ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਆਪਣੀ ਸੂਬਾ ਇਕਾਈ ਭੰਗ ਕਰਕੇ ਕਿਸੇ ਵੇਲੇ ਵੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ, ਤੇ ਇਸ ਲਈ ਉਹ ਬੇਹੱਦ ਉਤਾਵਲੇ ਵੀ ਹਨ। ਮਾਨ ‘ਤੇ ਇਹ ਦੋਸ਼ ਲਾਉਂਦਿਆਂ ਹਰਸਿਮਰਤ ਨੇ ਆਪ ਪ੍ਰਧਾਨ ਨੂੰ ਸਵਾਲ ਵੀ ਕੀਤਾ ਹੈ ਕਿ ਉਹ ਸੂਬਾ ਵਾਸੀਆਂ ਨੂੰ ਦੱਸਣ ਕਿ ਆਪਣੇ ਨਿੱਜੀ ਸੁਆਰਥਾਂ ਨੂੰ ਪੂਰਨ ਲਈ ਅਜਿਹਾ ਕਰਨ ਲਈ ਪੱਬਾਂ ਭਰ ਕਿਉਂ ਹਨ ?
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧੀ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਨਾਲ ਕੀਤੀ ਜਾ ਰਹੀ ਇਹ ਸੌਦੇਬਾਜ਼ੀ ਸਿਰੇ ਨਾ ਚੜ੍ਹਦਿਆਂ ਦੇਖ ਭਗਵੰਤ ਮਾਨ ਘਬਰਾ ਗਏ ਹਨ, ਤੇ ਉਨ੍ਹਾਂ ਦੀ ਇਹ ਘਬਰਾਹਟ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਸੀਟ ‘ਤੇ ਮਾਨ ਦੀ ਹਾਰ ਪੱਕੀ ਹੈ ਤੇ ਇਸ ਗੱਲ ਤੋਂ ਮਾਨ ਵੀ ਭਲੀ ਭਾਂਤ ਜਾਣੂੰ ਹਨ। ਇਸੇ ਲਈ ਉਹ ‘ਆਪ’ ਨੂੰ ਭੰਗ ਕਰਨ ਦੀਆਂ ਯੋਜਨਾਵਾਂ ਘੜਨ ਲੱਗ ਪਿਆ ਹੈ।
ਕੇਂਦਰੀ ਮੰਤਰੀ ਅਨੁਸਾਰ ਭਗਵੰਤ ਮਾਨ ਉਹੋ ਕੁਝ ਬੋਲ ਰਹੇ ਹਨ ਜੋ ਉਨ੍ਹਾਂ ਦੇ ਪ੍ਰਧਾਨ ਤੇ ਆਪ ਸੁਪਰੀਮੋ ਦੇ ਬੋਲ ਹਨ। ਹਰਸਿਮਰਤ ਨੇ ਕਿਹਾ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਕਾਂਗਰਸ ਦੀਆਂ ਮਿਨਤਾਂ ਕਰ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਦੀ ਪਾਰਟੀ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰ ਲਵੇ, ਉਸੇ ਤਰ੍ਹਾਂ ਹੁਣ ਭਗਵੰਤ ਮਾਨ ਵੀ ਸੰਗਰੂਰ ਹਲਕੇ ਤੋਂ ਚੋਣ ਜਿੱਤਣ ਲਈ ਖੁਦ ਦੀ ਇਕਾਈ ਭੰਗ ਕਰਨ ਨੂੰ ਵੀ ਤਿਆਰ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਆਪ ਦੀ ਸਿਆਸੀ ਖੇਡ ਹੁਣ ਖਤਮ ਹੈ ਤੇ ਇਸੇ ਲਈ ਮਾਨ ਹੁਣ ਇਸ ਸੀਟ ਨੂੰ ਬਚਾਉਣ ਲਈ ਕਾਂਗਰਸ ਦੀਆਂ ਮਿਨਤਾਂ ਕਰ ਰਹੇ ਹਨ।