ਓਟਵਾ: ਕੋਰੋਨਾ ਮਹਾਂਮਾਰੀ ਦਾ ਡਰ ਘਟਣ ਤੋਂ ਬਾਅਦ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਬੈਕਲਾਗ ‘ਚ ਫਸੀਆਂ ਹੋਈਆਂ ਹਨ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ ਗਈਆਂ, ਪਰ ਉਹ ਲੰਬੇ ਸਮੇਂ ਤੋਂ ਉਡੀਕ ‘ਚ ਹੀ ਬੈਠੇ ਹਨ। ਪਰ ਹੁਣ ਹਾਲਾਤਾਂ ‘ਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਕੈਨੇਡਾ ਸਰਕਾਰ ਨੇ ਮੌਜੂਦਾ ਵਰ੍ਹੇ ਦੇ ਅੰਤ ਤੱਕ 27 ਲੱਖ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖ਼ਤਮ ਹੋਣ ਦੀ ਉਮੀਦ ਜ਼ਾਹਰ ਕਰਦਿਆਂ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਇੰਮੀਗ੍ਰੇਸ਼ਨ ਪ੍ਰਣਾਲੀ ਮੁਕੰਮਲ ਤੌਰ ‘ਤੇ ਡਿਜੀਟਲ ਹੋ ਰਹੀ ਹੈ ਜਿਸ ਰਾਹੀਂ ਪੀ.ਆਰ. ਦੀਆਂ ਅਰਜ਼ੀਆਂ ਕੁਝ ਹਫ਼ਤਿਆਂ ਵਿਚ ਨਿਪਟਾਈਆਂ ਜਾ ਸਕਣਗੀਆਂ ਅਤੇ ਫਾਈਲ ਦਾ ਸਟੇਟਸ ਵੀ ਨਾਲ-ਨਾਲ ਪਤਾ ਲਗਦਾ ਰਹੇਗਾ।
ਇੱਕ ਰਿਪੋਰਟ ਮੁਤਾਬਕ ਹਰੇ ਡੱਬੇ ਵਾਲੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਸਭ ਤੋਂ ਪਹਿਲਾਂ ਪ੍ਰੋਸੈਸ ਹੋਣਗੀਆਂ ਜਿਨ੍ਹਾਂ ਵਿਚ ਵੀਜ਼ਾ ਅਫ਼ਸਰ ਨੂੰ ਜ਼ਿਆਦਾ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਉਲਟ ਸਾਧਾਰਣ ਡੱਬੇ ਵਾਲੀਆਂ ਇਮੀਗ੍ਰੇਸ਼ਨ ਫ਼ਾਈਲਾਂ ਸ਼ੁਰੂਆਤ ‘ਚ ਹੀ ਵੀਜ਼ਾ ਅਫ਼ਸਰ ਕੋਲ ਪਹੁੰਚ ਜਾਣਗੀਆਂ ਅਤੇ ਪੜਤਾਲ ਤੋਂ ਬਾਅਦ ਵੀਜ਼ੇ ਬਾਰੇ ਫੈਸਲਾ ਲਿਆ ਜਾਵੇਗਾ।
ਉੱਧਰ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਅਪ੍ਰੈਲ 2021 ਤੋਂ ਆਰੰਭੇ ਗਏ ਪਾਇਲਟ ਪ੍ਰੋਗਰਾਮ ਨੇ ਸਾਬਤ ਕਰ ਦਿੱਤਾ ਕਿ ਆਟੋਮੇਟਡ ਸਿਸਟਮ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਹ ਸਿਸਟਮ ਕੋਈ ਅਰਜ਼ੀ ਰੱਦ ਨਹੀਂ ਕਰਦਾ ਅਤੇ ਅੰਤਿਮ ਫੈਸਲਾ ਵੀਜ਼ਾ ਅਫ਼ਸਰ ਵੱਲੋਂ ਹੀ ਲਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸ ਦੀਆਂ ਅਰਜ਼ੀਆਂ ‘ਚ ਭਾਰਤੀ ਸਭ ਤੋਂ ਅੱਗੇ ਹਨ ਅਤੇ ੁਣ ਨਵੀਂ ਡਿਜੀਟਲ ਪ੍ਰਣਾਲੀ ਰਾਹੀਂ ਹੋਰ ਜ਼ਿਆਦਾ ਵੀਜ਼ੇ ਜਾਰੀ ਕੀਤੇ ਜਾ ਸਕਣਗੇ। ਇਸ ਸਾਲ ਹੁਣ ਤੱਕ ਭਾਰਤੀ ਵਿਦਿਆਰਥੀਆਂ ਨੂੰ 2 ਲੱਖ 30 ਹਜ਼ਾਰ ਸਟੱਡੀ ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.