ਮਾਨਸਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਕਮਿਸ਼ਨ ਵੱਲੋਂ ਸਰਕਾਰੀ ਥਾਵਾਂ ‘ਤੇ ਬਿਨਾਂ ਮਨਜ਼ੂਰੀ ਹੋਰਡਿੰਗ ਲਾਉਣ ‘ਤੇ ਨੋਟਿਸ ਜ਼ਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਖਹਿਰਾ ਨੂੰ ਦੋ ਦਿਨ ਦੇ ਅੰਦਰ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਕਨੂੰਨੀ ਮਾਹਰਾਂ ਅਨੁਸਾਰ ਜੇਕਰ ਖਹਿਰਾ ਇਸ ਨੋਟਿਸ ਦਾ ਜਵਾਬ ਦੇਣ ‘ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਪਰਚਾ ਦਰਜ਼ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ 25 ਮਾਰਚ ਵਾਲੇ ਦਿਨ ਸੁਖਪਾਲ ਸਿੰਘ ਖਹਿਰਾ ਵੱਲੋਂ ਸੁਨਾਮ-ਮਾਨਸਾ ਰੋਡ ‘ਤੇ ਪੈਂਦੇ ਢੈਪਈ ਪਿੰਡ ਤੋਂ ਸ਼ੁਰੂ ਕਰਕੇ ਮਾਨਸਾ ਮੌੜ ਹੁੰਦਿਆਂ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਇੱਕ ਰੋਡ ਸ਼ੋਅ ਕੱਢਿਆ ਗਿਆ ਸੀ ਜਿਸ ਦੌਰਾਨ ਸੁਖਪਾਲ ਖਹਿਰਾ ਨੇ ਇੱਕ ਖੁੱਲ੍ਹੀ ਜੀਪ ‘ਚ ਬੈਠ ਕੇ ਆਪਣੇ ਸਮਰਥਕਾਂ ਨਾਲ ਸੰਪਰਕ ਸਾਧਿਆ ਸੀ। ਇਸ ਦੌਰਾਨ ਇਸ ਖੇਤਰ ‘ਚ ਪੈਂਦੀਆਂ ਕੁਝ ਸਰਕਾਰੀ ਥਾਵਾਂ ‘ਤੇ ਖਹਿਰਾ ਦੀ ਪਾਰਟੀ ਵੱਲੋਂ ਕੁਝ ਹੋਰਡਿੰਗ ਲਗਾਏ ਗਏ ਸਨ, ਜਿਨ੍ਹਾਂ ਬਾਰੇ ਦੋਸ਼ ਹੈ ਕਿ ਇਹ ਹੋਰਡਿੰਗ ਬਿਨਾਂ ਮਨਜ਼ੂਰੀ ਤੋਂ ਲਗਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਖਹਿਰਾ ਨੂੰ ਕਾਰਨ ਦੱਸੋ ਨੋਟਿਸ ਜ਼ਾਰੀ ਕੀਤਾ ਹੈ। ਜਿਸ ਦੀ ਪੁਸ਼ਟੀ ਐਸਡੀਐਮ ਅਭਿਜੀਤ ਨੇ ਕਰਦਿਆਂ ਕਿਹਾ ਹੈ ਕਿ ਜੇਕਰ ਖਹਿਰਾ ਨੋਟਿਸ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ ਤਾਂ ਉਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਜਾ ਸਕਦਾ ਹੈ।