ਚੀਨ ‘ਚ ਮੈਡੀਕਲ ਦੇ ਖੇਤਰ ‘ਚ ਪੜਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦੀ ਵਜ੍ਹਾ ਕਾਰਨ ਉੱਥੇ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਚੀਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਰਿਕਾਰਡ ਗਿਣਤੀ ਕਾਰਨ ਸਿੱਖਿਆ ਮੰਤਰਾਲੇ ਨੇ 200 ਤੋਂ ਜਿਆਦਾ ਮਕਾਮੀ ਮੈਡੀਕਲ ਕਾਲਜਾਂ ‘ਚੋਂ 45 ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗਰੇਜ਼ੀ ‘ਚ ਐੱਮਬੀਬੀਐੱਸ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਹੈ।
ਚੀਨੀ ਯੂਨੀਵਰਸਟੀਆਂ ਵਿੱਚ ਮੈਡੀਕਲ ਦੀ ਪੜ੍ਹਾਈ ਲਈ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਦਾਖਲਾ ਲੈਂਦੇ ਹਨ। ਅਮਰੀਕਾ, ਯੂਕੇ ਤੇ ਆਸਟਰੇਲੀਆ ਦੇ ਸੰਸਥਾਨਾਂ ਦੀ ਤੁਲਨਾ ‘ਚ ਆਪਣੇ ਕਿਫਾਇਤੀ ਕੋਰਸਾਂ ਕਾਰਨ ਚੀਨ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦਾ ਹੈ। ਜਿਸ ਵਿੱਚ ਵਿਸ਼ੇਸ਼ ਰੂਪ ਨਾਲ ਭਾਰਤ ਤੇ ਹੋਰ ਏਸ਼ੀਆਈ ਦੇਸ਼ ਸ਼ਾਮਲ ਹਨ।
23,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਚੀਨੀ ਯੂਨੀਵਰਸਟੀਆਂ ‘ਚ ਵੱਖ-ਵੱਖ ਕੋਰਸਾਂ ‘ਚ ਪੜ੍ਹਾਈ ਕਰ ਰਹੇ ਹਨ, ਜਦਕਿ ਉੱਥੇ ਪਾਕਿਸਤਾਨੀ ਵਿਦਿਆਰਥੀਆਂ ਦੀ ਗਿਣਤੀ 28,000 ਤੋਂ ਜ਼ਿਆਦਾ ਹੈ। ਲਗਭਗ ਪੰਜ ਲੱਖ ਵਿਦੇਸ਼ੀ ਵਿਦਿਆਰਥੀ ਵਰਤਮਾਨ ਵਿੱਚ ਚੀਨੀ ਯੂਨੀਵਰਸਟੀਆਂ ਵਿੱਚ ਪੜ੍ਹਾਈ ਕਰਨ ਰਹੇ ਹਨ।
ਚੀਨ ਵਿੱਚ ਪੜ੍ਹਾਈ ਕਰ ਰਹੇ 23,000 ਭਾਰਤੀ ਵਿਦਿਆਰਥੀਆਂ ‘ਚੋਂ 21,000 ਤੋਂ ਜ਼ਿਆਦਾ ਨੇ ਐੱਮਬੀਬੀਐੱਸ ਦੀ ਪੜ੍ਹਾਈ ਵਿੱਚ ਦਾਖਿਲਾ ਲੈ ਰੱਖਿਆ ਹੈ। ਚੀਨੀ ਮੈਡੀਕਲ ਕੋਰਸਾਂ ਬਾਰੇ ਭਾਰਤੀ ਵਿਦਿਆਰਥੀਆਂ ਦੇ ਵਿੱਚ ਵੱਧ ਰਹੀ ਰੁਚੀ ਨੂੰ ਵੇਖਦੇ ਹੋਏ , ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਸਿੱਖਿਆ ਮੰਤਰਾਲੇ (ਐੱਮਓਈ) ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਲਈ ਦੇਸ਼ ਦੇ 45 ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ।