ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ 23,000 ਤੋਂ ਵੱਧ ਸੱਦੇ ਭੇਜੇਗਾ ਕੈਨੇਡਾ

Prabhjot Kaur
3 Min Read

ਟੋਰਾਂਟੋ: ਕੈਨੇਡਾ ਇਮੀਗ੍ਰੇਸ਼ਨ ਯੋਜਨਾ ਤਹਿਤ ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਲਾਟਰੀ ਰਾਹੀਂ ਪੀ.ਆਰ ਦੇਣ ਲਈ ਸੰਭਾਵਤ ਸਪੌਂਸਰਾਂ ਤੋਂ ਵੱਡੀ ਗਿਣਤੀ ‘ਚ ਅਰਜ਼ੀਆਂ ਮੰਗਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਸਮੇਂ ਤੱਕ ਲਾਟਰੀ ਰਾਹੀਂ ਕੱਢੇ ਗਏ ਸੱਦੇ ਸਪੌਂਸਰਾਂ ਤੱਕ ਪੁੱਜ ਜਾਣਗੇ, ਜਿਸ ਤੋਂ ਬਾਅਦ ਅਰਜ਼ੀਆਂ ਮੁਕੰਮਲ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਇਹ ਐਲਾਨ ਕਰਦਿਆਂ ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਅਤੇ ਬਰੈਂਪਟਨ ਸੈਂਟਰ ਤੋਂ ਐਮ.ਪੀ. ਸ਼ਫ਼ਕਤ ਅਲੀ ਨੇ ਕਿਹਾ ਕਿ ਪਰਿਵਾਰਾਂ ਦਾ ਮਿਲਾਪ ਪਰਵਾਸੀਆਂ ਦੀ ਸਫ਼ਲਤਾ ‘ਚ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਕੈਨੇਡਾ ਸਰਕਾਰ ਦੇ ਫੈਮਿਲੀ ਸਪੌਂਸਰਸ਼ਿਪ ਪ੍ਰੋਗਰਾਮ ਤਹਿਤ ਇਸ ਵਾਰ 15 ਹਜ਼ਾਰ ਪਰਵਾਸੀਆਂ ਦੇ ਮਾਪਿਆਂ ਤੇ ਦਾਦਾ ਦਾਦੀਆਂ ਨੂੰ ਪੱਕੇ ਤੌਰ ‘ਤੇ ਕੈਨੇਡਾ ਆਉਣ ਦਾ ਮੌਕਾ ਮਿਲੇਗਾ।

ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸੰਭਾਵਤ ਸਪੌਂਸਰਾਂ ਦੀ ਚੋਣ 1 ਲੱਖ 55 ਹਜ਼ਾਰ ਪਰਵਾਸੀਆਂ ਦੇ ਉਸ ਗਰੁੱਪ ‘ਚੋਂ ਕੀਤੀ ਜਾਵੇਗੀ, ਜਿਨ੍ਹਾਂ ਨੇ 13 ਅਕਤੂਬਰ 2020 ਤੋਂ 3 ਨਵੰਬਰ 2020 ਤੱਕ ਦਿੱਤੇ ਸਮੇਂ ਦੌਰਾਨ ਦਿਲਚਸਪੀ ਦੇ ਪ੍ਰਗਟਾਵੇ ਦਾਖ਼ਲ ਕੀਤੇ ਸਨ। ਲਾਟਰੀ ਰਾਹੀਂ ਚੁਣੇ ਜਾਣ ਵਾਲੇ ਪਰਵਾਸੀ ਆਪਣੇ ਮਾਪਿਆਂ ਨੂੰ ਕੈਨੇਡਾ ਸੱਦਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਣਗੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਤੈਅ ਸ਼ਰਤਾਂ ਮੁਤਾਬਕ ਸਪੌਂਸਰ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਉਹ ਘੱਟੋ-ਘੱਟ ਲੋੜੀਂਦੀ ਆਮਦਨ ਦੇ ਮਾਪਦੰਡਾਂ ‘ਤੇ ਖਰਾ ਉਤਰਦਾ ਹੋਵੇ। ਸ਼ਰਤਾਂ ਪੂਰੀਆਂ ਨਾਂ ਕਰਨ ਵਾਲੇ ਸਪੌਂਸਰਾਂ ਦੀ ਅਰਜ਼ੀ ਸਿੱਧੇ ਤੌਰ ‘ਤੇ ਰੱਦ ਸਮਝੀ ਜਾਵੇਗੀ।

ਕਿਊਬਿਕ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨਾਲ ਸਬੰਧਤ ਸਪੌਂਸਰਾਂ ਨੂੰ ਆਮਦਨ ਦੇ ਸਬੂਤ ਵਜੋਂ ਕੈਨੇਡਾ ਰੈਵੇਨਿਊ ਏਜੰਸੀ ਵਲੋਂ ਜਾਰੀ ਤਿੰਨ ਵਿੱਤੀ ਵਰ੍ਹਿਆਂ ਦੇ ਅਸੈਸਮੈਂਟ ਨੋਟਿਸ ਪੇਸ਼ ਕਰਨੇ ਹੋਣਗੇ। ਇਸ ਤੋਂ ਇਲਾਵਾ ਇੱਛੁਕ ਸਪੌਂਸਰਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵੀ ਦੱਸਣੀ ਹੋਵੇਗੀ ਤਾਂਕਿ ਆਮਦਨ ਅਤੇ ਖਰਚੇ ਨਾਲ ਸਬੰਧਤ ਸ਼ਰਤਾਂ ਦੀ ਤਸਦੀਕ ਕੀਤੀ ਜਾ ਸਕੇ। ਪਰਿਵਾਰਕ ਮੈਂਬਰਾਂ ‘ਚ ਸਪੌਂਸਰ ਖੁਦ, ਉਸ ਦਾ ਜੀਵਨ ਸਾਥੀ, ਨਿਰਭਰ ਬੱਚੇ ਅਤੇ ਕਾਮਨ ਲਾਅ ਪਾਰਟਨਰ ਦੇ ਨਿਰਭਰ ਬੱਚੇ ਵੀ ਗਿਣੇ ਜਾਣਗੇ। ਬਿਨੈਕਾਰ ਨੂੰ ਦੱਸਣਾ ਹੋਵੇਗਾ ਕਿ ਪਹਿਲਾਂ ਉਸ ਵੱਲੋਂ ਕਿਸੇ ਪਰਿਵਾਰਕ ਮੈਂਬਰ ਨੂੰ ਸਪੌਂਸਰ ਕੀਤਾ ਗਿਆ ਸੀ ਜਾਂ ਨਹੀਂ। ਇਸ ਤੋਂ ਇਲਾਵਾ ਕੈਨੇਡਾ ਦੀ ਪੀ.ਆਰ. ਲੈਣ ਵਾਲੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਦੇ ਨਿਰਭਰ ਬੱਚਿਆਂ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment