ਨਵੀਆਂ ਪਾਰਟੀਆਂ ਨੂੰ ਸਿਆਸਤ ਕਰਨ ਦੀ ਹੋਵੇ ਖੁੱਲ੍ਹ : ਸਿੱਧੂ

TeamGlobalPunjab
2 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਅਤੇ ਜਨਰਲ ਸੈਕਟਰੀ ਐਸ.ਆਰ. ਲੱਧੜ ਨੇ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ‘ਚ ਸਿਆਸੀ ਸਰਗਰਮੀਆਂ ਰੋਕਣ ਸਬੰਧੀ ਆਪਣੇ ਫੈਸਲੇ ‘ਤੇ ਪੁਨਰ ਵਿਚਾਰ ਕਰਨ।

ਇਨ੍ਹਾਂ ਆਗੂਆਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਨਵੀਆਂ ਪਾਰਟੀਆਂ ਬਣੀਆਂ ਹਨ ਉਨ੍ਹਾਂ ਦੀ ਗੱਲ ਲੋਕ ਤਾਂ ਹੀਸੁਣਨਗੇ ਜੇਕਰ ਸਿਆਸੀ ਸਰਗਰਮੀਆਂ ਚੱਲਣਗੀਆਂ। ਜੇਕਰ ਨਵੀਆਂ ਪਾਰਟੀਆਂ ਦੀ ਲੋਕ ਗੱਲ ਨਹੀਂ ਸੁਣਨਗੇ ਤਾਂ ਪੰਜਾਬ ਵਿਚ ਤੀਜੇ ਬਦਲ ਦੀ ਉਸਾਰੀ ਨਹੀਂ ਹੋ ਸਕੇਗੀ, ਕਿਉਂਕਿ ਤੀਜੇ ਬਦਲ ਦੀ ਉਸਾਰੀ ਨਾਲ ਹੀ ਪਰੰਪਰਾਗਤ ਪਾਰਟੀਆਂ ਨੂੰ ਪਿੱਛੇ ਧੱਕਿਆ ਜਾ ਸਕਦਾ ਹੈ। ਜਿਸ ਕਾਰਨ ਨਵੀਆਂ ਪਾਰਟੀਆਂ ਨੂੰ ਇਹ ਖੁੱਲ੍ਹ ਦੇਣੀ ਚਾਹੀਦੀ ਹੈ ਕਿ ਉਹ ਛੋਟੀਆਂ ਰੈਲੀਆਂ ਅਤੇ ਛੋਟੇ ਇਕੱਠ ਪਿੰਡਾਂ ਵਿਚ ਕਰ ਸਕਣ।

ਇਨ੍ਹਾਂ ਆਗੂਆਂ ਨੇ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀਂ ਖਵਾਏ ਲੱਡੂਆਂ ਉੱਤੇ ਵੀ ਸਵਾਲ ਖੜ੍ਹੇ ਕੀਤੇ। ਕਿਹਾ ਕਿ ਗੰਨੇ ਦਾ ਭਾਅ ਵਧਾਉਣਾ ਤਾਂ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਮੁੱਖ ਮੰਤਰੀ ਨੂੰ ਲੱਡੂ ਖੁਆਕੇ ਇਹ ਪ੍ਰਭਾਵ ਦੇ ਦਿੱਤਾ ਗਿਆ ਹੈ ਕਿ ਕਿਸਾਨਾਂ ਦੀ ਹਮਾਇਤ ਮੁੱਖ ਮੰਤਰੀ ਕੈਪਟਨ ਦੇ ਨਾਲ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਹੋਰ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਬੰਦ ਹਨ ਉਸੇ ਤਰ੍ਹਾਂ ਕਾਂਗਰਸ ਦੀਆਂ ਸਰਗਰਮੀਆਂ ਵੀ ਕਿਸਾਨਾਂ ਵੱਲੋਂ ਠੱਪ ਕਰਨੀਆਂ ਚਾਹੀਦੀਆਂ ਹਨ।

ਨਵਜੋਤ ਸਿੰਘ ਸਿੱਧੂ ਦੀ ਸਿਆਸਤ ਬਾਰੇ ਗੱਲ ਕਰਦਿਆਂ ਕੈਪਟਨ ਚੰਨਣ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਹੁਣ ਦੱਸਣ ਕਿ ਉਸ ਦੇ ਮੁੱਦੇ ਕਿੱਥੇ ਗਏ। ਨਵਜੋਤ ਸਿੰਘ ਸਿੱਧੂ ਹੁਣ ਨਸ਼ਿਆਂ, ਰੇਤ ਮਾਫੀਆ, ਸ਼ਰਾਬ ਮਾਫੀਆ, ਬੇਰੁਜ਼ਗਾਰੀ ਅਤੇ ਹੋਰਨਾਂ ਮਾਮਲਿਆਂ ਬਾਰੇ ਚੁੱਪ ਕਿਉਂ ਹਨ?

- Advertisement -

Share this Article
Leave a comment