ਇਜ਼ਰਾਈਲ ਨੇ ਈਰਾਨ ਦੇ ਤੇਲ ਭੰਡਾਰਾਂ ਨੂੰ ਬਣਾਇਆ ਨਿਸ਼ਾਨਾ; ਕੀਤੇ ਹਵਾਈ ਹਮਲੇ

Global Team
2 Min Read

ਤੇਹਰਾਨ : ਅਮਰੀਕਾ-ਇਜ਼ਰਾਈਲ-ਇਰਾਨ ਜੰਗ ਅਜੇ ਵੀ ਰੁਕਦੀ ਨਜ਼ਰ ਨਹੀਂ ਆ ਰਹੀ ਤਾਜ਼ਾ ਜਾਣਕਾਰੀ ਅਨੁਸਾਰ ਇਜ਼ਰਾਈਲ ਨੇ ਹੁਣ ਈਰਾਨ ਵਿੱਚ ਤੇਲ ਭੰਡਾਰਨ ਅਤੇ ਰਿਫਾਇਨਰੀ ਸਹੂਲਤਾਂ ‘ਤੇ ਹਵਾਈ ਹਮਲੇ ਕੀਤੇ ਹਨ। ਇਜ਼ਰਾਈਲੀ ਮੀਡੀਆ ਦੇ ਅਨੁਸਾਰ, 30 ਈਰਾਨੀ ਫਿਊਲ ਟੈਂਕਾਂ ਅਤੇ ਤਿੰਨ ਤੇਲ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਤੇਲ ਭੰਡਾਰਨ ਟਿਕਾਣਿਆਂ ‘ਤੇ ਹਮਲਿਆਂ ਤੋਂ ਬਾਅਦ ਫੈਲਿਆ ਤੇਲ ਸ਼ਹਿਰ ਦੀਆਂ ਨਾਲੀਆਂ ਵਿੱਚ ਪਹੁੰਚ ਗਿਆ, ਜਿਸ ਕਾਰਨ ਕਈ ਜਗ੍ਹਾ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ।

ਈਰਾਨ ਦੇ ਤੇਲ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਤੇਹਰਾਨ ਦੇ ਨੇੜੇ ਅਲਬੋਰਜ਼ ਸੂਬੇ ਦੇ ਕਰਜ ਸ਼ਹਿਰ ਸਮੇਤ ਤਿੰਨ ਇਲਾਕਿਆਂ ਵਿੱਚ ਤੇਲ ਭੰਡਾਰਨ ਡਿਪੂਆਂ ‘ਤੇ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਕਈ ਥਾਵਾਂ ‘ਤੇ ਤੇਲ ਫੈਲ ਗਿਆ ਅਤੇ ਕੁਝ ਥਾਵਾਂ ‘ਤੇ ਉਸ ਨੂੰ ਅੱਗ ਲੱਗ ਗਈ, ਜਿਸ ਕਾਰਨ ਸੜਕਾਂ ਦੇ ਕਿਨਾਰੇ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗੀਆਂ। ਹਮਲਿਆਂ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਸਥਿਤੀ ‘ਤੇ ਕਾਬੂ ਪਾਉਣ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਜ਼ਰਾਈਲੀ ਫੌਜ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਈਂਧਨ ਭੰਡਾਰਨ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਦੀ ਵਰਤੋਂ ਇਰਾਨੀ ਹਥਿਆਰਬੰਦ ਬਲਾਂ ਦੁਆਰਾ ਕੀਤੀ ਜਾ ਰਹੀ ਸੀ। ਹਮਲਿਆਂ ਦੀ ਲਪੇਟ ਵਿੱਚ ਤੇਹਰਾਨ ਦੇ ਨੇੜੇ ਸਥਿਤ ‘ਸ਼ਹਿਰ-ਏ-ਰੇ’ ਜ਼ਿਲ੍ਹੇ ਦੀ ਮੁੱਖ ਰਿਫਾਇਨਰੀ ਅਤੇ ਅਲਬੋਰਜ਼ ਸੂਬੇ ਦੇ ਕਈ ਤੇਲ ਡਿਪੂ ਵੀ ਆਏ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਊਰਜਾ ਟਿਕਾਣਿਆਂ ‘ਤੇ ਇਹ ਸਿੱਧਾ ਹਮਲਾ ਇਰਾਨ ਦੀ ਆਰਥਿਕਤਾ ਅਤੇ ਉਸਦੀ ਫੌਜੀ ਸਮਰੱਥਾ ਦੀ ਕਮਰ ਤੋੜਨ ਦੀ ਇੱਕ ਸੋਚੀ-ਸਮਝੀ ਰਣਨੀਤੀ ਹੋ ਸਕਦੀ ਹੈ। ਪਿਛਲੇ ਇੱਕ ਹਫ਼ਤੇ ਤੋਂ ਜਾਰੀ ਸੰਘਰਸ਼ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇਰਾਨ ਦੇ ਐਨਰਜੀ ਇੰਫਰਾਸਟ੍ਰਕਚਰ ਨੂੰ ਇਸ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ।

Share This Article
Leave a Comment