ਰਾਮ ਰਹੀਮ ਦੀ ਪੈਰੋਲ ਦਾ ਸੁਖਬੀਰ ਬਾਦਲ ਨੇ ਕੀਤਾ ਵਿਰੋਧ, ਕਹਿੰਦਾ ਕਾਤਲਾਂ ਦਾ ਬਾਹਰ ਕੋਈ ਕੰਮ ਨਹੀਂ, ਦੇਖੋ ਵੀਡੀਓ

TeamGlobalPunjab
2 Min Read

ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਸਾਲ 2007 ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਸੁਵਾਂਗ ਰਚਣ ਦੇ ਮਾਮਲੇ ਵਿੱਚ ਪੰਜਾਂ ਤਖਤਾਂ ਦੇ ਜਥੇਦਾਰਾਂ ‘ਤੇ ਦਬਾਅ ਪਾ ਕੇ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਉਣ ਦਾ ਦੋਸ਼ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਹ ਨਾ ਸਿਰਫ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ‘ਤੇ ਵਿਰੋਧ ਕਰਦੇ ਹਨ, ਬਲਕਿ ਡੇਰਾ ਮੁਖੀ ਨੂੰ ਪੰਜਾਬ ਵਿੱਚ ਵੜਨ ਵੀ ਨਹੀਂ ਦੇਣਗੇ। ਸੁਖਬੀਰ ਬਾਦਲ ਇੱਥੇ ਆਪਣੀ ਕੋਰ ਕਮੇਟੀ ਨਾਲ ਮਿਲ ਕੇ ਕੀਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਵੇਂ ਇਹ ਹਰਿਆਣਾ ਸਰਕਾਰ ਦਾ ਫੈਸਲਾ ਹੈ, ਪਰ ਉਹ ਕਿਸੇ ਵੀ ਹਾਲਤ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਬ ਨਹੀਂ ਆਉਣ ਦੇਣਗੇ। ਉਨ੍ਹਾਂ ਸਵਾਲ ਕੀਤਾ ਕਿ ਕਾਤਲਾਂ ਦਾ ਜੇਲ੍ਹ ਤੋਂ ਬਾਹਰ ਆਉਣ ਦਾ ਕੀ ਕੰਮ ਹੈ?

ਇਸ ਤੋਂ ਇਲਾਵਾ ਸੁਖਬੀਰ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਹਰਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਨ ਵਾਲਿਆਂ ਨੂੰ ਮਾਫੀ ਉਨ੍ਹਾਂ ਨੇ ਨਹੀਂ ਬਲਕਿ ਕੈਪਟਨ ਸਰਕਾਰ ਨੇ ਦੁਵਾਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਉਨ੍ਹਾਂ ਨੇ ਹਰਜੀਤ ਦੇ ਦੋਸ਼ੀਆਂ ਨੂੰ ਮਾਫੀ ਦਿਵਾਉਣ ਲਈ ਉਸ ਦੀ ਫਾਇਲ ਮੰਗਾਈ ਤੇ ਇਹ ਫਾਇਲ ਮੁੱਖ ਮੰਤਰੀ ਕੋਲ 18 ਅਪ੍ਰੈਲ 2017 ਨੂੰ ਪਹੁੰਚੀ। ਇੱਥੇ ਹੀ ਸੁਖਬੀਰ ਬਾਦਲ ਨੇ ਆਪਣੇ ਹੱਥੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਹੁਕਮਾਂ ਦੀ ਕਾਪੀ ਦਿਖਾਈ। ਸੁਖਬੀਰ ਬਾਦਲ ਨੇ ਸਬੂਤ ਦਿਖਾਉਂਦਿਆਂ ਇਸ ਮਾਫੀ ‘ਚ ਆਪਣੀ ਸਰਕਾਰ ਦੀ ਸ਼ਮੂਲੀਅਤ ਮੰਨਣ ਤੋਂ ਇਨਕਾਰ ਕਰ ਦਿੱਤਾ। ਛੋਟੇ ਬਾਦਲ ਨੇ ਇੱਥੇ ਮਹਿੰਦਰਪਾਲ ਬਿੱਟੂ ਦੇ ਕਤਲ ਬਾਰੇ ਬੋਲਦਿਆਂ ਕਿਹਾ ਕਿ ਇਹ ਜੇਲ੍ਹ ਮੰਤਰੀ (ਸੁਖਜਿੰਦਰ ਸਿੰਘ ਰੰਧਾਵਾ) ਦੀ ਨਾਕਾਮੀ ਹੈ ਤੇ ਇਸ ਕੇਸ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਜੱਜ ਤੋਂ ਕਰਵਾਉਣੀ ਚਾਹੀਦੀ ਹੈ।

ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਇੱਥੇ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/835LTWORpZI

Share this Article
Leave a comment