ਹਾਂਗਕਾਂਗ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਖਤਰਨਾਕ ਕੋਰੋਨਾ ਵਾਇਰਸ ਹੁਣ ਤੱਕ 50 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਦਿਨੋਂ ਦਿਨ ਘਾਤਕ ਹੁੰਦੇ ਜਾ ਰਹੇ ਕੋਰੋਨਾ ਵਾਇਰਸ ਨੇ ਮਨੁੱਖਾਂ ਤੋਂ ਬਾਅਦ ਹੁਣ ਜਾਨਵਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ।
ਤਾਜਾ ਮਾਮਲਾ ਹਾਂਗਕਾਂਗ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਸਥਾਨਕ ਸਿਹਤ ਅਧਿਕਾਰੀਆਂ ਨੇ ਕੁੱਤੇ ਦੇ ਕੋਰੋਨਾ ਵਾਇਰਸ ਨਾਲ ਅੰਸ਼ਕ ਤੌਰ ਤੇ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਪਾਲਤੂ ਕੁੱਤਾ 60 ਸਾਲਾ ਔਰਤ ਦਾ ਹੈ ਜੋ ਕਿ ਖੁਦ ਕੋਰੋਨਾ ਵਾਇਰਸ ਨਾਲ ਪੀੜਤ ਹੈ। ਕੁੱਤੇ ਨੂੰ ਬੀਤੇ ਸ਼ੁੱਕਰਵਾਰ ਤੋਂ ਇਕ ਪਸੂ ਕੇਂਦਰ ‘ਚ ਅਲੱਗ ਤੋਂ ਰੱਖਿਆ ਗਿਆ ਹੈ। ਸ਼ਹਿਰ ਦੇ ਖੇਤੀਬਾੜੀ, ਮੱਛੀ ਪਾਲਣ ਸੰਭਾਲ ਵਿਭਾਗ (ਏ.ਐੱਫ.ਸੀ.ਡੀ.) ਨੇ ਪਾਮੇਰੀਅਨ ਨਸਲ ਦੇ ਕੁੱਤੇ ਦੀ ਜਾਂਚ ਕੀਤੀ ਤੇ ਕੁੱਤੇ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਇਆ ਹੈ।
ਏ.ਐਫ.ਸੀ.ਡੀ. ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਪਸ਼ੂ ਸਿਹਤ ਵਿਸ਼ਵ ਸੰਗਠਨ ਦੇ ਮਾਹਰ ਕੁੱਤੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਬਾਰੇ ਇੱਕਮਤ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਮਨੁੱਖਾਂ ਤੋਂ ਜਾਨਵਰਾਂ ‘ਚ ਇਸ ਵਾਇਰਸ ਦੇ ਸੰਕਰਮਣ ਦਾ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਸਾਰੇ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। ਹਾਂਗਕਾਂਗ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 102 ਮਾਮਲੇ ਸਾਹਮਣੇ ਆਏ ਹਨ ਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਿਸ਼ਵ ਪੱਧਰ ‘ਤੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 90 ਹਜ਼ਾਰ ਤੋਂ ਵੱਧ ਲੋਕ ਇਸ ਤੋਂ ਸੰਕਰਮਿਤ ਹਨ। ਇਟਲੀ ‘ਚ ਕੋਰੋਨਾ ਵਾਇਰਸ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਤੇ 3 ਹਜ਼ਾਰ ਲੋਕ ਸੰਕਰਮਿਤ ਹੋਏ ਹਨ।
- Advertisement -