ਯੂਕਰੇਨ ਸੰਕਟ ‘ਤੇ ਬਿਡੇਨ ਨੇ ਚੀਨ ਨੂੰ ਦਿੱਤੀ ਧਮਕੀ, ਕਿਹਾ- ਰੂਸ ਦੀ ਮਦਦ ਕਰੋਗੇ ਤਾਂ ਭੁਗਤਣੇ ਪੈਣਗੇ ਨਤੀਜੇ

TeamGlobalPunjab
4 Min Read

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਚੀਨ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੂਸ ਦੀ ਮਦਦ ਕੀਤੀ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਦਰਅਸਲ, ਯੂਕਰੇਨ ‘ਤੇ ਰੂਸੀ ਹਮਲੇ ਲਈ ਅਮਰੀਕਾ ਚੀਨ ਨੂੰ ਰੂਸ ਨੂੰ ਫੌਜੀ ਅਤੇ ਆਰਥਿਕ ਮਦਦ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਦੀਆਂ ਯੋਜਨਾਵਾਂ ‘ਤੇ ਉਦੋਂ ਤੋਂ ਕੰਮ ਹੋ ਰਿਹਾ ਹੈ ਜਦੋਂ ਬਾਇਡਨ ਅਤੇ ਸ਼ੀ ਨੇ ਪਿਛਲੇ ਸਾਲ ਨਵੰਬਰ ਵਿੱਚ ਇੱਕ ਡਿਜੀਟਲ ਸਿਖਰ ਬੈਠਕ ਕੀਤੀ ਸੀ। ਹਾਲਾਂਕਿ, ਯੂਕਰੇਨ ਦੇ ਖਿਲਾਫ਼ ਰੂਸੀ ਹਮਲਿਆਂ ਨੂੰ ਲੈ ਕੇ ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਮਤਭੇਦ ਇਸ ਗੱਲਬਾਤ ਦੇ ਕੇਂਦਰ ਵਿੱਚ ਹੋਣ ਦੀ ਉਮੀਦ ਹੈ।

‘ਈਸਟਰਨ ਡੇਲਾਈਟ ਟਾਈਮ’ ਮੁਤਾਬਕ ਦੋਵਾਂ ਨੇਤਾਵਾਂ ਨੇ ਸਵੇਰੇ 9.03 ਵਜੇ ਆਪਣੀ ਗੱਲਬਾਤ ਸ਼ੁਰੂ ਕੀਤੀ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਬਾਇਡਨ ਸ਼ੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਚੀਨ ਦੇ ਸਮਰਥਨ ਅਤੇ ਯੂਕਰੇਨ ਵਿੱਚ ਰੂਸ ਦੇ ਵਹਿਸ਼ੀ ਹਮਲੇ ਦੀ ਆਲੋਚਨਾ ਨਾ ਕਰਨ ਬਾਰੇ ਸਵਾਲ ਕਰਨਗੇ। ਸਾਕੀ ਨੇ ਕਿਹਾ ਕਿ ਇਹ “ਮੁਲਾਂਕਣ ਕਰਨ ਦਾ ਇੱਕ ਮੌਕਾ ਹੈ ਕਿ ਰਾਸ਼ਟਰਪਤੀ ਸ਼ੀ ਕਿੱਥੇ ਖੜੇ ਹਨ।”

ਚੀਨ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮਨੁੱਖੀ ਸਹਾਇਤਾ ਲਈ ਗੱਲਬਾਤ ਅਤੇ ਗ੍ਰਾਂਟਾਂ ਲਈ ਆਪਣੀ ਅਪੀਲ ਨੂੰ ਦੁਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ‘ਤੇ ਰੂਸ ਨੂੰ ਉਕਸਾਉਣ ਅਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਕੇ ਸੰਘਰਸ਼ ਨੂੰ ਵਧਾਉਣ ਦਾ ਦੋਸ਼ ਲਗਾਇਆ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਰੋਜ਼ਾਨਾ ਬ੍ਰੀਫਿੰਗ ਨੂੰ ਦੱਸਿਆ, ”ਚੀਨ ਨੇ ਹਰ ਸਮੇਂ ਜਾਨੀ ਨੁਕਸਾਨ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।” ਉਨ੍ਹਾਂ ਨੇ ਕਿਹਾ, ” ਇਹ ਜਵਾਬ ਦੇਣਾ ਆਸਾਨ ਹੈ ਕਿ ਯੂਕਰੇਨ ਦੇ ਆਮ ਲੋਕਾਂ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ, ਭੋਜਨ ਦੀ ਜਾਂ ਮਸ਼ੀਨ ਗਨ ਦੀ?’ ਮਹੱਤਵਪੂਰਨ ਗੱਲ ਇਹ ਹੈ ਕਿ ਯੂਕਰੇਨ ਵਿੱਚ ਪੁਤਿਨ ਦੁਆਰਾ ਰੂਸੀ ਫੌਜਾਂ ਦੀ ਤਾਇਨਾਤੀ ਤੋਂ ਬਾਅਦ, ਸ਼ੀ ਨੇ ਰੂਸ ਦੇ ਹਮਲੇ ਤੋਂ ਦੂਰੀ ਰੱਖ ਦੀ ਕੋਸ਼ਿਸ਼ ਕੀਤੀ, ਪਰ ਉਹ ਮਾਸਕੋ ਦੀ ਆਲੋਚਨਾ ਕਰਨ ਤੋਂ ਬਚਦੇ ਦਿਖਾਈ ਦਿੱਤੇ। ਸ਼ੁੱਕਰਵਾਰ ਨੂੰ ਬਾਇਡਨ-ਸ਼ੀ ਦੀ ਫੋਨ ਕਾਲ, ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਨਾਲ ਚੌਥੀ ਵਾਰ ਗੱਲਬਾਤ ਹੈ।

- Advertisement -

ਇਸ ਦੌਰਾਨ, ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਤਾਈਵਾਨ ‘ਤੇ ਤਾਕਤ ਨਾਲ ਆਪਣਾ ਦਾਅਵਾ ਕਰਨ ਦੀ ਧਮਕੀ ਨੂੰ ਯਾਦ ਕਰਵਾਉਂਦੇ ਹੁਏ ਚੀਨੀ ਏਅਰਕ੍ਰਾਫਟ ਕੈਰੀਅਰ ਸ਼ਾਨਡੋਂਗ ਸ਼ੁੱਕਰਵਾਰ ਨੂੰ ਤਾਈਵਾਨ ਸਟ੍ਰੇਟ ਤੋਂ ਲੰਘਿਆ। ਇਹ ਘਟਨਾ ਬਾਇਡਨ-ਸ਼ੀ ਦੀ ਗੱਲਬਾਤ ਤੋਂ ਕੁਝ ਘੰਟੇ ਪਹਿਲਾਂ ਹੋਇਆ ਸੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਰਾਸ਼ਟਰੀ ਫੌਜ ਦੀ ਖੁਫੀਆ ਨਿਗਰਾਨੀ ਅਤੇ ਖੋਜ ਪ੍ਰਣਾਲੀ ਸਮੁੰਦਰ ਵਿੱਚ ਚੀਨੀ ਜਹਾਜ਼ਾਂ ਅਤੇ ਤਾਈਵਾਨ ਜਲਡਮਰੂ ਦੇ ਆਲੇ ਦੁਆਲੇ ਹਵਾਈ ਖੇਤਰ ਵਿੱਚ ਹਵਾਈ ਜਹਾਜ਼ਾਂ ਦੀ ਗਤੀਵਿਧੀ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ।”

ਇਸ ਦੇ ਨਾਲ ਹੀ ਝਾਓ ਨੇ ਕਿਹਾ ਕਿ ਉਨ੍ਹਾਂ ਕੋਲ ਸਮੁੰਦਰੀ ਜਹਾਜ਼ ਦੇ ਲੰਘਣ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਕਿ ‘ਮੇਰਾ ਮੰਨਣਾ ਹੈ ਕਿ ਜਹਾਜ਼ ਆਪਣੇ ਨਿਯਮਤ ਸਿਖਲਾਈ ਮਿਸ਼ਨ ‘ਤੇ ਹੋਵੇਗਾ, ਇਸ ਨੂੰ ਚੀਨੀ ਅਤੇ ਅਮਰੀਕੀ ਨੇਤਾਵਾਂ ਦੀ ਗੱਲਬਾਤ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment