ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਦੂਜਾ ਰਾਗ – ਮਾਝ

TeamGlobalPunjab
8 Min Read

-ਡਾ. ਗੁਰਨਾਮ ਸਿੰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -2

2. ਰਾਗ ਮਾਝ

ਸੰਗੀਤ ਪਰੰਪਰਾ ਵਿੱਚ ਗਾਇਨ ਸ਼ੈਲੀਆਂ ਵਾਗੂੰ ਰਾਗਾਂ ਦੀ ਵੀ ਸਨਾਤਨੀ ਤੇ ਦੇਸੀ ਪ੍ਰਕਿਰਤੀ ਹੁੰਦੀ ਹੈ। ਸਨਾਤਨੀ ਰਾਗ ਉਹ ਹੁੰਦੇ ਹਨ ਜਿਨ੍ਹਾਂ ਦੀ ਉਤਪਤੀ ਜਾਂ ਆਦਿ ਸਰੋਤ ਸਨਾਤਨੀ ਪਰੰਪਰਾ ਵਿਚੋਂ ਹੁੰਦੇ ਹਨ। ਇਸੇ ਤਰ੍ਹਾਂ ਦੇਸੀ ਰਾਗਾਂ ਦੀ ਉਤਪਤੀ ਦੇਸੀ ਜਾਂ ਇਲਾਕਾਈ ਸੰਗੀਤ ਤੇ ਸਭਿਆਚਾਰ ਵਿਚੋਂ ਸਵੀਕਾਰੀ ਜਾਂਦੀ ਹੈ। ਰਾਗਾਂ ਦੇ ਦੋਵੇਂ ਪ੍ਰਕਾਰ ਹੀ ਸੰਗੀਤਕ ਗੁਣੀ ਜਨਾਂ ਦੀਆਂ ਕਈ-ਕਈ ਪੀੜੀਆਂ ਦੀ ਰਾਗ ਸਾਧਨਾ ਤੋਂ ਬਾਅਦ ਹੋਂਦ ਤੇ ਪ੍ਰਚਾਰ ਵਿੱਚ ਆਉਂਦੇ ਹਨ। ਸੰਗੀਤ ਦੀ ਦੁਨੀਆਂ ਵਿੱਚ ਰਾਗ ਸੁਰਾਤਮਕ ਸੁਹਜ ਪੱਖੋਂ ਭਰੇ ਪੂਰੇ ਦਰਿਆ ਹਨ ਜੋ ਸਦੀਆਂ ਤੋਂ ਵਹਿ ਰਹੇ ਹਨ। ਇਨ੍ਹਾਂ ਦਾ ਬੁਨਿਆਦੀ ਵਹਿਣ ਭਾਵੇਂ ਇਕੋ ਹੀ ਰਹਿੰਦਾ ਹੈ ਫਿਰ ਵੀ ਇਹ ਸਮਕਾਲੀ ਤੇ ਇਲਾਕਾਈ ਪ੍ਰਭਾਵ ਕਬੂਲਦੇ ਹਨ। ਇਸੇ ਕਰਕੇ ਰਾਗਾਂ ਦੇ ਕਈ ਵਿਭਿੰਨ ਰੂਪ ਤੇ ਕਈ ਰਾਗ ਪ੍ਰਕਾਰ ਪ੍ਰਚਲਿਤ ਹੋ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੂਸਰਾ ਰਾਗ ਮਾਝ ਹੈ। ਮਾਝ ਇਕ ਦੇਸੀ ਤੇ ਇਲਾਕਾਈ ਪਰੰਪਰਾ ਤੋਂ ਵਿਕਸਤ ਹੋਇਆ ਰਾਗ ਹੈ। ਗੁਰੂ ਕਾਲ ਤੋਂ ਪੂਰਵਲੇ ਭਾਰਤੀ ਗ੍ਰੰਥਾਂ ਵਿੱਚ ਇਸ ਦਾ ਉਲੇਖ ਨਹੀਂ ਮਿਲਦਾ। ਪੰਜਾਬ ਦੇ ਸੰਗੀਤ ਵਿੱਚ ਗੁਰੂ ਸਾਹਿਬਾਨਾਂ ਨੇ ਹੀ ਇਸ ਦਾ ਪ੍ਰਯੋਗ ਭਰਪੂਰ ਰੂਪ ਵਿੱਚ ਕੀਤਾ ਹੈ। ਪੰਜਾਬ ਦੇ ਮਾਝੇ ਇਲਾਕੇ ਨਾਲ ਇਸ ਦਾ ਗੂੜ੍ਹਾ ਸਬੰਧ ਹੈ। ਇਸ ਦੀ ਇਕ ਧੁਨੀ ਉੱਤੇ ਝਾਤ ਮਾਰੀਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਮਾਝ ਕੀ ਤਥਾ ਸਲੋਕ ਮਹਲਾ ੧॥ ਮਲਕ ਮੁਰੀਦ ਤਥਾ ਚੰਦ੍ਰੜਾ ਸੋਹੀਆ ਦੀ ਧੁਨੀ ਗਾਵਣੀ॥ ਦਰਜ ਹੈ। ਇਸ ਵਾਰ ਦੇ ਸੰਦਰਭ ਵਿੱਚ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ (ਭਾਗ ਪਹਿਲਾ) ਪੰਨਾ 137 ਉੱਤੇ ਦਿੱਤੇ ਪ੍ਰਮਾਣ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰ ਮਾਝ ਦਾ ਵਜ਼ਨ ਉਹੀ ਹੈ ਜੋ ਦੇਸ (ਮਾਝਾ ਇਲਾਕਾ) ਵਿੱਚ ਪ੍ਰਚਲਿਤ ਮਲਕ ਮੁਰੀਦ ਵਾਲੀ ਵਾਰ ਦਾ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਧੁਨੀ ਲਿਖ ਸਪੱਸ਼ਟ ਸੰਕੇਤ ਕੀਤਾ ਹੈ ਕਿ ਵਾਰ ਮਾਝ ਨੂੰ ਇਸ ਧੁਨੀ ਦੀ ਧਾਰਨਾ ਦੇ ਅੰਤਰਗਤ ਗਾਵਣਾ ਹੈ। ਭਾਵ ਕਿ ਮਾਝ ਰਾਗ ਦੀ ਪਉੜੀ ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ਨੂੰ ਸਿਰਲੇਖ ਵਾਲੀ ਵਾਰ ਕਾਬਲ ਵਿਚ ਮੁਰੀਦ ਖ਼ਾਂ ਫੜਿਆ ਵਡ ਜੋਰ ਦੀ  ਸੁਰ ਉੱਤੇ ਗਾਵਣਾ ਹੈ। ਕਾਵਿ ਦੀ ਅੰਤਰੀਵ ਦ੍ਰਿਸ਼ਟੀ ਨਾਲ ਦੇਖੀਏ ਤਾਂ ਦੋਵੇਂ ਵਾਰਾਂ ਦੇ ਸ਼ਬਦਾਂ ਦਾ ਤੋਲ ਤੁਕਾਂਤ ਤੇ ਵਜ਼ਨ ਵੀ ਮਿਲਦਾ ਹੈ। ਸੰਕੇਤਕ ਸਿਰਲੇਖ ਧੁਨੀ ਪੰਜਾਬ ਦੇ ਮਾਝੇ ਇਲਾਕੇ ਦੀ ਵਾਰ ਸੀ। ਮਾਝ ਰਾਗ ਜੋ ਪੰਜਾਬ ਦੇ ਮਾਝੇ ਇਲਾਕੇ ਦਾ ਰਾਗ ਹੈ, ਵਿੱਚ ਕੇਵਲ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੀ ਪ੍ਰਾਪਤ ਹੁੰਦੀ ਹੈ। ਹੋਰ ਕਿਸੇ ਸੰਤ ਭਗਤ ਦੀ ਬਾਣੀ ਇਸ ਵਿੱਚ ਦਰਜ ਨਹੀਂ ਮਿਲਦੀ। ਇਸ ਲਈ ਇਹ ਜਿੱਥੇ ਇਲਾਕਾਈ ਰਾਗ ਹੈ ਉੱਥੇ ਇਹ ਗੁਰਮਤਿ ਸੰਗੀਤ ਦੇ ਮੌਲਿਕ ਰਾਗਾਂ ਦੀ ਲੜੀ ਵਿੱਚ ਵੀ ਆਉਂਦਾ ਹੈ।

- Advertisement -

ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਤੇ ਵਾਰ, ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ, ਗੁਰੂ ਰਾਮਦਾਸ ਜੀ ਦੇ ਚਉਪਦੇ ਤੇ ਅਸ਼ਟਪਦੀਆਂ, ਗੁਰੂ ਅਰਜਨ ਦੇਵ ਜੀ ਦੇ ਚਉਪਦੇ, ਬਾਰਾਮਾਹ, ਅਸ਼ਟਪਦੀਆਂ ਤੇ ਦਿਨ ਰੈਣਿ ਬਾਣੀ ਰੂਪ ਵਿੱਚ ਸ਼ਬਦ ਦਰਜ ਹਨ। ਗੁਰੂ ਨਾਨਕ ਦੇਵ ਜੀ ਨੇ ਮਾਝ ਦੀ ਵਾਰ ਵਿੱਚ ਆਪਣੇ ਰੂਹਾਨੀ ਅਨੁਭਵ ਨੂੰ ਇਉਂ ਬਿਆਨ ਕੀਤਾ ਹੈ :

ਖਸਮੈ ਕੈ ਦਰਬਾਰਿ ਢਾਢੀ ਵਸਿਆ॥ ਸਚਾ ਖਸਮੁ ਕਲਾਣਿ ਕਮਲੁ ਵਿਗਸਿਆ॥

ਖਸਮਹੁ ਪੂਰਾ ਪਾਇ ਮਨਹੁ ਰਹਸਿਆ॥ ਦੁਸਮਨ ਕਢੇ ਮਾਰਿ ਸਜਣ ਸਰਸਿਆ॥

ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ॥ ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ॥

ਢਾਢੀ ਕਥੇ ਅਕਥੁ ਸਬਦਿ ਸਵਾਰਿਆ॥

- Advertisement -

ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ॥੨੩॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੮)

ਮਾਝ ਰਾਗ ਆਪਣੇ ਸੁਰਾਤਮਕ ਸੁਭਾਅ ਕਰਕੇ ਪੰਜਾਬ ਲੋਕ ਸੰਗੀਤ ਗਾਇਨ ਅੰਗ ਦੀ ਭਰਪੂਰਤਾ ਵਾਲਾ ਰਾਗ ਹੈ। ਇਸ ਦਾ ਗਾਇਨ ਕਰਨ ਲਈ ਕੀਰਤਨੀਏ ਦਾ ਰਾਗ ਪ੍ਰਬੀਨ ਹੋਣਾ ਜ਼ਰੂਰੀ ਹੈ ਤਾਂ ਹੀ ਇਸ ਦੀ ਸੁਰਾਤਮਕ ਚਾਲ ਨੂੰ ਸੰਭਾਲਿਆ ਜਾ ਸਕਦਾ ਹੈ। ਕੇਵਲ ਸੁਰਾਂ ਨੂੰ ਟੋਹ ਟੋਹ ਕੇ ਗਾਉਣ ਨਾਲ ਇਹ ਰਾਗ ਨਹੀਂ ਬਣਦਾ। ਮਾਝ ਰਾਗ ਵਿੱਚ ਵੇਦਨਾ, ਤੜਪ ਤੇ ਭਾਵਾਂ ਦੀ ਤੀਖਣਤਾ ਤੇ ਤੀਬਰਤਾ ਨੂੰ ਬਿਆਨ ਕਰਨ ਦੀ ਅਥਾਹ ਸਮਰੱਥਾ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਮਾਝ ਮਹਲਾ ੫ ਸਿਰਲੇਖ ਅਧੀਨ ਸ਼ਬਦ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੬) ਇਸ ਦੀ ਇਕ ਸਫ਼ਲ ਮਿਸਾਲ ਹੈ ਜਿਸ ਦੇ ਸਾਰੇ ਪਦ ਹੀ ਬੜੇ ਭਾਵਪੂਰਤ ਹਨ। ਇਸ ਤਰ੍ਹਾਂ ਮਾਝ ਰਾਗ ਦੀ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਵਿਭਿੰਨ ਬਾਣੀ ਦੇ ਵਿਸ਼ਿਆਂ ਨੂੰ ਛੋਹਿਆ ਹੈ। ਬਾਣੀ ਵਿੱਚ ਰਾਗ ਸਾਧਨ ਜਾਂ ਮਾਧਿਅਮ ਹੈ ਲਕਸ਼ ਨਹੀਂ ਇਸ ਲਈ ਅਸੀਂ ਹਰ ਰਾਗ ਦੀ ਚਰਚਾ ਇਸ ਸੰਦਰਭ ਵਿੱਚ ਕਰਾਂਗੇ।

ਭਾਰਤੀ ਸੰਗੀਤ ਵਿੱਚ ਇਸ ਰਾਗ ਦਾ ਸਰੂਪ ਮਾਝ ਖਮਾਜ ਜਾਂ ਮਾਂਝੀ ਰਾਗ ਕਰਕੇ ਸਮਕਾਲੀ ਰਾਗ ਦੇਸਾਂ ਵਿੱਚ ਉਲੇਖ ਮਿਲਦਾ ਹੈ। ਗੁਰਮਤਿ ਸੰਗੀਤ ਵਿੱਚ ਇਸ ਰਾਗ ਦਾ ਸਰੂਪ ਇਸ ਤਰ੍ਹਾਂ ਪ੍ਰਵਾਨਿਆ ਗਿਆ ਹੈ, ਜਿਸ ਦਾ ਕਾਫੀ ਥਾਟ ਹੈ, ਜਿਸ ਵਿੱਚ ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲਗਦੇ ਹਨ। ਇਸ ਦੇ ਆਰੋਹ ਵਿੱਚ ਗੰਧਾਰ ਤੇ ਧੈਵਤ ਵਰਜਿਤ ਕੀਤਾ ਗਿਆ ਹੈ। ਵਾਦੀ ਸੁਰ ਰਿਸ਼ਭ ਤੇ ਸੰਵਾਦੀ ਪੰਚਮ, ਗਾਇਨ ਸਮਾਂ ਰਾਤ ਦਾ ਪਹਲਿਾ ਪਹਿਰ ਅਤੇ ਜਾਤੀ ਔੜਵ ਸੰਪੂਰਨ ਮੰਨੀ ਗਈ ਹੈ।

ਭਾਰਤੀ ਰਾਗ ਧਿਆਨ ਪਰੰਪਰਾ ਵਾਗੂ ਚਿੱਤਰਕਲਾ ਦੁਆਰਾ ਰਾਗਾਂ ਨੂੰ ਉਜਾਗਰ ਕਰਨ ਦੇ ਯਤਨ ਵਿੱਚ ਚਿੱਤਰਕਾਰ ਦੇਵਿੰਦਰ ਸਿੰਘ ਚੰਡੀਗੜ੍ਹ ਸਹਾਈ ਹੋਏ ਜਿਨ੍ਹਾਂ ਰਾਗ ਮਾਝ ਨੂੰ ਬਾਣੀ ਦੇ ਆਧਾਰ ਤੇ ਬੜੇ ਭਾਵਪੂਰਤ ਵਿਧੀ ਨਾਲ ਸਮੂਰਤ ਕੀਤਾ ਹੈ। ਇਸ ਵਿੱਚ ਉਨ੍ਹਾਂ ਭਾਰਤੀ ਰਾਗ ਧਿਆਨ ਪਰੰਪਰਾ ਦੇ ਬਿੰਬ ਤੇ ਪ੍ਰਤੀਕ ਨਹੀਂ ਵਰਤੇ ਸਗੋਂ ਬਾਣੀ ਵਿੱਚ ਪ੍ਰਯੋਗ ਕੀਤੇ ਗਏ ਬਿੰਬਾਂ ਤੇ ਪ੍ਰਤੀਕਾਂ ਦੁਆਰਾ ਬਾਣੀ ਵਿਚਲੇ ਰਾਗ ਮਾਝ ਨੂੰ ਆਪਣੀ ਕਲਾ ਦੁਆਰਾ ਸਮੂਰਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਾਝ ਰਾਗ ਵਿੱਚ ਦਰਜ ਚਉਪਦਾ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥ ਨੂੰ ਮੁੱਖ ਅਧਾਰ ਬਣਾਇਆ ਹੈ।

ਸਮਕਾਲੀ ਗਾਇਨ ਵਿਚੋਂ ਰਿਕਾਰਡਿੰਗਜ਼ ਦੇ ਪੱਧਰ ਤੇ ਵੇਖੀਏ ਤਾਂ ਭਾਈ ਗੁਰਮੀਤ ਸਿੰਘ ਸਾਂਤ, ਭਾਈ ਨਰਿੰਦਰ ਸਿੰਘ ਬਨਾਰਸੀ, ਭਾਈ ਧਰਮ ਸਿੰਘ ਜਖਮੀ, ਪ੍ਰੋ. ਹਰਚੰਦ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ, ਡਾ. ਅਲੰਕਾਰ ਸਿੰਘ, ਭਾਈ ਹਰਪਿੰਦਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਭਾਈ ਕੁਲਤਾਰ ਸਿੰਘ, ਭਾਈ ਦੇਵਿੰਦਰ ਸਿੰਘ ਆਦਿ ਇਸ ਰਾਗ ਨੂੰ ਆਪਣੇ ਆਪੋ ਅੰਦਾਜ਼ ਵਿੱਚ ਗਾਉਂਦੇ ਹਨ। ਇਸ ਰਾਗ ਨੂੰ ਸਭ ਤੋਂ ਜ਼ਿਆਦਾ ਗਾਉਣ ਦਾ ਸੁਭਾਗ ਲੇਖਕ (ਡਾ. ਗੁਰਨਾਮ ਸਿੰਘ) ਨੂੰ ਹੀ ਪ੍ਰਾਪਤ ਹੋਇਆ। ਇਸ ਰਾਗ ਵਿੱਚ ਧਰੁਪਦ, ਸ਼ਬਦ ਤੇ ਸੁਗਮ ਰੀਤ ਅੰਗ ਦੇ ਨਾਲ ਵਾਰ ਮਾਝ ਦੀਆਂ ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਅਤੇ ਹੋਰ ਪਉੜੀਆਂ ਦਾ ਗਾਇਨ ਸੰਤ ਬਾਬਾ ਸੁੱਚਾ ਸਿੰਘ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 1992 ਦੌਰਾਨ ਕਰਵਾਇਆ ਤੇ ਪ੍ਰਚਾਰਿਆ। ਇਸ ਤਰ੍ਹਾਂ ਇੰਗਲੈਂਡ ਵਾਲੇ ਪ੍ਰੋ. ਸੁਰਿੰਦਰ ਸਿੰਘ ਇਸ ਰਾਗ ਨੂੰ ਬੜੇ ਸੁਰੀਲੇ, ਭਾਵਪੂਰਤ ਤੇ ਸਹਿਜ ਅੰਦਾਜ਼ ਵਿੱਚ ਗਾਉਂਦੇ ਹਨ। ਗੁਰਮਤਿ ਸੰਗੀਤ ਦੀ ਅਗੰਮੀ ਪੀੜੀ ਵੀ ਇਸ ਰਾਗ ਨੂੰ ਗਾਉਣ ਵੱਲ ਰੁਚਿਤ ਹੈ।

Share this Article
Leave a comment