ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬਣਾ ਤਾ, ਇਨ੍ਹਾਂ ‘ਚ 2 ਪੰਜਾਬੀ ਬਹੁੜੀਂ ਵੇ ਰੱਬਾ ਬਹੁੜੀਂ

Prabhjot Kaur
5 Min Read

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ ਗੱਲਾਂ ਹੀ ਬਣੇ ਰਹੇ। ਸਮੇਂ ਨੇ ਪਾਸਾ ਬਦਲਿਆ  ਤਾਂ ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਾਮਵਰ ਅਖ਼ਬਾਰ ਰੋਜ਼ਾਨਾ ਦੁਨੀਆ ਵਿੱਚ ਇੱਕ ਅਜਿਹਾ ਇਸ਼ਤਿਹਾਰ ਛਪਵਾਇਆ ਹੈ, ਜਿਸ ਵਿੱਚ ਸਾਰੇ ਲੋਕਾਂ ਦੇ ਨਾਮ ਅਤੇ ਤਸਵੀਰਾਂ ਛਾਪ ਕੇ ਅਦਾਲਤ ਨੇ ਆਮ ਜਨਤਾ ਨੂੰ ਸੂਚਿਤ ਕਰਦਿਆਂ ਮਦਦ ਮੰਗੀ ਹੈ ਕਿ ਮੁਲਕ ਦੀਆਂ ਜੇਲ੍ਹਾਂ ਵਿੱਚ ਬੰਦ ਅਜਿਹੇ 19 ਭਾਰਤੀ ਹਨ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਅੱਜ ਵੀ ਗੁੰਮਨਾਮੀ ਦੀ ਜ਼ਿੰਦਗੀ ਬੀਤਾ ਰਹੇ ਹਨ।  ਇਸ਼ਤਿਹਾਰ ਮੁਤਾਬਕ ਇਹ ਲੋਕ ਗੈਰ -ਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰ ਪਾਕਿਸਤਾਨ ‘ਚ ਦਾਖ਼ਲ ਹੋਏ ਸਨ ਤੇ ਅਦਾਲਤਾਂ ਨੇ ਇਨ੍ਹਾਂ ਨੂੰ ਸਜ਼ਾ ਸੁਣਾਈ ਸੀ। ਇਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਪਰ ਇਸ ਤੇ ਬਾਵਜੂਦ ਇਹ ਕੈਦੀ ਅੱਜ ਵੀ ਜੇਲ੍ਹ ‘ਚੋਂ ਬਾਹਰ ਇਸ ਲਈ ਨਹੀਂ ਆ ਸਕੇ ਕਿਉਂਕਿ ਸਾਰੇ ਆਪਣਾ ਨਾਂ, ਪਤਾ ਅਤੇ ਕੌਮੀਅਤ ਵੀ ਨਹੀਂ ਦੱਸ ਸਕਦੇ। ਸੁਪਰੀਮ ਕੋਰਟ ਨੇ ਆਮ ਜਨਤਾ ਤੋਂ ਮਦਦ ਮੰਗੀ ਹੈ ਕਿ ਜੇਕਰ ਇਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਪਾਕਿਸਤਾਨ ਦੀ ਸਰਬਉੱਚ ਅਦਾਲਤ ਨਾਲ ਰਾਬਤਾ ਕਾਇਮ ਕਰ ਸਕਦਾ ਹੈ।

ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪਾਕਿਸਤਾਨੀ ਪੱਤਰਕਾਰ ਮੁਹੰਮਦ ਤਾਰਿਖ ਕੰਬੋਜ਼ ਨੇ 22 ਫਰਵਰੀ ਵਾਲੇ ਦਿਨ ਸੋਸ਼ਲ ਮੀਡੀਆ ‘ਤੇ ਇਸ ਇਸ਼ਤਿਹਾਰ ਦੀ ਕਟਿੰਗ ਅਤੇ ਆਡੀਓ ਮੈਸੇਜ ਭੇਜ ਕੇ ਕਿਹਾ ਕਿ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਛਪਣ ਵਾਲੇ ਇਸ ਅਖ਼ਬਾਰ ਇਸ਼ਤਿਹਾਰ ਲੱਗਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਜ਼ਾ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਇਹ ਕੈਦੀ ਅੱਜ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ । ਉਰਦੂ ਭਾਸ਼ਾ ਦੇ ਇਸ ਅਖ਼ਬਾਰ ਵਿੱਚ ਲੱਗੇ ਇਸ਼ਤਿਹਾਰ ਦਾ ਅਨੁਵਾਦ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ 2 ਚੜ੍ਹਦੇ ਪੰਜਾਬ ਦੇ ਜਲੰਧਰ ਅਤੇ ਗੁਰਦਾਸਪੁਰ ਜਿਲ੍ਹੇ ਦੇ ਰਹਿਣ ਵਾਲੇ ਹਨ।ਇਨ੍ਹਾਂ ਵਿਚੋਂ ਜਲੰਧਰ ਵਾਸੀ ਇਕ ਕੈਦੀ ਦਾ ਨਾਮ  ਰਾਜੂ ਪੁੱਤਰ ਸੰਤੋਸ਼ ਹੈ ਜਿਸ ਦੀ ਸਜ਼ਾ 24 ਜਨਵਰੀ 2015 ਨੂੰ ਖਤਮ ਹੋ ਚੁੱਕੀ ਹੈ ਤੇ ਗੁਰਦਾਸਪੁਰ ਵਾਸੀ ਵਿਅਕਤੀ ਦਾ ਨਾਮ ਹਿਪਲਾ ਹੈ ਤੇ ਉਹ 17 ਅਗਸਤ 2011 ਨੂੰ ਸਜ਼ਾ ਖਤਮ ਹੋਣ ਦੇ ਬਾਵਜੂਦ ਉੱਥੋਂ ਦੀ ਜੇਲ੍ਹ ਵਿੱਚ ਬੰਦ ਹੈ।

ਇਨ੍ਹਾਂ ਦੋਵਾਂ ਤੋਂ ਇਲਾਵਾ 17 ਹੋਰ ਵਿਅਕਤੀਆਂ ਦੀ ਤਸਵੀਰਾਂ ਅਤੇ ਹੋਰ ਵੇਰਵੇ ਦਰਜ ਹਨ। ਜਿਨ੍ਹਾਂ ਵਿੱਚ ਅਸਮਾ ਮੁਸਕਾਨ ਦਾ ਕੋਈ ਪਤਾ ਤਾਂ ਨਹੀਂ ਹੈ, ਪਰ ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਇਹ 1 ਨਵੰਬਰ 2007 ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਇਸੇ ਤਰ੍ਹਾਂ  ਸ਼ਾਮ ਸੁੰਦਰ ਵਾਸ 7 ਜੂਨ 2012 ਨੂੰ ਜੇਲ੍ਹ ਭੇਜਿਆ ਗਿਆ ਸੀ, ਲਖਨਊ ਵਾਸੀ ਬਿਰਜੂ  28 ਜੁਲਾਈ 2007 ਤੋਂ, ਕਲਕੱਤਾ ਵਾਸੀ ਅਜੀਰਾ 14 ਮਈ 2008 ਤੋਂ,  ਸਹਾਰਨਪੁਰ ਯੂ.ਪੀ. ਵਾਸੀ ਹਸੀਨਾ ਬੀਬੀ 12 ਜੂਨ 2014 ਤੋਂ, ਨਕੀਆ ਜਿਸ ਦਾ ਕੋਈ ਪਤਾ ਨਹੀਂ ਹੈ  1 ਨਵੰਬਰ 2007 ਤੋਂ, ਮਹਿਲਖੰਡ ਜਿਲ੍ਹਾ ਕੂੰਨੀ ਵਾਸੀ ਬੇਗਨ ਕੁਮਾਰ  28 ਅਗਸਤ 2014, ਮੱਧ ਪ੍ਰਦੇਸ ਵਾਸੀ ਅਨਿਲ ਕੁਮਾਰ 13 ਅਗਸਤ 2015, ਅਤੇ ਰਾਜੂ ਪੁੱਤਰ ਸੁੰਬਲ  23 ਮਈ 2010, ਬਨਾਰਸ ਵਾਸੀ ਪੂਨੀਆ ਲਾਲ 6 ਮਈ 2009 ,ਮੱਧ ਪ੍ਰਦੇਸ਼ ਵਾਸੀ ਸਤੀਸ਼ ਬਾਘ 18 ਫਰਵਰੀ 2017, ਬਿਹਾਰ ਦੇ ਜਿਲ੍ਹਾ ਪਟਨਾ ਵਾਸੀ ਰਾਜੂ ਰਾਏ  17 ਅਗਸਤ 2011 , ਕਸਬਾ ਫੁਲਵਾਨ ਵਾਸੀ ਹਨੀਪੁਰ 14 ਜੁਲਾਈ 2010, ਗੂੰਗਾ ਬਹਿਰਾ  ਜਿਸਦਾ ਕੋਈ ਪਤਾ ਨਹੀਂ ਹੈ  ਪਰ ਉਹ 14 ਮਈ 2015 ਜੇਲ੍ਹ ‘ਚ ਬੰਦ ਹੈ,  ਕਾਸਕੋਪੁਰ ਵਾਲਾ ਰੂਪੀ ਲਾਲ 14 ਜੁਲਾਈ 2010 ਤੋਂ, ਅਸਮੋ ਮੁਸਕਾਨ 10 ਨਵੰਬਰ 2004 ਤੋਂ ਤੇ  ਬਹਿਰਾਮਪੁਰ ਜਿਲ੍ਹਾ ਗੁਰਦਾਸਪੁਰ ਵਾਸੀ ਜੋ ਕਿ 17 ਅਗਸਤ 2011 ਤੋਂ ਜੇਲ੍ਹ ‘ਚ ਬੰਦ ਹੈ,  ਦੇ ਨਾਮ ਸ਼ਾਮਲ ਹਨ। ਇਸ਼ਤਿਹਾਰ ਦੇ ਅੰਤ ‘ਚ ਅਦਾਲਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹ ਫੈਡਰਲ ਰਿਵਿਊ ਬੋਰਡ, ਸੁਪਰੀਮ ਕੋਰਟ ਆਫ ਪਾਕਿਸਤਾਨ ਨਾਲ ਸੰਪਰਕ ਕਰ ਸਕਦਾ ਹੈ।

ਇਹ ਜਾਣਕਾਰੀਆਂ ਪੜ੍ਹਨ ਸੁਣਨ ਤੇ ਦੇਖਣ ਤੋਂ ਬਾਅਦ ਭਾਂਵੇਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਸ ਇਸ਼ਤਿਹਾਰ ਦੀ ਪੁਸ਼ਟੀ ਕਰਨਾ ਭਾਰਤੀ ਵਿਦੇਸ਼ ਮੰਤਰਾਲੇ ਦਾ ਕੰਮ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਰਕਾਰ ਇਸਦੀ ਜਾਂਚ ਕਾਰਵਾਏ, ਤਾਂਕਿ ਜੇਕਰ ਇਹ ਲੋਕ ਭਾਰਤੀ ਨਾਗਰਿਕ ਹਨ ਤਾਂ ਇਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਇਸ ਕੁੱਭੀ ਨਰਕ ਚੋਂ ਬਾਹਰ ਕੱਢਵਾਇਆ ਜਾ ਸਕੇ। ਤਾਂ ਹੀ ਇਸ ਸਵਾਲ ਦਾ ਜਵਾਬ ਲੱਭ ਸਕੇਗਾ ਕਿ, ਕੀ ਇਨ੍ਹਾਂ ਦੇ ਪਰਿਵਾਰਾਂ ਨੇ ਕਦੀ ਇਨ੍ਹਾਂ ਦੀ ਰਿਹਾਈ ਲਈ ਕੋਈ ਯਤਨ ਕੀਤਾ ਸੀ?  ਜੇਕਰ ਕੀਤਾ ਸੀ ਤਾਂ ਉਹ ਵੇਰਵੇ ਕਿੱਥੇ ਹਨ ? ਤੇ ਅੱਜ ਤੱਕ ਇਨ੍ਹਾਂ ਕੈਦੀਆਂ ਦੇ ਪਰਿਵਾਰਾਂ ਸਮੇਤ ਭਾਰਤੀ ਵਿਦੇਸ਼ ਮੰਤਰਾਲਾ ਨੇ ਇਨ੍ਹਾਂ ਦੀ ਰਿਹਾਈ ਲਈ ਯਤਨ ਕਿਉਂ ਨਹੀਂ ਕੀਤੇ ?  ਤਸਵੀਰਾਂ ਤੇ ਵੇਰਵੇ ਅਸੀਂ ਵੀ ਤੁਹਾਨੂੰ ਦੱਸ ਰਹੇ ਹਨ ਤੇ ਉਮੀਦ ਕਰਦੇ ਹਾਂ ਕਿ ਪਤਾ ਲੱਗਣ ਤੇ ਤੁਸੀਂ ਇਨ੍ਹਾਂ ਦੀ ਰਿਹਾਈ ਲਈ ਆਪਣਾ ਫਰਜ਼ ਨਿਭਾਉਂਦਿਆਂ ਆਪਣਾ ਫਰਜ਼ ਜ਼ਰੂਰ ਨਿਭਾਓਗੇ।

- Advertisement -

Share this Article
Leave a comment