ਓਟਾਵਾ: ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ‘ਚੋਂ 900 ਪ੍ਰਵਾਸੀਆਂ ਨੂੰ ਪਿਛਲੇ ਢਾਈ ਸਾਲ ਦੌਰਾਨ ਡਿਪੋਰਟ ਕੀਤਾ ਹੈ। ਜਿਸ ਦਾ ਪ੍ਰਗਟਾਵਾ ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ‘ਚ ਕੀਤਾ ਗਿਆ ਹੈ। ਗਲੋਬਲ ਨਿਊਜ਼ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ 2017 ਦੇ ਸ਼ੁਰੂਅਤਾ ਤੋਂ ਲੈ ਕੇ ਇਸ ਸਾਲ ਮਈ ਦੇ ਅੰਤ ਤੱਕ 45,000 ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਧਰਤੀ ‘ਚ ਦਾਖਲ ਹੋਏ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦਲੀਲ ਦਿੱਤੀ ਹੈ ਕਿ ਪਨਾਹ ਮੰਗਣ ਵਾਲੇ ਕਿਸੇ ਪ੍ਰਵਾਸੀ ਨੂੰ ਉਦੋਂ ਹੀ ਡਿਪੋਰਟ ਕਰਨ ਦੇ ਹੁਕਮ ਦਿੱਤੇ ਜਾ ਸਕਦੇ ਹਨ, ਜਦੋਂ ਮੁਲਕ ਵਿਚ ਰਹਿਣ ਦੇ ਸਾਰੇ ਕਾਨੂੰਨੀ ਰਾਹ ਬੰਦ ਹੋ ਜਾਣ। ਬਾਰਡਰ ਸੁਰੱਖਿਆ ਮੰਤਰੀ ਬਿਲ ਬਲੇਅਰ ਦੀ ਤਰਜਮਾਨ ਮੇਰੀ ਇਮੈਨੁਅਲ ਨੇ ਕਿਹਾ ਕਿ ਡਿਪੋਰਟ ਕਰਨ ਦੇ ਹੁਕਮਾਂ ਤੋਂ ਪਹਿਲਾਂ ਹਰ ਨਾਜਾਇਜ਼ ਸ਼ਰਨਾਰਥੀ ਨਿਆਇਕ ਸਮੀਖਿਆ, ਪ੍ਰਸ਼ਾਸਕੀ ਸਮੀਖਿਆ ਅਤੇ ਹੋਰ ਕਾਨੂੰਨੀ ਪ੍ਰਕਿਰਿਆ ਲੜਾਉਣ ਦੀ ਕੋਸ਼ਿਸ਼ ਕਰਦਾ ਹੈ। ਸਿੱਧੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਹਰ ਪ੍ਰਵਾਸੀ, ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਪਹਿਲਾਂ ਸੰਪੂਰਨ ਕਾਨੂੰਨੀ ਪ੍ਰਕਿਰਿਆ ‘ਚੋਂ ਲੰਘਣ ਦਾ ਹੱਕਦਾਰ ਹੈ।
ਲਿਬਰਲ ਸਰਕਾਰ ਨੇ ਇਨ੍ਹਾਂ ਨੂੰ ਗੈਰ-ਕਾਨੂੰਨੀ ਪ੍ਰਵਾਸੀ ਮੰਨਣ ਦੀ ਬਿਜਾਏ ਗੈਰ ਨਿਯਮਬੱਧ ਪ੍ਰਵਾਸੀ ਕਰਾਰ ਦਿੱਤਾ। ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਆਪਣੇ ਕੋਲ ਆਏ ਦਾਅਵਿਆਂ ‘ਚੋਂ ਸਿਰਫ 33 ਫੀਸਦੀ ਮਾਮਲਿਆਂ ਦਾ ਨਿਪਟਾਰਾ ਕਰਨ ਵਿਚ ਹੀ ਸਫਲ ਰਿਹਾ। ਇਨ੍ਹਾਂ ਵਿਚੋਂ 6885 ਦਾਅਵੇ ਪ੍ਰਵਾਨ ਕੀਤੇ ਗਏ ਜਦੋਂ ਕਿ 5650 ਰੱਦ ਕਰ ਦਿੱਤੇ ਗਏ। 1322 ਦਾਅਵੇ ਵਾਪਸ ਲੈ ਲਏ ਜਾਂ ਇਨ੍ਹਾਂ ਨੂੰ ਵਿਚਾਲੇ ਛੱਡ ਦਿੱਤਾ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮੁਕੰਮਲ ਯਾਤਰਾ ਦਸਤਾਵੇਜ਼ਾਂ ਦੀ ਗੈਰਮੌਜੂਦਗੀ ‘ਤੇ ਮੈਡੀਕਲ ਕਾਰਨਾਂ ਕਰਕੇ ਵੀ ਨਾਜਾਇਜ਼ ਸ਼ਰਨਾਰਥੀਆਂ ਨੂੰ ਡਿਪੋਰਟ ਕਰਨ ਵਿਚ ਦੇਰੀ ਹੋ ਰਹੀ ਹੈ।
ਕੈਨੇਡਾ ਨੇ ਪਿਛਲੇ ਢਾਈ ਸਾਲਾਂ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ 900 ਪ੍ਰਵਾਸੀ ਕੀਤੇ ਡਿਪੋਰਟ
Leave a comment
Leave a comment