ਢੀਂਡਸਾ ਤੇ ਹੋਰਾਂ ਨੇ ਬਾਦਲਾਂ ਨੂੰ ਸੁੱਟੀ ਵੱਡੀ ਚੁਨੌਤੀ, ਹੁਣ ਪੰਜਾਬ ‘ਚ ਜ਼ਿਲ੍ਹਾ ਪੱਧਰ ‘ਤੇ ਹੋਣਗੀਆਂ ਮੀਟਿੰਗਾਂ

TeamGlobalPunjab
4 Min Read

ਜਗਤਾਰ ਸਿੰਘ ਸਿੱਧੂ

 

ਸੀਨੀਅਰ ਪੱਤਰਕਾਰ

 

- Advertisement -

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਬਾਦਲ ਪਰਿਵਾਰ ਦੇ ਕਬਜੇ ਨੂੰ ਲੈ ਕੇ ਨਵੇਂ ਸਿਰੇ ਤੋਂ ਵੱਡੀ ਚੁਨੌਤੀ ਉੱਠ ਖੜ੍ਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੇ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਸੀ। ਪਰ ਚੁਨੌਤੀ ਦਲ ਦੀ ਵੱਡੀ ਜਿੰਮੇਵਾਰੀ ਕਿਸੇ ਹੋਰ ਨੇ ਨਹੀਂ ਸਗੋਂ ਅਕਾਲੀ ਦਲ ਅੰਦਰ ਦਹਾਕਿਆਂ ਤੋਂ ਸੀਨੀਅਰ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਸੰਭਾਲੀ ਹੈ। ਇਸ ਤੋਂ ਪਹਿਲਾਂ ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਟਕਸਾਲੀ ਅਕਾਲੀ ਦਲ ਦੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿੱਪ ਵਿਰੁੱਧ ਮੁਹਿੰਮ ਸ਼ੁਰੂ ਕਰ ਚੁਕੇ ਹਨ।

ਬਾਦਲ ਪਰਿਵਾਰ ਵਿਰੁੱਧ ਖੜ੍ਹੇ ਹੋਏ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪੰਜਾਬ ਵਿੱਚ ਕਦੇ ਨਹੀਂ ਜਿੱਤਾ ਸਕਦਾ ਕਿਉਂ ਜੋ ਬਾਦਲ  ਪਰਿਵਾਰ ਲੋਕਾਂ ਦੀ ਭਰੋਸੇਯੋਗਤਾ ਗੁਆ ਚੁੱਕਾ ਹੈ। ਇਨ੍ਹਾਂ ਆਗੂਆਂ ਦੀ ਦਲੀਲ ਹੈ ਕਿ ਪਾਰਟੀ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ‘ਚ ਕੋਈ ਸੁਣਵਾਈ ਨਹੀਂ। ਇਨ੍ਹਾਂ ਆਗੂਆਂ ਨੇ ਜਿੱਥੇ ਪਹਿਲਾਂ ਸੁਖਬੀਰ ਬਾਦਲ ਦੇ ਡੈਲੀਗੇਟ ਇਜਲਾਸ ਦੇ ਮੁਕਾਬਲੇ ਪੰਥਕ ਧਿਰਾਂ ਦਾ ਵੱਖਰਾ ਇਕੱਠ ਕੀਤਾ ਉੱਥੇ ਹੁਣ ਇਹ ਧਿਰਾਂ ਪੰਜਾਬ ਦੇ ਜਿਲ੍ਹਿਆਂ  ਵਿੱਚ ਨਿਕਲ ਤੁਰੀਆਂ ਹਨ। ਢੀਂਡਸਾ ਵੱਲੋਂ ਸੰਗਰੂਰ ਆਪਣੇ ਜੱਦੀ ਜਿਲ੍ਹੇ ਵਿੱਚ ਥੋੜ੍ਹੇ ਜਿਹੇ ਨੋਟਿਸ ‘ਤੇ ਮੀਟੰਗ ਬੁਲਾਈ ਗਈ ਤਾਂ ਇਸ ਮੀਟਿੰਗ ਨੂੰ ਚੰਗਾ ਹੁੰਗਾਰਾ ਮਿਲਿਆ। ਹਾਲਾਂਕਿ ਇਸ ਮੀਟਿੰਗ ਅੰਦਰ ਹਲਕਾ ਇੰਚਾਰਜ ਜਾਂ ਅਕਾਲੀ ਦਲ ਦਾ ਕੋਈ ਵਿਧਾਇਕ ਨਹੀਂ ਪੁੱਜਾ ਪਰ ਆਮ ਲੋਕਾਂ ਦੀ ਭਰਵੀਂ ਹਾਜਰੀ ਰਹੀਂ। ਇਸ ਮੀਟਿੰਗ ਦਾ ਅਹਿਮ ਪਹਿਲੂ ਇਹ ਵੀ ਰਿਹਾ ਕਿ ਸੰਗਰੂਰ ਦੇ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਧਿਰ ਵੱਲੋਂ ਮੀਟਿੰਗ ਕਰਕੇ ਅਗਲੇ ਦਿਨਾਂ ਅੰਦਰ ਜਿਲ੍ਹਾ ਪੱਧਰ ‘ਤੇ ਅਜਿਹੀਆਂ ਹੋਰ ਮੀਟਿੰਗਾਂ ਕੀਤੇ ਜਾਣ ਦੇ ਸੰਕੇਤ ਹਨ।  ਅਕਾਲੀ ਦਲ ਦੇ ਕਈ ਆਗੂਆਂ ਨੇ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਕਈ ਹੋਰ ਸੀਨੀਅਰ ਨੇਤਾ ਉਨ੍ਹਾਂ ਦੇ ਸੰਪਰਕ ਵਿੱਚ ਹਨ। ਹਾਲਾਂਕਿ ਸੁਖਬੀਰ ਬਾਦਲ ਦੇ ਹਮਾਇਤੀ ਆਗੂਆਂ ਨੇ ਢੀਂਡਸਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ ਪਰ ਢੀਂਡਸਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਹਨ। ਬੇਸ਼ੱਕ ਪੰਜਾਬ ਵਿਧਾਨ ਸਭਾ ’ਚ  ਅਕਾਲੀ ਦਲ ਦੇ ਵਿਧਾਇਕ ਗਰੁੱਪ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੀ ਲੀਡਰਸ਼ਿੱਪ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ  ਪਰ ਹੁਣ ਤੱਕ ਵਾਪਰੀਆਂ ਘਟਨਾਵਾਂ ਨੇ ਸਾਫ ਕਰ ਦਿੱਤਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਵੱਡੇ ਢੀਂਡਸਾ ਨਾਲ ਜਾਣ ਦਾ ਫੈਸਲਾ ਲੈ ਚੁੱਕਾ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਪਾਰਟੀ ਅੰਦਰ ਪਹਿਲਾਂ ਵੀ ਅਜਿਹੇ ਵਿਰੋਧ ਉੱਠਦੇ ਰਹੇ ਹਨ ਪਰ ਉਹ ਬਾਦਲਾਂ ਦੀ ਲੀਡਰਸ਼ਿੱਪ ਦਾ ਕੁਝ ਨਹੀਂ ਵਿਗਾੜ ਸਕੇ। ਇਸ ਧਿਰ ਦਾ ਦਾਅਵਾ ਹੈ ਕਿ ਪਾਰਟੀ ਅੰਦਰ ਸੁਖਬੀਰ ਬਾਦਲ ਨੂੰ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਢੀਂਡਸਾ ਨੇ ਲੰਮਾ ਸਮਾਂ ਸੱਤਾ ਦਾ ਆਨੰਦ ਭੋਗਿਆ ਤਾਂ ਹੁਣ ਉਨ੍ਹਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ।

ਖੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬਾਦਲ ਪਰਿਵਾਰ ਨੂੰ ਇਸ ਨਵੀਂ ਚੁਨੌਤੀ ਦਾ ਕਿੰਨਾ ਵੱਡਾ ਸਾਹਮਣਾ ਕਰਨਾ ਪਵੇਗਾ। ਪਰ ਇਹ ਸਪੱਸ਼ਟ ਹੈ ਕਿ ਅਕਾਲੀ ਦਲ ਲਈ ਇਹ ਸ਼ੁਭ ਸ਼ਗਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਅਤੇ ਡੇਰਾ ਸੌਦਾ ਨੂੰ ਮਾਫੀ ਦਾ ਮਾਮਲਾ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਿਹਾ। ਪਿਛਲੀ ਵਿਧਾਨ ਸਭਾ ਚੋਣ ‘ਚ ਅਕਾਲੀ ਦਲ ਇਕੱਠਾ ਹੋਣ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਵਿੱਚ ਤੀਜੇ ਸਥਾਨ ‘ਤੇ ਚਲਾ ਗਿਆ ਹੈ। ਢੀਂਡਸਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਤੱਕ 2020 ਵਿੱਚ ਬਾਦਲਾਂ ਨੂੰ ਪਾਸੇ ਰੱਖ ਕੇ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਆ ਜਾਵੇਗਾ। ਇਨ੍ਹਾਂ ਪ੍ਰਸਥਿਤੀਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਕਾਲੀ ਧੜਿਆਂ ਦੀ ਲੀਡਰਸ਼ਿੱਪ ਲਈ ਅਗਨੀ ਪ੍ਰੀਖਿਆ ਹੋਵੇਗੀ।

Share this Article
Leave a comment