ਫਤਹਿਗੜ੍ਹ ਸਾਹਿਬ : ਇੰਨੀ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਦੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਅੰਦਰ ਉਹ ਪੰਜਾਬ ਵਿੱਚ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਦੂਲੋ ਦਾ ਕਹਿਣਾ ਹੈ ਕਿ ਇੱਥੇ ਨਸ਼ਾ ਤਸਕਰ, ਪੁਲਿਸ ਅਤੇ ਮੰਤਰੀ ਸਭ ਰਲੇ ਹੋਏ ਹਨ, ਤੇ ਇਨ੍ਹਾਂ ਦੀ ਗੰਢ-ਤੁੱਪ ਨਾਲ ਹੀ ਸੂਬੇ ਅੰਦਰ ਨਸ਼ੇ ਦਾ ਵਪਾਰ ਚੱਲ ਰਿਹਾ ਹੈ।
ਇਸ ਵੀਡੀਓ ਬਿਆਨ ਅਨੁਸਾਰ ਪੰਜਾਬ ਵਿੱਚ ਨਸ਼ਾ ਉਦੋਂ ਤੱਕ ਖਤਮ ਨਹੀਂ ਹੋ ਸਕਦਾ ਜਦੋਂ ਤੱਕ ਇਹ ਗੰਢ-ਤੁੱਪ ਖਤਮ ਨਹੀਂ ਹੁੰਦੀ। ਸਮਸ਼ੇਰ ਸਿੰਘ ਦੂਲੋ ਦਾ ਕਹਿਣਾ ਹੈ ਕਿ ਇਸ ਗੰਢ-ਤੁੱਪ ਦਾ ਖਤਮ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਨਸ਼ਾ ਪਾਕਿਸਤਾਨ ਨਾਲ ਲਗਦੇ ਸਰਹੱਦੀ ਇਲਾਕਿਆਂ ਵਿੱਚੋਂ ਭਾਰਤ ਆਉਂਦਾ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਵੱਡਾ ਨਸ਼ੇ ਦਾ ਸੌਦਾਗਰ ਫੜਿਆ ਨਹੀਂ ਜਾ ਸਕਿਆ। ਦੂਲੋ ਕਹਿੰਦੇ ਹਨ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਕਿਸੇ ਵੀ ਨੌਜਵਾਨ ਨੂੰ ਨੌਕਰੀ ਦੇਣ ਵਿੱਚ ਫੇਲ੍ਹ ਸਾਬਤ ਹੋਈ ਹੈ। ਗਰੀਬ ਕਿਸਾਨ ਅਜੇ ਤੱਕ ਕਰਜ਼ੇ ਦੇ ਬੋਝ ਥੱਲੇ ਦਬਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਦੇ ਕਰਜ਼ੇ ਵੀ ਮਾਫ ਨਹੀਂ ਹੋਏ ਜਿਹੜੇ ਠੇਕੇ ‘ਤੇ ਜ਼ਮੀਨ ਲੈ ਕੇ ਘੱਟ ਜ਼ਮੀਨ ‘ਤੇ ਖੇਤੀ ਕਰਦੇ ਹਨ। ਦੂਲੋ ਅਨੁਸਾਰ ਕਿਸਾਨ ਆਤਮ ਹੱਤਿਆਵਾਂ ਤਾਂ ਰੁਕਣਗੀਆਂ ਜੇਕਰ ਕਰਜ਼ਾ ਮਾਫੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧਿਮਾਨ ਅਤੇ ਹਲਕਾ ਜ਼ੀਰਾ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਪੰਜਾਬ ਅੰਦਰ ਨਸ਼ਾ ਤਸਕਰਾਂ, ਪੁਲਿਸ ਵਾਲਿਆਂ, ਅਤੇ ਸਿਆਸਤਦਾਨਾਂ ਵਿਚਕਾਰ ਗੰਢ-ਤੁੱਪ ਦੇ ਦੋਸ਼ ਲਾ ਚੁਕੇ ਹਨ। ਹੁਣ ਚੋਣਾਂ ਨੇੜੇ ਸੱਤਾਧਾਰੀ ਪਾਰਟੀ ਦੇ ਆਪਣੇ ਹੀ ਰਾਜਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਵੱਲੋਂ ਅਜਿਹੇ ਦੋਸ਼ ਲਾਏ ਜਾਣ ਦਾ ਅਸਰ ਆਉਂਦੀਆਂ ਚੋਣਾਂ ‘ਤੇ ਕੀ ਪਵੇਗਾ, ਇਹ ਤਾਂ ਚੋਣ ਨਤੀਜੇ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।