ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਦਸਵਾਂ ਰਾਗ ‘ਧਨਾਸਰੀ’ – ਡਾ. ਗੁਰਨਾਮ ਸਿੰਘ

TeamGlobalPunjab
9 Min Read

ਇਕ ਰਾਗ ਰਾਗਨੀਆਂ ਸਮਝਦੇ ਹੈਨ॥ ਇਕ ਸੁਰ ਨੂੰ ਸਮਝਦੇ ਹੈਨ॥ ਇਕ ਸਾਜ ਨੂੰ ਸਮਝਦੇ ਹੈਨ॥ ਇਕ ਸਬਦ ਦੇ ਤਾਤਪਰਜ ਨੂੰ ਸਮਝਦੇ ਹੈਨ॥ ਤੁਮ ਵਡੇ ਸ੍ਰੋਤੇ ਹੈ ਜੋ ਸਬਦ ਦੇ ਤਾਤਪਰਜ ਨੂੰ ਸਮਝਦੇ ਹੋ॥ ਕਾਗ ਭਸੁੰਡ ਕਹਿਆ ਉਤਮ ਹੈ ਕਿ ਮਹਾਰਾਜ ਦੇ ਕੀਰਤਨ ਦੇ ਤਾਤਪਰਜ ਨੂੰ ਸਮਝਦੇ ਹੈਂ, ਸੋ ਰਸ ਪਾਵਤੇ ਹੈਂ॥ ਜੋ ਰਾਗਾਂ ਨੂੰ ਤਾਰਾਂ ਸਮਝਦੇ ਹੈਂ, ਸੋ ਛਿਲ ਖਾਤੇ ਹੈਂ॥


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ 10

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਦਸਵਾਂ ਰਾਗ ‘ਧਨਾਸਰੀ’

* ਡਾ. ਗੁਰਨਾਮ ਸਿੰਘ

ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹੱਤਵਪੂਰਨ ਰਾਗ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਸ਼ਬਦ ਰਚਨਾ ਆਰਤੀ ਦਰਜ ਹੈ। ਆਰਤੀ ਲਈ ਇਸ ਰਾਗ ਦਾ ਨਿਰਧਾਰਣ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਭਗਤ ਰਵਿਦਾਸ, ਭਗਤ ਸੈਣ, ਭਗਤ ਧੰਨਾ ਦੀਆਂ ਸ਼ਬਦ ਰਚਨਾਵਾਂ ਵਿਚ ਮਿਲਦਾ ਹੈ। ਵੱਖ-ਵੱਖ ਸੰਤ ਭਗਤਾਂ ਦੁਆਰਾ ਇਸ ਰਾਗ ਦਾ ਪ੍ਰਯੋਗ ਭਾਰਤੀ ਸੰਗੀਤ ਪਰੰਪਰਾ ਵਿਚ ਰਾਗ ਦੇ ਮਹੱਤਵ ਤੇ ਰੂਹਾਨੀ ਬਾਣੀ ਦੀ ਪ੍ਰਕ੍ਰਿਤੀ ਅਨੁਸਾਰ ਰਾਗ ਦੀ ਚੋਣ ਦਰਸਾਉਂਦਾ ਹੈ। ਇਹ ਵੀ ਪ੍ਰਤੱਖ ਹੈ ਕਿ ਉਸ ਸਮੇਂ ਗੂੜ੍ਹ ਅਧਿਆਤਮ ਦਰਸ਼ਨ ਦੀਆਂ ਬਾਤਾਂ ਤੇ ਜਨ ਸਧਾਰਣ ਦੇ ਜੀਵਨ ਦੇ ਅਧਿਆਤਮ ਰੂਪਾਂਤਰਣ ਲਈ ਸੰਚਾਰ ਵਿਚ ਰਾਗ ਵਿਸ਼ੇਸ਼ ਮਾਧਿਅਮ ਵਜੋਂ ਸਹਾਈ ਹੋਇਆ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਹਵਾਲੇ ਅਨੁਸਾਰ ਤਾਂਹੀਓਂ ਤਾਂ ਗੁਰੂ ਨਾਨਕ ਸਾਹਿਬ ਫੁਰਮਾ ਰਹੇ ਹਨ ਕਿ:ਇਕ ਰਾਗ ਰਾਗਨੀਆਂ ਸਮਝਦੇ ਹੈਨ॥ ਇਕ ਸੁਰ ਨੂੰ ਸਮਝਦੇ ਹੈਨ॥ ਇਕ ਸਾਜ ਨੂੰ ਸਮਝਦੇ ਹੈਨ॥ ਇਕ ਸਬਦ ਦੇ ਤਾਤਪਰਜ ਨੂੰ ਸਮਝਦੇ ਹੈਨ॥ ਤੁਮ ਵਡੇ ਸ੍ਰੋਤੇ ਹੈ ਜੋ ਸਬਦ ਦੇ ਤਾਤਪਰਜ ਨੂੰ ਸਮਝਦੇ ਹੋ॥ ਕਾਗ ਭਸੁੰਡ ਕਹਿਆ ਉਤਮ ਹੈ ਕਿ ਮਹਾਰਾਜ ਦੇ ਕੀਰਤਨ ਦੇ ਤਾਤਪਰਜ ਨੂੰ ਸਮਝਦੇ ਹੈਂ, ਸੋ ਰਸ ਪਾਵਤੇ ਹੈਂ॥ ਜੋ ਰਾਗਾਂ ਨੂੰ ਤਾਰਾਂ ਸਮਝਦੇ ਹੈਂ, ਸੋ ਛਿਲ ਖਾਤੇ ਹੈਂ॥

- Advertisement -

ਵਾਕਿਆ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਨਾਤਨੀ, ਦੇਸੀ, ਰੁਤਕਾਲੀਨ, ਉਤਰੀ ਦੱਖਣੀ, ਸ਼ੁੱਧ, ਛਾਇਆਲਗ, ਸੰਕੀਰਣ ਹਰ ਤਰ੍ਹਾਂ ਦੇ ਰਾਗ ਬਿਨਾਂ ਕਿਸੇ ਭੇਦ ਭਾਵ ਤੋਂ ਪ੍ਰਯੋਗ ਕੀਤੇ ਗਏ ਜੋ ਸ਼ਬਦ ਦੀ ਪ੍ਰਕ੍ਰਿਤੀ ਦੇ ਅਨੁਕੂਲ ਸਹਾਈ ਹੋਏ ਅਤੇ ਅੰਤ ਵਿਚ ਦਰਜ ਰਾਗਮਾਲਾ ਦਾ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਪ੍ਰਬੰਧ (31 ਮੁੱਖ ਰਾਗ ਤੇ 31 ਰਾਗ ਪ੍ਰਕਾਰ) ਨਾਲ ਸਿੱਧਾ ਸਬੰਧ ਦ੍ਰਿਸ਼ਟੀਗੋਚਰ ਨਹੀਂ ਹੁੰਦਾ ਫਿਰ ਵੀ ਇਹ ਰਾਗਮਾਲਾ ਇਸ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੇ ਫੁਰਮਾਨ ਵਾਂਗੂ ਸਾਰੇ ਰਾਗਾਂ ਨੂੰ ਰਾਗਾਤਮਕ ਗਾਇਨ ਵਿਚ ਸਹਾਈ ਦਰਸਾਉਂਦੀ ਹੈ ਤਾਂਹੀਓ ਤਾਂ ਦਸਮ ਗ੍ਰੰਥ ਤੇ ਰਾਗ ਮਾਲਾ ਵਿਚ ਰਾਗ ਮਾਲਾ ਦੇ ਕਾਫੀ ਰਾਗਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ ਜੋ ਗੁਰੂ ਕਾਲ ਤੇ ਗੁਰੂ ਪਰੰਪਰਾ ਦੇ ਹੀ ਗ੍ਰੰਥ ਹਨ। ਇਸੇ ਕਰਕੇ ਇਸ ਪ੍ਰਸੰਗ ਵਿਚ ਧਨਾਸਰੀ ਵਰਗੇ ਰਾਗ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।

ਰਾਗ ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਦੇ ਅੰਤਰਗਤ ਦਸਵੇਂ ਸਥਾਨ ਉਤੇ ਅੰਗ 660 ‘ਤੇ ਆਰੰਭ ਹੋਇਆ ਹੈ। ਧਨਾਸਰੀ ਰਾਗ ਦੇ ਅੰਤਰਗਤ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 8 ਪਦੇ, 1 ਆਰਤੀ, 2 ਅਸਟਪਦੀਆਂ, 3 ਛੰਤ; ਗੁਰੂ ਅਮਰਦਾਸ ਜੀ ਦੇ 9 ਪਦੇ; ਗੁਰੂ ਰਾਮਦਾਸ ਜੀ ਦੇ 13 ਪਦੇ, 1 ਛੰਤ; ਗੁਰੂ ਅਰਜਨ ਦੇਵ ਜੀ ਦੇ 58 ਪਦੇ, 1 ਅਸਟਪਦੀ, 1 ਛੰਤ ਅਤੇ ਗੁਰੂ ਤੇਗ ਬਹਾਦਰ ਜੀ ਦੇ 4 ਪਦੇ ਦਰਜ ਹਨ। ਗੁਰੂ ਸਾਹਿਬਾਨ ਤੋਂ ਇਲਾਵਾ ਇਸ ਰਾਗ ਦੇ ਅੰਤਰਗਤ ਭਗਤ ਕਬੀਰ ਜੀ ਦੇ 5 ; ਭਗਤ ਤ੍ਰਿਲੋਚਨ ਜੀ ਦਾ 1; ਭਗਤ ਨਾਮਦੇਵ ਜੀ ਦੇ 5 ਅਤੇ ਭਗਤ ਰਵਿਦਾਸ ਜੀ ਦੇ 3, ਭਗਤ ਸੈਣ ਜੀ ਦਾ 1, ਭਗਤ ਪੀਪਾ ਜੀ ਦਾ 1 ਅਤੇ ਭਗਤ ਧੰਨਾ ਦਾ 1 ਪਦਾ ਬਾਣੀ ਰੂਪ ਵਿਚ ਅੰਕਿਤ ਹੈ।

ਧਨਾਸਰੀ ਉਤਰੀ ਭਾਰਤੀ ਲੋਕ ਸੰਗੀਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਪਰੰਪਰਾ ਵਿਚੋਂ ਉਤਪੰਨ ਹੋਇਆ ਰਾਗ ਮੰਨਿਆ ਜਾਂਦਾ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਧਨਾਸਰੀ ਆਸਾਮ ਦੇ ਨਜਦੀਕ ਗੋਲਘਾਟ ਦੇ ਨਾਲ ਲਗਦੇ ਦਰਿਆ ਦੀ ਵਾਦੀ ਹੈ। ਪਿਆਰਾ ਸਿੰਘ ਪਦਮ ਨੇ ਗੁਰੂ ਗ੍ਰੰਥ ਸੰਕੇਤ ਕੋਸ਼ ਵਿਚ ਧਨਾਸਰੀ ਨੂੰ ਪੱਛਮੀ ਪੰਜਾਬ ਦਾ ਇਕ ਭਾਗ ਮੰਨਿਆ ਹੈ ਜਿਸ ਦੀ ਸਥਾਨਕ ਲੋਕ ਧੁਨ ਤੋਂ ਇਸ ਰਾਗ ਦੀ ਸਥਾਪਨਾ ਹੋਈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਸੰਗੀਤ ਪਾਰਿਜਾਤ ਵਿਚ ਇਸ ਰਾਗ ਨੂੰ ਮਾਲਵ ਰਾਗ ਦੀਆਂ ਰਾਗਨੀਆਂ ਵਜੋਂ ਸਵੀਕਾਰਿਆ ਗਿਆ ਹੈ। ਸੰਗੀਤ ਦਰਪਣ ਗ੍ਰੰਥ ਵਿਚ ਇਸ ਰਾਗ ਦਾ ਵਰਨਣ ਰਾਗ ਧਿਆਨ ਪਰੰਪਰਾ ਅਧੀਨ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1419 ‘ਤੇ ਗੁਰੂ ਅਮਰਦਾਸ ਜੀ ਇਸ ਸਬੰਧੀ ਫੁਰਮਾਉਂਦੇ ਹਨ ਕਿ ਭਾਈ ਧਨਾਸਰੀ ਤਾਂ ਹੀ ਧਨਵੰਤੀ ਅਰਥਾਤ ਭਾਗਾਂ ਵਾਲੀ ਹੈ ਜੇ ਸਤਿਗੁਰ ਦੀ ਦੱਸੀ ਕਾਰ ਕਮਾਏਗੀ ਭਾਵ ਰਸਮੀ ਕਰਮ ਕਾਂਡਾਂ ਨੂੰ ਛੱਡ ਸੱਚੇ ਗੁਰੂ ਦੀ ਕਾਰ ਕਰਨੀ ਤਾਂ ਹੀ ਧਨਾਸਰੀ ਗਾਉਣ ਵਾਲਾ ਧਨਵੰਤ ਹੋਵੇਗਾ।

ਭਾਰਤੀ ਸੰਗੀਤ ਵਿਚ ਧਨਾਸਰੀ ਰਾਗ ਪੁਰਾਤਨ, ਮਧੁਰ ਅਤੇ ਅਪ੍ਰਚਲਿਤ ਰਾਗਾਂ ਦੀ ਸ਼ੇ੍ਰਣੀ ਵਿਚ ਰਖਿਆ ਗਿਆ ਹੈ। ਪੰਜਾਬ ਦੇ ਕਈ ਲੋਕ ਗੀਤਾਂ ਵਿਚੋਂ ਧਨਾਸਰੀ ਰਾਗ ਦੀ ਮਹਿਕ ਮਿਲਦੀ ਹੈ। ਧਨਾਸਰੀ ਰਾਗ ਦਾ ਨਾਦਾਤਮਕ ਸਰੂਪ ਵਿਦਵਾਨਾਂ ਨੇ ਦੋ ਪ੍ਰਕਾਰ ਦਾ ਮੰਨਿਆ ਹੈ। ਜਿਸ ਅਧੀਨ ਇਸ ਨੂੰ ਕਾਫੀ ਥਾਟ ਅਤੇ ਭੈਰਵੀ ਥਾਟ ਦੇ ਅੰਤਰਗਤ ਰਖਿਆ ਗਿਆ ਹੈ। ਪਰੰਤੂ ਵਧੇਰੇ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਦਵਾਨਾਂ ਨੇ ਕਾਫੀ ਥਾਟ ਯੁਕਤ ਧਨਾਸਰੀ ਨੂੰ ਪ੍ਰਵਾਨ ਕੀਤਾ ਹੈ। ਭੈਰਵੀ ਥਾਟ ਯੁਕਤ ਧਨਾਸਰੀ ਰਾਗ ਵਿਚ ਅਤੇ ਕਾਫੀ ਥਾਟ ਦੇ ਧਨਾਸਰੀ ਵਿਚ ਅੰਤਰ ਕੇਵਲ ਸੁਰਾਂ ਦੀ ਅਵਸਥਾ ਦਾ ਹੀ ਹੈ। ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਪੂਰੀਆ ਧਨਾਸਰੀ ਅਤੇ ਧਨਾਸਰੀ (ਕਾਫੀ ਥਾਟ) ਤੋਂ ਬਿਨਾਂ ਇਕ ਹੋਰ ਰਾਗ ਸਰੂਪ ਰਾਗ ਵਿਆਕਰਣ ਵਿਚ ਦਰਜ ਹੈ। ਜਿਸ ਅਨੁਸਾਰ ਇਸ ਰਾਗ ਦਾ ਸਰੂਪ ਇਸ ਪ੍ਰਕਾਰ ਹੈ – ਆਰੋਹ : ਨੀ (ਮੰਦਰ ਸਪਤਕ) ਸ ਗ (ਕੋਮਲ) ਮ ਪ ਨੀ (ਕੋਮਲ) ਸ (ਤਾਰ ਸਪਤਕ), ਅਵਰੋਹ : ਸ (ਤਾਰ ਸਪਤਕ) ਨੀ (ਕੋਮਲ) ਧ (ਕੋਮਲ) ਪ ਮ ਗ (ਕੋਮਲ) ਰੇ (ਕੋਮਲ) ਸ।

ਰਾਗ ਨਿਰਣਾਇਕ ਕਮੇਟੀ, ਰਾਗ ਕੋਸ਼, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਅਤੇ ਗਿਆਨ ਸਿੰਘ ਐਬਟਾਬਾਦ ਅਨੁਸਾਰ ਇਸ ਰਾਗ ਦਾ ਥਾਟ ਕਾਫੀ ਅਤੇ ਆਰੋਹ ਵਿਚ ਰਿਸ਼ਭ ਧੈਵਤ ਵਰਜਿਤ ਕਰਕੇ ਜਾਤੀ ਔੜਵ ਸੰਪੂਰਨ ਮੰਨੀ ਹੈ। ਇਸ ਰਾਗ ਦਾ ਵਾਦੀ ਸੁਰ ਪੰਚਮ ਅਤੇ ਸੰਵਾਦੀ ਸੁਰ ਸ਼ੜਜ ਹੈ। ਗੰਧਾਰ, ਨਿਸ਼ਾਦ, ਕੋਮਲ ਅਤੇ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਇਸ ਦਾ ਗਾਇਨ ਸਮਾਂ ਦਿਨ ਦਾ ਤੀਸਰਾ ਪਹਿਰ ਹੈ। ਇਸ ਦਾ ਸਰੂਪ – ਆਰੋਹ : ਸ ਗ (ਕੋਮਲ), ਮ ਪ, ਨੀ (ਕੋਮਲ) ਸ (ਤਾਰ ਸਪਤਕ), ਅਵਰੋਹ : ਸ (ਤਾਰ ਸਪਤਕ) ਨੀ (ਕੋਮਲ) ਧ ਮ, ਮ ਪ ਗ (ਕੋਮਲ), ਰੇ ਸ, ਮੁੱਖ ਅੰਗ : ਨੀ (ਕੋਮਲ) ਸ ਗ (ਕੋਮਲ), ਮ ਪ, ਨੀ (ਕੋਮਲ) ਧ ਮ, ਮ ਪ ਗ (ਕੋਮਲ), ਰੇ ਸ ਪ੍ਰਵਾਨਿਆ ਹੈ।

- Advertisement -

ਧਨਾਸਰੀ ਰਾਗ ਵੀਹਵੀਂ ਸਦੀ ਦੇ ਸ਼ਬਦ ਕੀਰਤਨ ਰਚਨਾਕਾਰਾਂ ਨੇ ਰਚਨਾਵਾਂ ਸੁਰਲਿਪੀ ਬੱਧ ਕੀਤੀਆਂ ਹਨ ਜਿਨ੍ਹਾਂ ਵਿਚ ਗਿਆਨ ਸਿੰਘ ਐਬਟਾਬਾਦ ਗੁਰਬਾਣੀ ਸੰਗੀਤ (ਭਾਗ ਪਹਿਲਾ), ਪ੍ਰੋ. ਤਾਰਾ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਵਾਲੀ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਸੰਤ ਸਰਵਣ ਸਿੰਘ ਗੰਧਰਵ ਸੁਰ ਸਿਮਰਨ ਸੰਗੀਤ (ਭਾਗ ਚੌਥਾ), ਪ੍ਰਿੰਸੀਪਲ ਦਿਆਲ ਸਿੰਘ ਗੁਰਮਤਿ ਸੰਗੀਤ ਸਾਗਰ (ਭਾਗ ਪਹਿਲਾ, ਦੂਜਾ), ਡਾ. ਗੁਰਨਾਮ ਸਿੰਘ – ਯਸ਼ਪਾਲ ਸ਼ਰਮਾ ਗੁਰਮਤਿ ਸੰਗੀਤ ਰਾਗ ਰਤਨਾਵਲੀ, ਰਾਗੀ ਜਸਵੰਤ ਸਿੰਘ ਸੰਗੀਤ ਸਾਗਰ, ਪ੍ਰੋ. ਪਰਮਜੋਤ ਸਿੰਘ ਸਵਰ ਸਮੁੰਦ ਰੀਤ ਰਤਨਾਵਲੀ ਆਦਿ ਪ੍ਰਮੁੱਖ ਹਨ।

ਧਨਾਸਰੀ ਰਾਗ ਨੂੰ ਗਾਇਨ ਕਰਨ ਵਾਲੇ ਕੀਰਤਨਕਾਰਾਂ ਵਿਚ ਭਾਈ ਅਵਤਾਰ ਸਿੰਘ, ਭਾਈ ਬਲਬੀਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਡਾ. ਗੁਰਨਾਮ ਸਿੰਘ, ਡਾ. ਨਿਵੇਦਿਤਾ ਸਿੰਘ, ਭਾਈ ਕੁਲਤਾਰ ਸਿੰਘ ਚੰਦਨ, ਭਾਈ ਨਿਰਮਲ ਸਿੰਘ ਖਾਲਸਾ, ਪ੍ਰੋ. ਸੁਰਿੰਦਰ ਸਿੰਘ ਯੂ.ਕੇ., ਪ੍ਰੋ. ਪਰਮਜੋਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਨਿਰੰਜਨ ਸਿੰਘ ਜਵੱਦੀ ਕਲਾਂ, ਬੀਬੀ ਗੁਰਪ੍ਰੀਤ ਕੌਰ-ਕੀਰਤ ਕੌਰ, ਸ. ਅਲੰਕਾਰ ਸਿੰਘ, ਸ੍ਰੀ ਅਲੀ ਅਕਬਰ, ਭਾਈ ਇਕਬਾਲ ਸਿੰਘ ਦੇ ਨਾਮ ਪ੍ਰਮੁੱਖ ਹਨ ਜਿਨ੍ਹਾਂ ਦੇ ਇਸ ਰਾਗ ਨੂੰ ਬਾਖੂਬੀ ਗਾਇਆ ਹੈ। ਅਸੀਂ ਇਸ ਰਾਗ ਨੂੰ www.gurmatsangeetpup.com, www.sikh-relics.com, www.jawadditaksal.org, www.vismaadnaad.org, www.youtube.com  ਵੈਬਸਾਈਟਜ਼ ‘ਤੇ ਸੁਣ ਸਕਦੇ ਹਾਂ। 

*drgnam@yahoo.com

Share this Article
Leave a comment