ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਖਤਮ ! ਸੁਖਬੀਰ ਦਾ ਰਸਤਾ ਸਾਫ

Prabhjot Kaur
2 Min Read

ਗੜ੍ਹਸ਼ੰਕਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਹੁਣ ਭਵਿੱਖ ਵਿੱਚ ਕੋਈ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਉਨ੍ਹਾਂ ਤੋਂ ਸੇਧ ਲੈਕੇ ਕੰਮ ਕਰਦੇ ਰਹਿਣਗੇ। ਛੋਟੇ ਬਾਦਲ ਨੇ ਇਹ ਐਲਾਨ ਸੂਬੇ ਦੇ ਹਲਕਾ ਚੱਬੇਵਾਲ ਅਧੀਨ ਪੈਂਦੇ ਕਸਬੇ ਕੋਟ ਫਤੂਹੀ ‘ਚ ਪਾਰਟੀ ਵਰਕਰਾਂ ਨਾਲ ਮਿਲਣੀ ਦੌਰਾਨ ਕੀਤਾ।
ਇਸ ਸਬੰਧ ਵਿਚ ਜਦੋਂ ਪੱਤਰਕਾਰਾਂ ਨੇ ਛੋਟੇ ਬਾਦਲ ਤੋਂ ਇਸ ਦਾ ਕਾਰਣ ਜਾਣਨਾ ਚਾਹਿਆ, ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਪਿੱਛੇ ਹੋਰ ਕੋਈ ਵਜ੍ਹਾ ਨਹੀਂ ਹੈ, ਸਿਰਫ ਵੱਡੇ ਬਾਦਲ ਦੀ ਉਮਰ 92 ਸਾਲ ਦੀ ਹੋਣਾ ਹੀ ਇਸ ਫੈਸਲੇ ਦਾ ਮੁੱਖ ਕਾਰਣ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਲਈ ਸਟਾਰ ਕੈਂਪੇਨਰ ਹਨ ਤੇ ਹਮੇਸ਼ਾਂ ਬਣੇ ਰਹਿਣਗੇ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕਾਂਗਰਸ ਪਾਰਟੀ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਬਾਹਰੋਂ ਐਕਟਰ ਬੁਲਾ ਰਹੀ ਹੈ, ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਐਕਟਰ ਦੀ ਕੋਈ ਲੋੜ ਨਹੀਂ ਹੈ, ਅਸੀਂ ਖੁਦ ਐਕਟਰ ਹਾਂ ।
ਇਹ ਤਾਂ ਸੀ ਉਹ ਐਲਾਨ ਜੋ ਸੁਖਬੀਰ ਬਾਦਲ ਨੇ ਕੀਤਾ ਤੇ ਅਸੀਂ ਇਸ ਤੋਂ ਤੁਹਾਨੂੰ ਜਾਣੂੰ ਕਰਵਾ ਦਿੱਤਾ, ਪਰ ਹੁਣ ਸਵਾਲ ਇਹ ਹੈ ਕਿ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਆਪ ਖੁਦ ਵੀ ਸਹਿਮਤ ਹਨ ਕਿ ਨਹੀਂ ? ਕੀ ਇਹ ਫੈਸਲਾ ਲੈਣ ਤੋਂ ਪਹਿਲਾਂ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਗਿਆ ਸੀ ? ਕੀ ਪਾਰਟੀ ਵਰਕਰ ਤੇ ਅਹੁਦੇਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਚੋਣ ਨਾ ਲੜਨ ਵਾਲੇ ਫੈਸਲੇ ਨਾਲ ਸਹਿਮਤ ਹਨ ? ਲੋਕ ਸਭ ਚੋਣਾਂ ਦੌਰਾਨ ਹੀ ਸੁਖਬੀਰ ਨੇ ਅਜਿਹਾ ਬਿਆਨ ਕਿਉਂ ਦਿੱਤਾ ? ਵਿਰੋਧੀਆਂ ਤੇ ਆਪਣਿਆਂ ਦੀ ਇਸ ਬਿਆਨ ਤੇ ਕੀ ਪ੍ਰਤੀਕਿਰਿਆ ਆਵੇਗੀ, ਇਹ ਤਾਂ ਅਜੇ ਪਤਾ ਨਹੀਂ ਪਰ ਇੰਨਾ ਜਰੂਰ ਹੈ ਕਿ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਇੱਕ ਵਾਰ ਜਰੂਰ ਭਖਾ ਦਿੱਤੀ ਹੈ।

Share this Article
Leave a comment