Home / ਸਿਆਸਤ / ਆਹ ਦੇਖੋ ਕਈ ਹੋਰ ਫ਼ਤਹਿਵੀਰਾਂ ਦੀ ਮੌਤ ਦਾ ਹੋ ਰਿਹੈ ਇੰਤਜਾਰ!..

ਆਹ ਦੇਖੋ ਕਈ ਹੋਰ ਫ਼ਤਹਿਵੀਰਾਂ ਦੀ ਮੌਤ ਦਾ ਹੋ ਰਿਹੈ ਇੰਤਜਾਰ!..

ਪਟਿਆਲਾ : ਸੰਗਰੂਰ ਦੀ ਸੁਨਾਮ ਤਹਿਸੀਲ ‘ਚ ਪੈਂਦੇ ਪਿੰਡ ਭਗਵਾਨਪੁਰਾ ਅੰਦਰ ਫ਼ਤਹਿਵੀਰ ਨਾਮਕ 2 ਸਾਲਾ ਮਾਸੂਮ ਬੱਚੇ ਦੀ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਹੋਈ ਮੌਤ ਨੇ ਸ਼ਾਇਦ ਸੂਬਾ ਸਰਕਾਰ ਨੂੰ ਮੀਡੀਆ ਰਾਹੀਂ ਹਲੂਣਾ ਮਿਲ ਗਿਆ ਹੋਵਾ, ਤੇ ਸ਼ਾਇਦ ਕੈਪਟਨ ਸਰਕਾਰ ਵੱਲੋਂ ਹੁਕਮ ਦੇ ਕੇ ਸੂਬੇ ‘ਚ ਦਹਾਕਿਆਂ ਤੋਂ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਬੰਦ ਕਰਾਉਣ ਦਾ ਕੰਮ ਵੀ ਕੁਝ ਦਿਨਾਂ ‘ਚ ਬੰਦ ਕਰ ਲਿਆ ਜਾਵੇ, ਪਰ ਕੀ ਇਹ ਮੌਤਾਂ ਇੱਥੇ ਹੀ ਰੁਕ ਜਾਣਗੀਆਂ? ਸ਼ਹਿਰਾਂ ਤੇ ਪਿੰਡਾਂ ਅੰਦਰ ਅਜੇ ਵੀ ਸੈਂਕੜੇ ਹਜ਼ਾਰਾਂ ਅਜਿਹੀਆਂ ਥਾਵਾਂ ਹਨ ਜਿੱਥੇ ਬੱਚਿਆਂ ਦੀ ਮੌਤ ਦਾ ਖੌਫ ਉਨ੍ਹਾਂ ਦੇ ਮਾਪਿਆਂ ਨੂੰ ਦਿਨ ਰਾਤ ਸਤਾਉਂਦਾ ਰਹਿੰਦਾ ਹੈ, ਪਰ ਨਾ ਤਾਂ ਸਰਕਾਰ ਉਨ੍ਹਾਂ ਦੀ ਕੁਝ ਸੁਣਦੀ ਹੈ ਤੇ ਨਾ ਹੀ ਮਾਪੇ ਦਿਨ ਰਾਤ ਆਪਣੇ ਬੱਚਿਆਂ ਦੀ ਉਸ ਰਾਖੀ ‘ਤੇ ਬੈਠ ਸਕਦੇ ਹਨ ਕਿ ਉਹ ਉਸ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ ਜਿਸ ਦਾ ਡਰ ਉਨ੍ਹਾਂ ਦੇ ਮਨਾਂ ਅੰਦਰ ਹਮੇਸ਼ਾਂ ਚੋਭਾਂ ਮਾਰਦਾ ਰਹਿੰਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼ਹਿਰਾਂ ਤੇ ਪਿੰਡਾਂ ਅੰਦਰ ਗਲੀਆਂ, ਕੂਚਿਆਂ ‘ਚ ਬਿਜਲੀ ਵਿਭਾਗ ਵੱਲੋਂ ਘਰਾਂ ਵਿੱਚੋ ਬਾਹਰ ਕੱਢ ਕੇ ਲਾਏ ਗਏ ਬਿਜਲੀ ਦੇ ਖੁੱਲ੍ਹੇ ਮੀਟਰਾਂ ਦੀ ਅਤੇ ਬਿਨਾਂ ਢੱਕਣ ਤੋਂ ਖੁੱਲ੍ਹੇ ਪਏ ਸੀਵਰੇਜ਼ ਦੇ ਮੇਨ ਹੋਲਾਂ ਦੀ। ਹਾਲਾਤ ਇਹ ਹਨ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਧਰਤੀ ਨਾਲ ਲਗਦੇ ਇਨ੍ਹਾਂ ਮੀਟਰਾਂ ਦੀਆਂ ਨੰਗੀਆਂ ਤਾਰਾਂ ਸੜਕਾਂ ‘ਤੇ ਪਾਣੀ ਭਰ ਜਾਣ ਨਾਲ ਉਹ ਕਾਂਡ ਕਰ ਜਾਣਗੀਆਂ ਜਿਸ ਨਾਲ ਇੱਕ ਝਟਕੇ ਨਾਲ ਹੀ ਇੱਕ ਨਹੀਂ ਕਈ ਫਤਹਿਵੀਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਮੌਤ ਦਾ ਸ਼ਿਕਾਰ ਹੋ ਜਾਣਗੇ।

ਫਤਹਿਵੀਰ ਦੀ ਮੌਤ ਤੋਂ ਬਾਅਦ ਜਿੱਥੇ ਸੂਬਾ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ‘ਚ ਖੁੱਲ੍ਹੇ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਉੱਥੇ ਉਸ ਮਾਸੂਮ ਨੂੰ ਸ਼ਰਧਾਂਜਲੀਆਂ ਦੇਣ ਲਈ ਸੂਬੇ ਅੰਦਰ ਜਗ੍ਹਾ ਜਗ੍ਹਾ ਕੈਂਡਲ ਮਾਰਚ ਅਤੇ ਬੰਦ ਦੇ ਸੱਦੇ ਦੇ ਕੇ ਸਰਕਾਰ ਵਿਰੁੱਧ ਧਰਨੇ ਲਾਏ ਜਾ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਬਹਿਸ ਛਿੜ ਗਈ ਹੈ ਕਿ ਖੁੱਲ੍ਹੇ ਬੋਰਵੈੱਲ ਤਾਂ ਬੰਦ ਹੋ ਜਾਣਗੇ, ਤੇ ਸ਼ਾਇਦ ਕਈਆਂ ‘ਤੇ ਇਸ ਹਾਦਸੇ ਤੋਂ ਬਾਅਦ ਕਾਰਵਾਈ ਕੀ ਗਾਜ਼ ਵੀ ਗਿਰ ਜਾਵੇ, ਪਰ ਉਨ੍ਹਾਂ ਬਿਜਲੀ ਦੇ ਮੀਟਰਾਂ ਅਤੇ ਗਲੀਆਂ ਬਜ਼ਾਰਾਂ ਵਿੱਚ ਸੀਵਰੇਜ਼ ਦੇ ਖੁੱਲ੍ਹੇ ਮੇਨਹੋਲਾਂ ਦਾ ਕੀ ਕਰੋਗੇ ਜਿਹੜੇ ਇੱਕ ਨਹੀਂ ਕਈ ਜਾਨਾਂ ਲੈਣ ਲਈ ਤਿਆਰ ਬੈਠੇ ਹਨ। ਹਾਲਾਤ ਇਹ ਹਨ ਕਿ ਕਈ ਥਾਂਈਂ ਤਾਂ ਇਹ ਮੀਟਰ ਧਰਤੀ ਨਾਲ ਲੱਗੇ ਹੋਏ ਹਨ, ਤੇ ਇਲਾਕੇ ਦੇ ਮਾਸੂਮ ਬੱਚੇ ਅਕਸਰ ਖੇਡਦੇ ਹੋਏ ਇਨ੍ਹਾਂ ਮੀਟਰਾਂ ਨਾਲ ਅਣਜਾਣੇ ਵੱਸ਼ ਪੰਗੇ ਲੈਂਦੇ ਰਹਿੰਦੇ ਹਨ। ਇਨ੍ਹਾਂ ਹਾਲਾਤਾਂ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਇੱਕ ਤੰਦ ਨੀ ਵਿਗੜੀ ਪੂਰੀ ਤਾਣੀ ਹੀ ਵਿਗੜੀ ਹੋਈ ਹੈ। ਹਾਲਾਂਕਿ ਇਹੋ ਜਿਹੇ ਬਿਜਲੀ ਦੇ ਮੀਟਰਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ, ਪਰ ਇਸ ਦੇ ਬਾਵਜੂਦ ਬਿਜਲੀ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਦੇ ਹੁਕਮ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਆਉਣ ਵਾਲੇ ਕੁਝ ਦਿਨਾਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਬਾਰੇ ਸੋਚ ਕੇ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਮਾਪਿਆਂ ਦੇ ਸਾਹ ਸੁੱਕੇ ਹੋਏ ਹਨ ਜਿਨ੍ਹਾਂ ਇਲਾਕਿਆਂ ਅੰਦਰ ਇਹ ਬਿਜਲੀ ਦੇ ਮੀਟਰ ਅਤੇ ਮੇਨਹੋਲ ਖੁੱਲ੍ਹੇ ਹੋਏ ਹਨ ਕਿਉਂਕਿ ਗਿੱਲੀਆਂ ਦੀਵਾਰਾਂ, ਗਿੱਲੇ ਖੰਭੇ, ਗਲੀਆਂ ‘ਚ ਭਰਦਾ ਪਾਣੀ ਅਤੇ ਮੀਟਰਾਂ ‘ਚੋਂ ਬਾਹਰ ਲਮਕਦੀਆਂ ਨੰਗੀਆਂ ਤਾਰਾਂ ਹਰ ਵੇਲੇ ਇਹ ਸੁਨੇਹਾ ਦੇ ਰਹੀਆਂ ਹਨ ਕਿ ਕਿਸੇ ਵੇਲੇ ਵੀ ਉਹ ਕਾਲ ਦਾ ਰੂਪ ਧਾਰਨ ਕਰ ਸਕਦੀਆਂ ਹਨ। ਕੀ ਸਰਕਾਰ ਇਸ ਵੱਲ ਧਿਆਨ ਦੇਵੇਗੀ? ਜਾਂ ਲੋਕ ਇੱਕ ਵਾਰ ਫਿਰ ਇਹ ਉਡੀਕ ਕਰਨ ਕਿ ਨਵਜੋਤ ਸਿੰਘ ਸਿੱਧੂ ਇਸ ਮਹਿਕਮੇਂ ਦਾ ਚਾਰਜ ਸੰਭਾਲਣ ਫਿਰ ਸ਼ਾਇਦ ਕੁਝ ਹੋ ਸਕੇ?

 

Check Also

ਸਿਮਰਜੀਤ ਸਿੰਘ ਬੈਂਸ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ? ਹੋ ਸਕਦੇ ਹਨ ਗ੍ਰਿਫਤਾਰ!..

ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ …

Leave a Reply

Your email address will not be published. Required fields are marked *