ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -27
ਗੁਰਦੁਆਰਾ ਮਖਦੂਮਪੁਰ ਪਹੋੜਾ (ਸਜਣ ਠੱਗ ਵਾਲਾ)
*ਡਾ. ਗੁਰਦੇਵ ਸਿੰਘ
ਸੱਜਣ ਠੱਗ ਦੀ ਸਾਖੀ ਤਕਰੀਬਨ ਹਰ ਸਿੱਖ ਨੇ ਹੀ ਸੁਣੀ ਹੈ। ਇਹ ਸਾਖੀ ਜਿਸ ਅਸਥਾਨ ਨਾਲ ਸੰਬੰਧਤ ਹੈ ਅੱਜ ਅਸੀਂ ਉਸ ਗੁਰ ਅਸਥਾਨ ਨਾਲ ਹੀ ਸਾਂਝ ਪਾਵਾਂਗੇ। ਇਸ ਅਸਥਾਨ ‘ਤੇ ਇੱਕ ਸੁੰਦਰ ਗੁਰਦੁਆਰਾ ਮਖਦੂਮਪੁਰ ਪਹੋੜਾ ਸੁਸ਼ੋਭਿਤ ਹੈ ਜੋ ਪਾਕਿਸਤਾਨ ਵਿੱਚ ਹੈ। ਇਹ ਪਾਵਨ ਅਸਥਾਨ ਕਬੀਰਵਾਲਾ ਅਤੇ ਖਾਨੇਵਾਲ ਵਿਚਾਲੇ ਹੈ। ਮਖਦੂਮਪੁਰ ਪਹੋੜਾ ਮੁਲਤਾਨ ਤੋਂ ਦਿੱਲੀ ਜਾਣ ਵਾਲੀ ਸ਼ੇਰ ਸ਼ਾਹ ਸੂਰੀ ਦੀ ਬਣਾਈ ਸੜਕ ਉਤੇ ਆਬਾਦ ਇਕ ਬਹੁਤ ਪ੍ਰਸਿੱਧ ਨਗਰ ਹੈ। ਇਸ ਕਸਬੇ ਤੋਂ ਥੋੜਾ ਦੂਰ ਤੁਲੰਬਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਪਾਕਪਤਨ ਤੋਂ ਤੁਲੰਬੇ ਨੇੜੇ ਮਖਦੂਮਪੁਰ ਪਹੋੜਾ ਵਾਲੇ ਥਾਂ ਪੁੱਜੇ। ਜਨਮ ਸਾਖੀ ਪਰੰਪਰਾ ਅਨੁਸਾਰ ਇਸ ਅਸਥਾਨ ‘ਤੇ ਸੱਜਣ ਤੇ ਕੱਜਣ ਨਾਵਾਂ ਵਾਲੇ ਦੋ ਬੰਦਿਆਂ ਨੇ ਰਾਹੀਆਂ ਲਈ ਇੱਕ ਸਰਾਂ ਬਣਾ ਰੱਖੀ ਸੀ। ਇਹ ਦੋਵੇਂ ਰਿਸ਼ਤੇ ਵਿੱਚ ਚਾਚਾ ਭਤੀਜਾ ਰਹਿੰਦੇ ਸਨ। ਸਰਾਂ ਬਣਾਉਣ ‘ਤੇ ਇਨ੍ਹਾਂ ਦਾ ਮਕਸਦ ਨੇਕ ਹੋਣ ਦੀ ਬਜਾਏ ਬਦਨੀਕੀ ਵਾਲਾ ਸੀ। ਇਨ੍ਹਾਂ ਦੀ ਸਰਾਂ ਦੇ ਵਿੱਚ ਜੋ ਵੀ ਠਹਿਰਦਾ ਸੀ ਇਹ ਉਸ ਦੀ ਲੁੱਟ ਘਸੁੱਟ ਕਰਨ ਉਪਰੰਤ ਜਾਨੋ ਤਕ ਮਾਰ ਦਿੰਦੇ ਸਨ। ਇਲਾਕੇ ਵਿੱਚ ਇਨ੍ਹਾਂ ਦੀ ਇਸ ਨੀਚਤਾ ਦਾ ਖੌਫ ਬਣ ਚੁੱਕਾ ਸੀ। ਜਗਤ ਨੂੰ ਤਾਰਨ ਹਿੱਤ ਅਤੇ ਲੋਕਾਈ ਨੂੰ ਸਿੱਧੇ ਰਾਸਤੇ ਪਾਉਣ ਲਈ ਹੀ ਤਾਂ ਗੁਰੂ ਨਾਨਕ ਸਾਹਿਬ ਜਗਤ ‘ਤੇ ਆਏ ਸਨ। ਗੁਰੂ ਸਾਹਿਬ ਨੇ ਸੱਜਣ ਤੇ ਕੱਜਣ ਵਲੋਂ ਬਣਾਈ ਜਾਲ ਰੂਪੀ ਸਰਾਂ ਦੇ ਵਿੱਚ ਆ ਆਸਣ ਲਾਏ। ਸੱਜਣ ਨੇ ਗੁਰੂ ਸਾਹਿਬ ਦੀ ਆਓ ਭਗਤ ਕੀਤੀ ਅਤੇ ਬਾਅਦ ਵਿੱਚ ਆਪਣੀ ਬਣਾਈ ਜੁਗਤ ਨਾਲ ਗੁਰੂ ਸਾਹਿਬ ਨੂੰ ਫਸਾਉਣ ਦਾ ਯਤਨ ਕੀਤਾ ਪਰ ਅਕਾਲ ਰੂਪੀ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਨਮੁਖ ਉਸ ਦੀ ਇੱਕ ਵੀ ਚਾਲ ਨਹੀਂ ਚੱਲੀ। ਜਾਣੀ ਜਾਣ ਸਤਿਗੁਰੂ ਨੇ ਫਿਰ ਨਾਮ ਦਾ ਅਜਿਹਾ ਤੀਰ ਮਾਰਿਆ ਕਿ ਜਿਸ ਨਾਲ ਸੱਜਣ ਠੱਗ ਧੁਰ ਅੰਦਰ ਤਕ ਵਿੰਨਿਆ ਗਿਆ। ਗੁਰੂ ਜੀ ਨੇ ਸ਼ਬਦ ਉਚਾਰਿਆ :
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸ॥ਧੋਤਿਆ ਜੂਠਿ ਨ ਉਤਰੈ ਜੇ ਸਉ ਘੋਵਾ ਤਿਸ॥ (ਸੂਹੀ ਮ: 1, ਪੰਨਾ 729)
ਇਹ ਸ਼ਬਦ ਸੁਣ ਕੇ ਸੱਜਣ ਠੱਗੀ ਛੱਡ ਹਮੇਸ਼ਾਂ ਲਈ ਠੱਗ ਤੋਂ ਸੱਜਣ ਬਣ ਗਿਆ। ਸੱਜਣ ਦੀ ਸਰ੍ਹਾਂ ਵਾਲੇ ਅਸਥਾਨ ‘ਤੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰੇ ਦੇ ਕੋਈ ਦੋ ਘੁਮਾ ਵਿੱਚ ਚਾਰ ਦੀਵਾਰੀ ਕੀਤੀ ਹੋਈ ਹੈ। ਇਸ ਦੇ ਪੱਛਮ ਵੱਲ ਵਿਸ਼ਾਲ ਸਰੋਵਰ ਹੁੰਦਾ ਸੀ ਜੋ ਹੁਣ ਪੂਰ ਦਿੱਤਾ ਗਿਆ ਹੈ। ਸੰਗਤ ਦੇ ਠਹਿਰਨ ਵਾਸਤੇ ਚਾਰ ਦੀਵਾਰੀ ਦੇ ਨਾਲ ਨਾਲ ਕਮਰੇ ਬਣੇ ਹੋਏ ਹਨ। ਹਰ ਪਾਸੇ ਹਰੇ ਭਰੇ ਰੁੱਖ, ਫੁਲਦਾਰ ਵੇਲਾ, ਗੁਲਾਬ, ਚੰਬੇਲੀ, ਰਵੇਲ ਤੇ ਹੋਰ ਅਨੇਕਾਂ ਪ੍ਰਕਾਰ ਦੇ ਫੁੱਲ ਆਪਣੀ ਬਹਾਰ ਦਿਖਾਉਂਦੇ ਹਨ। ਇਸ ਸਮੇਂ ਇਸ ਇਮਾਰਤ ਅੰਦਰ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਹੈ ਜੋ ਬੇਨੂਰਿਆ ਨੂੰ ਨੂਰ ਵਰਤਾ ਰਿਹਾ ਹੈ। ਇਸ ਤੋਂ ਇਲਾਵਾ ਭਾਈ ਜੋਧ ਜੀ ਵੀ ਇਸੇ ਪਿੰਡ ਦੇ ਸਨ। ਭਾਈ ਜੋਧ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਿੱਖ ਸਨ ।
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 28ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।
*gurdevsinghdr@gmail.com