਨੂੰ ਮੰਨਿਆ ਗਿਆ ਹੈ। ਇਸ ਰਾਗ ਦੀ ਜਾਤੀ ਸੰਪੂਰਨ ਮੰਨੀ ਗਈ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਇਸ ਦਾ ਆਰੋਹ : ਸ਼ੜਜ ਰਿਸ਼ਭ (ਕੋਮਲ), ਸ਼ੜਜ, ਨਿਸ਼ਾਦ (ਮੰਦਰ ਸਪਤਕ) ਧੈਵਤ (ਮੰਦਰ ਸਪਤਕ) ਨਿਸ਼ਾਦ (ਮੰਦਰ ਸਪਤਕ) ਰਿਸ਼ਭ (ਕੋਮਲ) ਗੰਧਾਰ ਮਧਿਅਮ (ਤੀਵਰ) ਪੰਚਮ, ਮਧਿਅਮ (ਤੀਵਰ) ਧੈਵਤ ਨਿਸ਼ਾਦ ਧੈਵਤ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਮੰਦਰ ਸਪਤਕ) ਨਿਸ਼ਾਦ ਧੈਵਤ (ਕੋਮਲ) ਪੰਚਮ, ਮਧਿਅਮ (ਤੀਵਰ) ਨਿਸ਼ਾਦ ਧੈਵਤ ਮਧਿਅਮ (ਤੀਵਰ) ਗੰਧਾਰ ਰਿਸ਼ਭ (ਕੋਮਲ), ਸ਼ੜਜ ਹੈ।
ਰਾਗ ਤੁਖਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਬਾਈਵੇਂ ਸਥਾਨ ਤੇ ਪੰਨਾ ੧੧੦੭ ’ਤੇ ਦਰਜ ਹੈ। ਇਹ ਪੰਜਾਬ ਦੀ ਸੰਗੀਤ ਪਰੰਪਰਾ ਦਾ ਵਿਸ਼ੇਸ਼ ਰਾਗ ਹੈ ਜਿਸ ਦਾ ਵਰਨਣ ਮੱਧਕਾਲੀਨ ਧਾਰਮਿਕ ਗ੍ਰੰਥਾਂ ਵਿਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਮਿਲਦਾ ਹੈ।ਤੁਖਾਰੀ ਰਾਗ ਗੁਰਮਤਿ ਸੰਗੀਤ ਪੱਧਤੀ ਦਾ ਮੋਲਿਕ ਰਾਗ ਹੈ। ਇਸ ਰਾਗ ਦਾ ਉਲੇਖ ਭਾਰਤੀ ਸੰਗੀਤ ਦੀ ਸਿਧਾਂਤਕ ਤੇ ਕਿਰਿਆਤਮਕ ਸੰਗੀਤ ਪੰਰਪਰਾ ਵਿਚ ਨਹੀਂ ਮਿਲਦਾ। ਪੁਰਾਤਨ ਲਿਖਤਾਂ ਵਿਚ ਇਹ ਮਿਲਦਾ ਹੈ ਕਿ ਹਿਮਾਲਯ ਪਰਬਤ ਉਤਰ-ਪੱਛਮ ਦਾ ਇਲਾਕਾ ਤੁਸ਼ਾਰ ਜਾ ਤੁਖਾਰ ਕਹਾਉਂਦਾ ਹੈ। ਇਸ ਲਈ ਇਹ ਸੰਭਵ ਹੈ ਕਿ ਇਸ ਇਲਾਕੇ ਵਿਚ ਪ੍ਰਯੁਕਤ ਧੁਨੀ ਤੋਂ ਹੀ ਤੁਖਾਰੀ ਰਾਗ ਦੀ ਉਤਪਤੀ ਹੋਈ ਹੋਵੇ। ਤੁਸ਼ਾਰ ਦੀ ਤੁਖਾਰ ਖਿੱਤੇ ਦੀ ਸੰਗੀਤ ਪਰੰਪਰਾ ਤੋਂ ਰਾਗ ਤੁਖਾਰੀ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰਾਮਾਹ ਬਾਣੀ ਰਚਨਾ ਵਿਸ਼ੇਸ਼ ਹੈ।
ਇਸ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਦੇ ਛੇ ਛੰਤ ਬਾਰਹਮਾਹਾ ਦੇ ਅੰਤਰਗਤ, ਗੁਰੂ ਰਾਮਦਾਸ ਜੀ ਦੇ ਚਾਰ ਛੰਤ ਅਤੇ ਗੁਰੂ ਅਰਜਨ ਦੇਵ ਜੀ ਦਾ ਇਕ ਛੰਤ ਪਦ ਰਚਨਾਵਾਂ ਬਾਣੀ ਰੂਪ ਵਿਚ ਅੰਕਿਤ ਹਨ।
ਗੁਰਮਤਿ ਸੰਗੀਤ ਪਰੰਪਰਾ ਵਿਚ ਇਸ ਰਾਗ ਦੇ ਇਕ ਤੋਂ ਵਧੀਕ ਕਈ ਸਰੂਪ ਮਿਲਦੇ ਹਨ। ਕੁਝ ਵਿਦਵਾਨਾਂ ਨੇ ਇਸ ਰਾਗ ਦੀ ਉਤਪਤੀ ਟੋਡੀ, ਭੈਰਵ ਅਤੇ ਰਾਮਕਲੀ ਤੋਂ ਮੰਨੀ ਹੈ। ਜਿਸ ਅਧੀਨ ਇਸ ਰਾਗ ਵਿਚ ਵਾਦੀ ਰਿਸ਼ਭ, ਸੰਵਾਦੀ ਪੰਚਮ ਮੰਨਿਆ ਗਿਆ ਹੈ। ਰਿਸ਼ਭ ਕੋਮਲ, ਗੰਧਾਰ ਅਤੇ ਮਧਿਅਮ ਦੋਵੇਂ ਅਤੇ ਬਾਕੀ ਸੁਰ ਸ਼ੁੱਧ ਮੰਨੇ ਹਨ।
ਗੁਰਮਤਿ ਸੰਗੀਤ ਦੇ ਪ੍ਰਮੁਖ ਵਿਦਵਾਨ ਪ੍ਰੋ. ਤਾਰਾ ਸਿੰਘ ਅਨੁਸਾਰ ਤੁਖਾਰੀ ਰਾਗ ਦੇ ਤਿੰਨ ਸਰੂਪ ਟੋਡੀ ਜਾਂ ਖਮਾਜ ਥਾਟ ਦੇ ਅੰਤਰਗਤ, ਦੱਖਣੀ ਭਾਰਤੀ ਸੰਗੀਤ ਦੇ ਥਾਟ ਧਰਮਵਤੀ ਦੇ ਅੰਤਰਗਤ ਅਤੇ ਪੂਰਵੀ ਥਾਟ ਦੇ ਅਧੀਨ ਮੰਨੇ ਹਨ। ਪਹਿਲੇ ਪ੍ਰਕਾਰ ਅਧੀਨ ਇਸ ਵਿਚ ਦੋਵੇਂ ਮਧਿਅਮ, ਦੋਨੋਂ ਨਿਸ਼ਾਦ, ਗੰਧਾਰ, ਕੋਮਲ ਅਤੇ ਬਾਕੀ ਸ਼ੁੱਧ ਸੁਰ ਵਰਤੇ ਜਾਂਦੇ ਹਨ। ਇਸ ਵਿਚ ਵਾਦੀ-ਸੰਵਾਦੀ, ਪੰਚਮ ਅਤੇ ਸ਼ੜਜ ਨੂੰ ਮੰਨਿਆ ਗਿਆ ਹੈ। ਗਾਇਨ-ਵਾਦਨ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ। ਇਸ ਦੀ ਜਾਤੀ ਔੜਵ-ਸੰਪੂਰਨ ਮੰਨੀ ਗਈ ਹੈ।ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਰਾਗ ਦਾ ਦੂਸਰਾ ਸਰੂਪ ਆਧੁਨਿਕ ਸਮੇਂ ਵਿਚ ਪ੍ਰਚਲਿਤ ਨਹੀਂ ਹੈ।
- Advertisement -
ਤੁਖਾਰੀ ਰਾਗ ਦਾ ਤੀਸਰਾ ਸਰੂਪ ਪੂਰਵੀ ਥਾਟ ਦੇ ਅੰਤਰਗਤ ਮੰਨਿਆ ਹੈ ਜਿਸ ਵਿਚ ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਅਤੇ ਬਾਕੀ ਸ਼ੁੱਧ ਸੁਰ ਵਰਤੇ ਜਾਂਦੇ ਹਨ। ਇਸ ਦਾ ਵਾਦੀ ਧੈਵਤ ਅਤੇ ਸੰਵਾਦੀ ਰਿਸ਼ਭ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਸਵੇਰ ਦਾ ਸੰਧੀ ਪ੍ਰਕਾਸ਼ ਮੰਨਿਆ ਗਿਆ ਹੈ।
ਭਾਈ ਕਾਨ੍ਹ ਸਿੰਘ ਨਾਭਾ ਰਾਗ ਤੁਖਾਰੀ ਦੇ ਸਬੰਧ ਵਿਚ ਲਿਖਦੇ ਹਨ, ਸੰਪੂਰਨ ਜਾਤੀ ਦੀ ਰਾਗਣੀ ਜਿਸ ਦਾ ਗ੍ਰਹਿ ਸੁਰ ਸ਼ੜਜ, ਵਾਦੀ ਰਿਸ਼ਭ, ਸੰਵਾਦੀ ਪੰਚਮ, ਗਾਉਣ ਸਮਾਂ ਚਾਰ ਘੜੀ ਦਿਨ ਚੜ੍ਹੇ ਹੈ। ਇਸ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਮਧਿਅਮ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਦਾ ਵਾਦੀ ਸੁਰ ਮਧਿਅਮ, ਸੰਵਾਦੀ ਸ਼ੜਜ ਹੈ।
ਰਾਗ ਨਿਰਣਾਇਕ ਕਮੇਟੀ ਅਤੇ ਸਿੱਖ ਮਿਊਜ਼ੀਕਾਲੋਜੀ ਵਿਚ ਤੁਖਾਰੀ ਰਾਗ ਦੇ ਇਸੇ ਸਰਬਪ੍ਰਮਾਣਿਤ ਇਸੇ ਸਰੂਪ ਨੂੰ ਸਵੀਕਾਰਿਆ ਹੈ। ਇਸ ਵਿਚ ਗੰਧਾਰ ਕੋਮਲ, ਦੋਵੇਂ ਨਿਸ਼ਾਦ, ਤੀਬਰ ਮਧਿਅਮ ਅਤੇ ਬਾਕੀ ਸ਼ੁੱਧ ਸੁਰ ਵਰਤੇ ਜਾਂਦੇ ਹਨ। ਇਸ ਦਾ ਵਾਦੀ-ਸੰਵਾਦੀ ਪੰਚਮ-ਸ਼ੜਜ਼ ਮੰਨਿਆ ਗਿਆ ਹੈ। ਇਸ ਦੇ ਆਰੋਹ ਵਿਚ ਰਿਸ਼ਭ ਧੈਵਤ ਵਰਜਿਤ ਹੋਣ ਕਰਕੇ ਜਾਤੀ ਔੜਵ-ਸੰਪੂਰਨ ਬਣਦੀ ਹੈ। ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਮੰਨਿਆ ਗਿਆ ਹੈ। ਇਸ ਰਾਗ ਦਾ ਸਮਪ੍ਰਕ੍ਰਿਤਕ ਰਾਗ ਮਧੂਵੰਤੀ ਹੈ। ਜਿਸ ਵਿਚ ਕੋਮਲ ਨਿਸ਼ਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਦਾ ਆਰੋਹ ਨਿਸ਼ਾਦ (ਮੰਦਰ ਸਪਤਕ) ਸ਼ੜਜ, ਗੰਧਾਰ (ਕੋਮਲ) ਮਧਿਅਮ (ਤੀਵਰ) ਪੰਚਮ, ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਨਿਸ਼ਾਦ (ਕੋਮਲ) ਧੈਵਤ ਪੰਚਮ, ਮਧਿਅਮ ਤੀਵਰ ਗੰਧਾਰ (ਕੋਮਲ), ਰਿਸ਼ਭ ਸ਼ੜਜ ਹੈ।
ਵੀਹਵੀਂ ਸਦੀ ਦੀਆਂ ਸਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਾਚੀਏ ਤਾਂ ਇਹਨਾਂ ਰਾਗਾਂ ਵਿਚ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ਼੍ਰਿੰਸੀਪਲ ਦਿਆਲ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਉਸਤਾਦ ਸੁਰਜੀਤ ਸਿੰਘ, ਜਸਵੰਤ ਸਿੰਘ ਤੀਬਰ, ਪ੍ਰੋ. ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ ਆਦਿ ਨੇ ਸੰਗੀਤਕਾਰਾਂ ਨੇ ਕੀਰਤਨ ਰਚਨਾਵਾਂ ਨੂੰ ਸੁਰਲਿਪੀ-ਬੱਧ ਕੀਤਾ।ਉਕਤ ਰਾਗਾਂ ਨੂੰ ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤਕਾਰ ਤੇ ਕੀਰਤਨਕਾਰਾਂ ਨੇ ਆਪਣੇ-ਆਪਣੇ ਅੰਦਾਜ ਵਿੱਚ ਬਾਖੂਬੀ ਗਾਇਆ ਹੈ, ਜਿਹਨਾਂ ਦੀ ਰਿਕਾਰਡਿੰਗ ਅਸੀਂ ਵੱਖ ਵੱਖ ਵੈਬ ਸਾਈਟਸ ਤੇ ਯੂਟਿਊਬ ‘ਤੇ ਸੁਣ ਸਕਦੇ ਹਾਂ।
*drgnam@yahoo.com