ਟਰੂਡੋ ਸਰਕਾਰ ਨਾਲ ਸਮਝੌਤੇ ਤੋਂ ਨਾਖੁਸ਼ ਜਗਮੀਤ ਸਿੰਘ, ਵੱਖ ਹੋਣ ਦੇ ਦਿੱਤੇ ਸੰਕੇਤ

Prabhjot Kaur
3 Min Read

ਓਟਵਾ: ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨਾਲੋਂ ਵੱਖ ਹੋਣ ਦੇ ਸੰਕੇਤ ਦਿੱਤੇ ਹਨ। ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਮੌਜੂਦਾ ਸਰਕਾਰ ਤੋਂ ਬਿਹਤਰ ਤਰੀਕੇ ਨਾਲ ਮੁਲਕ ਚਲਾ ਸਕਦੇ ਹਨ। ਜਗਮੀਤ ਸਿੰਘ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਕੈਨੇਡਾ ਵਿੱਚ ਮੁੜ ਚੋਣਾਂ ਦਾ ਬਿਗੁਲ ਵੱਜਣ ਦਾ ਇਸ਼ਾਰਾ ਮੰਨਿਆ ਜਾ ਰਿਹਾ ਹੈ।

ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਜੇ ਲਿਬਰਲ ਸਰਕਾਰ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਤਾਂ ਸਾਡੇ ਕੋਲ ਹਮਾਇਤ ਵਾਪਸ ਲੈਣ ਦਾ ਹੱਕ ਮੌਜੂਦ ਹੈ। ਜੇ ਸਮਝੌਤੇ ਮੁਤਾਬਕ ਲੋਕ ਹਿੱਤ ਵਾਲੀਆਂ ਯੋਜਨਾਵਾਂ ‘ਤੇ ਅੱਗੇ ਵਧਣ ਤਾਂ ਇਨਕਾਰ ਕਰਦੀ ਹੈ ਤਾਂ ਸਾਡੇ ਕੋਲ ਹੋਰ ਕੋਈ ਰਾਹ ਬਾਕੀ ਨਹੀਂ ਰਹਿ ਜਾਵੇਗਾ। ਜਗਮੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਲਿਬਰਲ ਸਰਕਾਰ ਨਾਲ ਇੱਕ ਸਾਲ ਪਹਿਲਾਂ ਹੋਏ ‘ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਤੋਂ ਉਹ ਬਿਲਕੁਲ ਖੁਸ਼ ਨਹੀਂ ਪਰ ਪਿਛਲੇ ਸਮੇਂ ਦੌਰਾਨ ਇਸ ਸਮਝੌਤੇ ਰਾਹੀਂ ਕੈਨੇਡਾ ਵਾਸੀਆਂ ਲਈ ਹੋਏ ਕੰਮਾਂ ‘ਤੇ ਮਾਣ ਮਹਿਸੂਸ ਹੁੰਦਾ ਹੈ।

ਐਨ.ਡੀ.ਪੀ. ਆਗੂ ਨੇ ਕਿਹਾ ਕਿ ਉਹ ਹਰ ਵਾਰ ਸਰਕਾਰ `ਤੇ ਦਬਾਅ ਪਾ ਕੇ ਲੋਕ ਹਿੱਤ ਵਾਲੇ ਐਲਾਨ ਨਹੀਂ ਕਰਵਾਉਣਾ ਚਾਹੁੰਦੇ ਅਤੇ ਪ੍ਰਧਾਨ ਮੰਤਰੀ ਬਣ ਕੇ ਖੁਦ ਵਾਗਡੋਰ ਸੰਭਾਲਣ ਦੀ ਸਮਰੱਥਾ ਰੱਖਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਐਨ.ਪੀ.ਪੀ. ਨਾਲ ਸਮਝੌਤਾ ਕਰਦਿਆਂ 2025 ਤੱਕ ਹਮਾਇਤ ਜਾਰੀ ਰੱਖਣ ਦਾ ਵਾਅਦਾ ਲਿਆ ਗਿਆ ਸੀ। ਉੱਥੇ ਹੀ 28 ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਐਨ.ਡੀ.ਪੀ ਦੇ ਦਬਾਅ ਸਦਕਾ ਹੀ ਦੰਦਾਂ ਦੇ ਸਸਤੇ ਇਲਾਜ ਵਾਲੀ ਯੋਜਨਾ ਦਾ ਘੇਰਾ ਵਧਾਇਆ ਜਾ ਸਕਦਾ ਹੈ ਪਰ ਮਹਿੰਗਾਈ ਦੇ ਮਸਲੇ ‘ਤੇ ਕੋਈ ਵੱਡਾ ਐਲਾਨ ਹੋਣ ਦੇ ਆਸਾਰ ਨਹੀਂ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਲਿਬਰਲ ਸਰਕਾਰ ਹੱਥ ਘੁੱਟ ਕੇ ਅੱਗੇ ਵਧਣਾ ਚਾਹੇਗੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਅਸਮਾਨ ਛੂੰਹਦੀ ਮਹਿੰਗਾਹੀ ਤੋਂ ਕੈਨੇਡਾ ਵਾਸੀ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੀ ਜ਼ਰੂਰਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment