ਸਾਰੇ ਸਫਾਈ ਕਰਮਚਾਰੀਆਂ ਨੂੰ ਡੀ.ਸੀ. ਰੇਟ ‘ਤੇ ਬਰਾਬਰ ਤਨਖਾਹ ਮਿਲੇ: ਕਮਿਸ਼ਨ

TeamGlobalPunjab
3 Min Read

ਪਟਿਆਲਾ: ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਾਰੇ ਸਫਾਈ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਤੈਅ ਕੀਤੇ ਜਾਣ ਵਾਲੀ ਘੱਟੋ-ਘੱਟ ਉਜਰਤ ਦਰ ਜਾਂ ਡੀ.ਸੀ. ਰੇਟ ਦੇ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗੇਜਾ ਰਾਮ ਨੇ ਅੱਜ ਮਿੰਨੀ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਨਗਰ ਨਿਗਮ, ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕੀਤੀ ਗਈ ਮੀਟਿੰਗ ਵਿੱਚ ਕਿਹਾ ਹੈ ਕਿ ਇੱਕ ਕੰਮ, ਇੱਕ ਤਨਖਾਹ ਦਾ ਸਿਧਾਂਤ ਸਫਾਈ ਕਰਮਚਾਰੀਆਂ ‘ਤੇ ਵੀ ਲਾਗੂ ਕੀਤਾ ਜਾਵੇ।

ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਸਥਾਨਕ ਸਰਕਾਰ ਅਤੇ ਰਾਜ ਸਰਕਾਰ ਦੇ ਕਿਸੇ ਵੀ ਵਿਭਾਗ ਜਾਂ ਸੰਸਥਾਵਾਂ ਵਿੱਚ ਸਫਾਈ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਣਾਲੀ ਰਾਹੀਂ ਨਾਲ ਨਾ ਲਗਾਇਆ ਜਾਵੇ, ਅਜਿਹਾ ਕਰਨ ਨਾ ਕੇਵਲ ਸਫਾਈ ਕਰਮਚਾਰੀਆਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਠੇਕੇਦਾਰਾਂ ਨੇ ਸਫਾਈ ਕਰਮਚਾਰੀਆਂ ਦੇ ਤਨਖਾਹ ਤੋਂ ਕੱਟਿਆ ਗਿਆ ਪੀ.ਐਫ. ਆਦਿ ਜਮਾਂ ਕਰਵਾਉਣ ਦੀ ਜਗ੍ਹਾ ‘ਤੇ ਗਬਨ ਹੀ ਕਰ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਸਿੱਧੀ ਭਰਤੀ ਤੋਂ ਇਲਾਵਾ ਜੇ ਜਰੂਰੀ ਹੋਵੇ ਤਾਂ ਉਹਨਾਂ ਨੂੰ ਡੀ.ਸੀ ਰੇਟ ਤੇ ਰੱਖਿਆ ਜਾਵੇ ਅਤੇ ਉਹਨਾਂ ਦੀ ਤਨਖਾਹ ਦਾ ਭੁਗਤਾਨ ਸਿੱਧਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾਵੇ।

ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਸਫਾਈ ਸੇਵਕਾਂ ਵਿੱਚ ਪੜ੍ਹੇ ਲਿਖੇ ਕਰਮਚਾਰੀਆਂ ਨੂੰ ਸੀਨੀਆਰਤਾ ਦੇ ਆਧਾਰ ‘ਤੇ ਤਰੱਕੀ ਦਾ ਪ੍ਰਬੰਧ ਕੀਤਾ ਜਾਵੇ। ਇਸ ‘ਤੇ 4-9-14 ਦੇ ਆਧਾਰ ‘ਤੇ ਤਨਖਾਹ ਵਿੱਚ ਵਾਧਾ ਦਿੱਤਾ ਜਾਵੇ। ਕਿਸੇ ਕਰਮਚਾਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ‘ਤੇ ਆਸ਼ਰਿਤ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾਵੇ। ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਸਾਰੇ ਵਿਭਾਗ 15 ਦਿਨਾਂ ਦੇ ਅੰਦਰ ਦੱਸਣ ਕਿ ਉਹਨਾਂ ਦੇ ਇੱਥੇ ਸਫਾਈ ਸੇਵਕਾਂ ਦੀਆਂ ਕਿੰਨੀਆਂ ਆਸਾਮੀਆਂ ਖਾਲੀ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਫਾਈ ਸੇਵਕ ਕਰਮਚਾਰੀਆਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਨਬੇੜਾ ਕੀਤਾ ਜਾਵੇਗਾ। ਕਿਸੇ ਵੀ ਕਰਮਚਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਜ਼ਿਲ੍ਹੇ ਵਿੱਚ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨੀ ਹੈ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆ ਕੇ ਬਿਨੈ ਪੱਤਰ ਦੇ ਸਕਦਾ ਹੈ।

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਸਾਰੇ ਸਫਾਈ ਕਰਮਚਾਰੀਆਂ ਦੀ ਮੈਡੀਕਲ  ਜਾਂਚ ਲਈ ਉਹਨਾਂ ਨੂੰ ਡਿਸਪੈਂਸਰੀਆਂ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਸੁਵਿਧਾਵਾਂ ਉਪਲੱਭਦ ਹਨ, ਪਰ ਫਿਰ ਵੀ ਸਫਾਈ ਕਰਮਚਾਰੀਆਂ ਚਾਹੂੰਣ ਤਾਂ ਉਹ ਉਹਨਾਂ ਲਈ ਸਿਹਤ ਕੈਂਪ ਵੀ ਲਗਾ ਸਕਦੇ ਹਨ।

- Advertisement -

ਇਸ ਮੌਕੇ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਰਾਮ ਸਿੰਘ, ਮੈਂਬਰ ਇੰਦਰਜੀਤ ਸਿੰਘ, ਸ਼੍ਰੀ ਸੋਨੂੰ ਸੰਗਰ, ਸ਼੍ਰੀ ਰਾਜੇਸ਼ ਘਾਰੂ ਤੋਂ ਇਲਾਵਾ ਵੱਖ-ਵੱਖ ਸਫਾਈ ਸੇਵਕ ਯੂਨੀਅਨਾਂ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਐਸ.ਪੀ. ਹੈਡ ਕੁਆਟਰ ਸ਼੍ਰੀ ਨਵਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਇਸ਼ਮਤ ਵਿਜੇ ਸਿੰਘ, ਐਸ.ਡੀ.ਐਮ. ਸ਼੍ਰੀ ਚਰਨਜੀਤ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀ ਲਾਲ ਵਿਸ਼ਵਾਸ਼, ਡੀ.ਡੀ.ਪੀ.ਓ. ਸ਼੍ਰੀ ਸੁਰਿੰਦਰ ਸਿੰਘ ਢਿਲੋਂ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਵੱਖ-ਵੱਖ ਅਧਿਕਾਰੀ ਵੀ ਮੌਜੂਦ ਸਨ।

Share this Article
Leave a comment