ਫਤਹਿਵੀਰ ਕਾਂਡ : ਜਾਣੋ ਉਹ 5 ਕਾਰਨ ਜਿਨ੍ਹਾਂ ਨੇ ਬੱਚੇ ਦੀ ਜਾਨ ਲਈ, ਮੂੰਹ ‘ਚ ਰੇਤ ਭਰ ਗੀ ਤੇ ਮੌਤ ਤੱਕ ਤੜਫਦਾ ਰਿਹਾ ਫਤਹਿਵੀਰ, ਆਹ ਦੇਖੋ ਵੀਡੀਓ

TeamGlobalPunjab
6 Min Read

ਚੰਡੀਗੜ੍ਹ : ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਜਿਸ 2 ਸਾਲਾ ਬੱਚੇ ਫਤਹਿਵੀਰ ਸਿੰਘ ਦੀ ਮੌਤ ਹੋ ਗਈ ਸੀ, ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਉਸ ਬੱਚੇ ਦੇ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੂੰ ਜਾਣ ਕੇ ਪੱਥਰ ਦਿਲ ਇਨਸਾਨ ਵੀ ਭੁੰਬਾਂ ਮਾਰ ਮਾਰ ਕੇ ਰੋ ਪਵੇਗਾ। ਡਾਕਟਰਾਂ ਅਨੁਸਾਰ ਫਤਹਿਵੀਰ ਦੀ ਮੌਤ ਪੋਸਟ ਮਾਰਟਮ ਕਰਨ ਤੋਂ 3-4 ਦਿਨ ਪਹਿਲਾਂ ਹੀ ਹੋ ਗਈ ਸੀ ਤੇ ਜਿਸ ਵੇਲੇ ਫਤਹਿਵੀਰ ਬੋਰਵੈੱਲ ‘ਚ ਡਿੱਗਾ ਤਾਂ ਉਸ ਦੇ ਨਾਲ ਹੀ ਰੇਤ ਦੀ ਬੋਰੀ ਵੀ ਉਸ ਦੇ ਉੱਪਰ ਜਾ ਡਿੱਗੀ। ਜਿਸ ਕਾਰਨ ਰੇਤ ਫਤਹਿਵੀਰ ਦੇ ਮੂੰਹ ਵਿੱਚ ਭਰ ਗਈ ਤੇ ਉਹ ਉਦੋਂ ਤੱਕ ਸਹੀ ਢੰਗ ਨਾਲ ਸਾਹ ਵੀ ਨਹੀਂ ਲੈ ਸਕਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਜਾਂਚ ਦੌਰਾਨ ਫਤਹਿਵੀਰ ਦੇ ਮੂੰਹ ਦੇ ਅੰਦਰ ਅਤੇ ਬਾਹਰ ਰੇਤ ਦੇ ਕਣ ਮਿਲੇ ਹਨ, ਤੇ ਪਤਾ ਲੱਗਾ ਹੈ ਕਿ ਫਤਹਿਵੀਰ ਦੇ ਸਰੀਰ ‘ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਸੀ।

ਫਤਹਿਵੀਰ ਦੇ ਸਰੀਰ ਦਾ ਪੋਸਟ ਮਾਰਟਮ ਪੀਜੀਆਈ ਚੰਡੀਗੜ੍ਹ ਦੇ ਫੁਰੈਂਸਿਕ ਵਿਭਾਗ ਦੇ ਮੁਖੀ ਡਾ. ਵਾਈਐਸ ਬਾਂਸਲ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਸੇਨਥਿਲ ਕੁਮਾਰ ਤੋਂ ਇਲਾਵਾ ਦੋ ਹੋਰ ਡਾਕਟਰਾਂ ਦੇ ਬੋਰਡ ਨੇ ਕੀਤਾ ਹੈ। ਜਿਨ੍ਹਾਂ ਨੇ ਰਿਪੋਰਟ ਦਿੱਤੀ ਹੈ ਕਿ 11 ਜੂਨ 2019 ਨੂੰ ਸਵੇਰ 7 ਵੱਜ ਕੇ 24 ਮਿੰਟ ‘ਤੇ ਫਤਹਿਵੀਰ ਨੂੰ ਬੋਰਵੈੱਲ ‘ਚ ਡਿੱਗਣ ਦਾ ਕੇਸ ਦੱਸ ਕੇ ਪੀਜੀਆਈ ਦੇ ਬੱਚਾ ਵਿਭਾਗ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਨੇ ਦੱਸਿਆ ਹੈ, ਕਿ ਜਿਸ ਵੇਲੇ ਬੱਚੇ ਨੂੰ ਦਾਖਲ ਕੀਤਾ ਗਿਆ ਉਸ ਸਮੇਂ ਨਾ ਤਾਂ ਉਹ ਸਾਹ ਲੈ ਰਿਹਾ ਸੀ, ਨਾ ਉਸ ਦੇ ਦਿਲ ਦੀ ਧੜਕਣ ਅਤੇ ਨਾ ਹੀ ਉਸ ਦੀ ਨਬਜ਼ ਚੱਲ ਰਹੀ ਸੀ। ਲਿਹਾਜਾ ਬੱਚੇ ਨੂੰ ਮ੍ਰਿਤਕ ਲਿਆਂਦਾ ਗਿਆ ਕਰਾਰ ਦੇ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਲਈ ਲਿਖਤੀ ਬੇਨਤੀ ਕਰਨ ‘ਤੇ ਫਤਹਿਵੀਰ ਦਾ 11 ਵੱਜ ਕੇ 15 ਮਿੰਟ ‘ਤੇ ਪੋਸਟ ਮਾਰਟਮ ਕੀਤਾ ਗਿਆ ਹੈ। ਪੋਸਟ ਮਾਰਟਮ ਕਰਨ ਵਾਲੇ ਇਨ੍ਹਾਂ ਡਾਕਟਰਾਂ ਅਨੁਸਾਰ ਬੱਚੇ ਦੀ ਮੌਤ ਦੀ ਵਜ੍ਹਾ ਇੱਕ ਨਹੀਂ ਹੈ ਬਲਕਿ ਬਹੁਤ ਸਾਰੇ ਅਜਿਹੇ ਕਾਰਨ ਰਹੇ ਜਿਨ੍ਹਾਂ ਨੇ ਫਤਹਿਵੀਰ ਦੀ ਜਾਨ ਲੈ ਲਈ।

ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਫਤਹਿਵੀਰ ਦੀ ਮੌਤ ਦੀ ਪਹਿਲੀ ਵਜ੍ਹਾ ਉਸ ਨੂੰ ਆਕਸੀਜਨ ਨਾ ਮਿਲਣਾ ਸੀ ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਹਾਈਪੋਕਸੀਆ ਕਿਹਾ ਜਾਂਦਾ ਹੈ। ਦੂਸਰਾ ਕਾਰਨ ਬੋਰਵੈੱਲ ਅੰਦਰਲੀ ਘੁਟਣ ਸੀ ਤੇ ਉੱਤੋਂ ਉਸ ਦੇ ਮੂੰਹ ਦੇ ਉੱਤੇ ਰੇਤ ਪਈ ਹੋਣ ਕਾਰਨ ਉਹ ਸਾਹ ਨਹੀਂ ਲੈ ਪਾ ਰਿਹਾ ਸੀ। ਫਤਹਿਵੀਰ ਦੀ ਮੌਤ ਦਾ ਤੀਜਾ ਕਾਰਨ ਸੀ ਬੋਰਵੈਲ ਦੇ ਅੰਦਰਲਾ ਤਾਪਮਾਨ ਵੱਧ ਹੋਣਾ ਤੇ ਚੌਥੇ ਕਾਰਨ ਅਨੁਸਾਰ ਉਸ ਨੂੰ ਇਸ ਸਮੇਂ ਦੌਰਾਨ ਨਾ ਕੁਝ ਖਾਣ ਨੂੰ ਮਿਲਿਆ ਤੇ ਨਾ ਕੁਝ ਪੀਣ ਨੂੰ। ਇੰਝ ਭੁੱਖਣ ਭਾਣਾ ਫਤਹਿਵੀਰ ਡੀਹਾਈਡ੍ਰੇਸ਼ਨ ਦਾ ਵੀ ਸ਼ਿਕਾਰ ਹੋ ਗਿਆ।

ਪੋਸਟ ਮਾਰਟਮ ਰਿਪੋਰਟ ਅਨੁਸਾਰ ਬੱਚੇ ਨੂੰ ਬਚਾਉਣ ਦੌਰਾਨ ਉਸ ਦੇ ਸਰੀਰ ‘ਤੇ ਕੁਝ ਨਿਸ਼ਾਨ ਵੀ ਮਿਲੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਫਤਹਿਵੀਰ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ, ਪਰ ਰਿਪੋਰਟ ਅਨੁਸਾਰ ਫਤਹਿਵੀਰ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੀ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਇਨ੍ਹਾਂ ਸਾਰੇ ਹਾਲਾਤਾਂ ਨੂੰ ਜਾਣ ਕੇ ਇਹ ਪਤਾ ਲਗਦਾ ਹੈ ਫਤਹਿਵੀਰ ਜਿੰਨੀ ਦੇਰ ਵੀ ਬੋਰਵੈੱਲ ਅੰਦਰ ਜਿੰਦਾ ਫਸਿਆ ਰਿਹਾ, ਉਹ ਤੜਫਦਾ ਰਿਹਾ ਹੈ ਤੇ ਤੜਫ ਤੜਫ ਕੇ ਉਸ ਦੀ ਮੌਤ ਹੋ ਗਈ।

- Advertisement -

ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਬੋਰਵੈੱਲ ‘ਚ ਜਿੰਦਾ ਫਤਹਿਵੀਰ ਕਿੰਨਾਂ ਹਾਲਾਤਾਂ ਵਿੱਚ ਫਸਿਆ ਰਿਹਾ ਤੇ ਬਾਹਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਬਚਾਅ ਅਭਿਆਨ ਸਰਸੇ ਵਾਲੇ ਪ੍ਰੇਮੀਆਂ ਵਰਗੇ ਅਜਿਹੇ ਲੋਕਾਂ ਦੇ ਹਵਾਲੇ ਕੀਤੀ ਰੱਖਿਆ ਜਿਨ੍ਹਾਂ ਕੋਲ ਅਜਿਹੇ ਬਚਾਅ ਕਾਰਜਾਂ ਵਿੱਚ ਹਿੱਸਾ ਲੈਣ ਦੀ ਕੋਈ ਟ੍ਰੇਨਿੰਗ ਨਹੀਂ ਸੀ। ਸ਼ਾਇਦ ਇਸੇ ਲਈ ਆਪ੍ਰੇਸ਼ਨ ਦੌਰਾਨ ਕਈ ਤਰ੍ਹਾਂ ਦੇ ਸਵਾਲ ਉਠਦੇ ਰਹੇ ਕਿ ਫੌਜ ਨੂੰ ਕਿਉਂ ਨਹੀਂ ਬੁਲਾਇਆ ਜਾ ਰਿਹਾ। ਫਤਹਿਵੀਰ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਨੇ ਜਿੱਥੇ ਉਸ ਦੇ ਹੱਥਾਂ ਵਿੱਚ ਰੱਸੀ ਪਾ ਕੇ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਉੱਥੇ ਦੂਜੇ ਪਾਸੇ ਬੋਰਵੈੱਲ ਦੇ ਬਰਾਬਰ ਵੱਡਾ ਬੋਰਵੈੱਲ ਕਰਕੇ ਸੁਰੰਗ ਬਣਾਉਣ ਦਾ ਉਪਰਾਲਾ ਵੀ ਕੀਤਾ ਗਿਆ, ਪਰ ਸਾਰਾ ਕੰਮ ਕੱਛੂ ਦੀ ਚਾਲ ਰਿਹਾ। ਦੋਸ਼ ਹੈ ਕਿ ਪ੍ਰਸ਼ਾਸਨ ਨੇ ਆਧੁਨਿਕ ਮਸ਼ੀਨਾਂ ਨਹੀਂ ਮੰਗਵਾਈਆਂ, ਲੋਕ ਤਸਲਿਆਂ ਨਾਲ ਮਿੱਟੀ ਕੱਢਦੇ ਰਹੇ ਤੇ ਇਸ ਕਾਰਨ 3 ਦਿਨ ਬਰਬਾਦ ਹੋ ਗਏ। ਕਦੇ ਬਰਾਬਰ ਦੇ ਬੋਰਵੈੱਲ ਦੀ ਡੁੰਘਾਈ ਜਿਆਦਾ ਹੋ ਗਈ, ਤੇ ਸੁਰੰਗ ਬਣਾ ਕੇ ਵੀ ਬੱਚੇ ਤੱਕ ਨਹੀਂ ਪਹੁੰਚਿਆ ਜਾ ਸਕਿਆ ਤੇ ਕਦੇ ਪਾਇਪ ਹਿੱਲ ਗਏ। ਇਸ ਦੌਰਾਨ ਅੰਤ ਵਿੱਚ ਕੰਮ ਆਇਆ ਤਾਂ ਗੁਰਿੰਦਰ ਸਿੰਘ ਦਾ ਦੇਸੀ ਤਰੀਕਾ, ਜਿਸ ਦੀ ਗੱਲ ਸੁਣ ਕੇ ਜਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਬੱਚਾ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਤੇ ਆਖ਼ਰਕਾਰ ਫਤਹਿਵੀਰ ਨੂੰ ਬਾਹਰ ਕੱਢ ਲਿਆ ਗਿਆ। ਕੁੱਲ ਮਿਲਾ ਕੇ ਦੋਸ਼ ਪ੍ਰਸ਼ਾਸਨ ‘ਤੇ ਲੱਗ ਰਹੇ ਹਨ ਕਿ ਇਹ ਲੋਕ ਤਜਰਬੇ ਕਰਦੇ ਚਲੇ ਗਏ ਤੇ ਨਾਲ ਦੇ ਪਾਇਪ ਵਿੱਚ ਫਤਹਿਵੀਰ ਜਿੰਦਗੀ ਤੇ ਮੌਤ ਦੀ ਲੜਾਈ ਲੜਦਾ ਤੜਫ ਤੜਫ ਕੇ ਆਪਣੀ ਜਾਨ ਦੇ ਗਿਆ।

https://youtu.be/9_UBw8vgxLk

Share this Article
Leave a comment