ਪੈ ਗਿਆ ਹੋਰ ਪਟਾਕਾ, ਡਿਊਟੀ ਮੈਜ਼ਿਸ਼ਟ੍ਰੇਟ ਕਬੂਲ ਗਿਆ, ਕਿ ਪੁਲਿਸ ਨੇ ਗੋਲੀ ਚਲਾਉਣ ਦੀ ਇਜ਼ਾਜ਼ਤ ਮਗਰੋਂ ਜ਼ਬਰਦਸਤੀ ਲਈ ਸੀ

Prabhjot Kaur
3 Min Read

ਫਰੀਦਕੋਟ :  ਪੰਜਾਬ ‘ਚ ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਨ੍ਹਾਂ ਮਾਮਲਿਆਂ ਨੂੰ ਲੈ ਕੇ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਇਸ ਦੌਰਾਨ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਕੋਟਕਪੁਰਾ ਵਿਖੇ ਸਾਲ 2015 ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਤੋਂ ਇਜ਼ਾਜ਼ਤ ਲਈ ਹੀ ਨਹੀਂ, ਤੇ ਇਹ ਇਜ਼ਾਜਤ ਪੁਲਿਸ ਅਧਿਕਾਰੀਆਂ ਨੇ ਇਹ ਕਾਂਡ ਨਿੱਬੜ ਜਾਣ ਤੋਂ ਬਾਅਦ ਡਿਊਟੀ ਮੈਜ਼ਿਸ਼ਟ੍ਰੇਟ ਤੋਂ ਜਬਰਦਸਤੀ ਲਈ ਸੀ। ਸਿੱਟ ਦਾ ਇਹ ਦਾਅਵਾ ਹੈ ਕਿ ਇਹ ਗੱਲ ਡਿਊਟੀ ਮੈਜ਼ਿਸ਼ਟ੍ਰੇਟ ਨੇ ਉਨ੍ਹਾਂ ਕੋਲ ਦਿੱਤੇ ਲਿਖਤੀ ਬਿਆਨ ਵਿੱਚ ਹੁਣ ਕਬੂਲ ਲਈ ਹੈ। ਇਹ ਸਾਰਾ ਖੁਲਾਸਾ ਬੀਤੀ ਕੱਲ੍ਹ ਐਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ ਜੱਜ ਦੇ ਸਾਹਮਨੇ ਉਸ ਵੇਲੇ ਕੀਤਾ ਜਦੋਂ ਉਹ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕਰਨ ਲਿਆਏ ਸਨ।

ਇਸ ਦੌਰਾਨ ਐਸਆਈਟੀ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀ ਬਿਲਕੁਲ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਨ ਤੇ ਉਨ੍ਹਾਂ ‘ਤੇ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾ ਦਿੱਤੀ। ਸਿੱਟ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ 14 ਅਕਤੂਬਰ 2015 ਨੂੰ ਵਾਪਰੀ ਗੋਲੀ ਚਲਾਉਣ ਦੀ ਇਹ ਘਟਨਾਂ ਕੋਟਕਪੁਰਾ ਦੇ ਮੁੱਖ ਚੌਂਕ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਵੀ ਹੋ ਗਈ ਸੀ, ਪਰ ਇਸ ਗੱਲ ਨੂੰ ਛਪਾਉਣ ਦੇ ਯਤਨ ਇੱਥੋਂ ਤੱਕ ਕੀਤੇ ਗਏ, ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਚਹੇਤਿਆਂ ਨੇ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ। ਇਸ ਦੌਰਾਨ ਐਸਆਈਟੀ ਦੇ ਅਧਿਕਾਰੀਆਂ ਨੇ ਅਦਾਲਤ ਵਿੱਚ ਕੁਝ ਵੀਡੀਓ ਕਲਿੱਪ ਚਲਾ ਕੇ ਇਹ ਦਾਅਵਾ ਕੀਤਾ ਕਿ ਘਟਨਾਂ ਮੌਕੇ ਪੁਲਿਸ ਨੇ ਪ੍ਰਦਰਸਨਕਾਰੀਆਂ ‘ਤੇ ਕਿਸ ਤਰ੍ਹਾਂ ਜੁਰਮ ਢਾਹੇ ਸਨ।

ਉੱਧਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਸਿੱਟ ਦੇ ਇਨ੍ਹਾਂ ਦਾਅਵਿਆਂ ਦਾ ਜਬਰਦਸਤ ਵਿਰੋਧ ਕਰਦਿਆਂ ਇਸ ਦੇ ਜਵਾਬ ਵਿੱਚ ਇੱਕ ਹੋਰ ਵੀਡੀਓ ਕਲਿੱਪ ਚਲਾ ਕੇ ਅਦਾਲਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਨੇ ਗੋਲੀ ਸਵੈ ਰੱਖਿਆ ਵਿੱਚ ਚਲਾਈ ਸੀ। ਉਮਰਾਨੰਗਲ ਦੇ ਵਕੀਲ ਦਾ ਇਹ ਵੀ ਦਾਅਵਾ ਸੀ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਸਨ। ਜਿਸ ਦੇ ਜਵਾਬ ਵਿੱਚ ਸਿੱਟ ਦਾ ਕਹਿਣਾ ਸੀ ਕਿ ਜਿਸ ਵੇਲੇ ਗੋਲੀ ਚਲਾਈ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਉਸ ਮੌਕੇ ਇਸ ਦੀ ਇਜ਼ਾਜਤ ਮੈਜ਼ਿਸ਼ਟ੍ਰੇਟ ਤੋਂ ਨਹੀਂ ਲਈ, ਤੇ ਬਾਅਦ ਵਿੱਚ ਜਬਰਦਸਤੀ ਕਰਕੇ ਡਿਊਟੀ ਮੈਜ਼ਿਸ਼ਟ੍ਰੇਟ ਤੋਂ ਇਜ਼ਾਜ਼ਤ ਲੈ ਲਈ ਗਈ, ਜਿਹੜੀ ਗੱਲ ਡਿਊਟੀ ਮੈਜ਼ਿਸ਼ਟ੍ਰੇਟ ਨੇ ਸਿੱਟ ਕੋਲ ਲਿਖਤੀ ਬਿਆਨ ਦੇ ਕੇ ਕਬੂਲ ਲਈ ਹੈ।

 

- Advertisement -

Share this Article
Leave a comment