ਸੱਚੇ ਸੁਰਾਂ ਦੇ ਮਾਲਕ ਪ੍ਰੋ. ਕਰਤਾਰ ਸਿੰਘ ਜੀ ਕਹਿ ਗਏ ਦੁਨੀਆਂ ਨੂੰ ਸਦਾ ਲਈ ਅਲਵਿਦਾ
*ਡਾ. ਗੁਰਦੇਵ ਸਿੰਘ
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥
ਸੰਸਾਰ ਤੋਂ ਇੱਕ ਨ ਇੱਕ ਦਿਨ ਅਸੀਂ ਸਾਰਿਆਂ ਨੇ ਹੀ ਚਲੇ ਜਾਣਾ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸੈਂਕੜੇ ਇਨਸਾਨ ਇਸ ਸੰਸਾਰ ਤੋਂ ਪ੍ਰਤੀ ਦਿਨ ਜਾ ਰਹੇ ਹਨ ਪਰ ਕੁਝ ਕੁ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਜਾਣ ਨਾਲ ਇੱਕ ਵੱਡਾ ਘਾਟਾ ਮਹਿਸੂਸ ਹੁੰਦਾ ਹੈ ਤੇ ਯਕੀਨ ਹੀ ਨਹੀਂ ਹੁੰਦਾ ਕਿ ਉਹ ਹੁਣ ਸਾਡੇ ਵਿੱਚ ਨਹੀਂ ਹਨ। ਅਜਿਹੀ ਹੀ ਇੱਕ ਖਬਰ ਅੱਜ ਸਵੇਰੇ ਸੁਣਨ ਨੂੰ ਮਿਲੀ।
ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਜੀ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਜਿਸ ਨਾਲ ਸੰਗੀਤ ਖਾਸਕਰ ਕੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਪ੍ਰੋਫ਼ੈਸਰ ਸਾਹਿਬ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਇਸ ਦੁਖਦ ਖਬਰ ਨੂੰ ਸੁਣ ਕੇ ਵੱਖ ਵੱਖ ਗੁਰਮਤਿ ਸੰਗੀਤ ਤੇ ਸਿੱਖ ਵਿਦਵਾਨਾਂ ਨੇ ਭਾਰੀ ਅਫਸੋਸ ਜਾਹਰ ਕੀਤਾ ਹੈ।
- Advertisement -
ਪ੍ਰੋਫ਼ੈਸਰ ਕਰਤਾਰ ਸਿੰਘ ਜੀ ਨੇ ਛੋਟੀ ਉਮਰ ਤੋਂ ਹੀ ਸੰਗੀਤ ਦੀ ਸੇਵਾ ਕਰਨੀ ਆਰੰਭ ਕਰ ਦਿਤੀ ਸੀ। ਖਾਸ ਕਰਕੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪ੍ਰੋ. ਸਾਹਿਬ ਨੇ ਲਾਸਾਨੀ ਕਾਰਜ ਕੀਤੇ। ਆਪ ਨੇ 13 ਸਾਲ ਦੀ ਉਮਰ ਤੋਂ ਸੰਗੀਤ ਸਿੱਖਣਾ ਪ੍ਰਾਰੰਭ ਕਰ ਕੀਤਾ। ਅਨੇਕ ਗੁਣੀ ਜਨਾਂ ਤੋਂ ਆਪ ਨੇ ਸੰਗੀਤ ਕੀ ਸਿੱਖਿਆ ਹਾਸਲ ਕੀਤੀ।
ਆਪ ਨੇ ਹਮੇਸ਼ਾਂ ਤੰਤੀ ਸਾਜ਼ ਤਾਨਪੁਰੇ ਕੀਰਤਨ ਨਾਲ ਕੀਤਾ। ਤੰਤੀ ਸਾਜ਼ਾਂ ਦੀ ਪੁਨਰ ਸੁਰਜਿਤੀ ਵਿੱਚ ਵੀ ਆਪ ਨੇ ਮੋਹਰੀ ਭੂਮਿਕਾ ਰਹੀ ਹੈ। ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪਾਏ ਵੱਡਮੁਲੇ ਯੋਗਦਾਨ ਲਈ ਪ੍ਰੋ. ਕਰਤਾਰ ਸਿੰਘ ਜੀ ਨੂੰ ‘ਪਦਮ ਸ਼੍ਰੀ’, ਸੰਗੀਤ ਨਾਟਕ ਅਕਾਦਮੀ ਅਵਾਰਡ, ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਅਵਾਰਡ, ਸ਼੍ਰੋਮਣੀ ਰਾਗੀ ਅਵਾਰਡ, ਸਿੱਖ ਲਾਇਫਟਾਈਮ ਅਚੀਵਮੈਂਟ ਅਵਾਰਡ ਆਦਿ ਅਨੇਕ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਂ ਕਰਤਾਰ ਸਿੰਘ ਜੀ ਦੇ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਸਮੂਹ ਸੰਗੀਤ ਪ੍ਰੇਮੀਆਂ ਦੇ ਇਸ ਦੁਖ ਦੀ ਘੜੀ ਵਿੱਚ ਸ਼ਮਿਲ ਹੁੰਦੇ ਹੋਏ ਪ੍ਰੋ. ਕਰਤਾਰ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ।
*gurdevsinghdr@gmail.com