ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਅੱਜ ਕਿਸਾਨਾਂ ਦੇ ਟਰੈਕਟਰਾਂ ਦੀ ਗੂੰਜ ਪੰਜਾਬ ਸਮੇਤ ਦੇਸ਼ ਭਰ ਦੀਆਂ ਸੜਕਾਂ ਤੇ ਸੁਣਾਈ ਦਿੱਤੀ। ਹਰਿਆਣਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ! ਇਸੇ ਤਰਾਂ ਸ਼ੰਭੂ ਅਤੇ ਖਨੌਰੀ ਵਿਖੇ ਅੰਦੋਲਨਕਾਰੀ ਕਿਸਾਨਾਂ ਵਲੋਂ ਸਰਕਾਰਾਂ ਦੇ ਪੁਤਲੇ ਫੂਕੇ ਗਏ! ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨਕਾਰੀ ਕਿਸਾਨਾਂ ਉਤੇ ਹਰਿਆਣਾ ਸਰਕਾਰ ਵਲੋਂ ਤਸ਼ਦਦ ਕਰਨ ਦੇ ਵਿਰੋਧ ਵਿਚ ਟਰੈਕਟਰ ਮਾਰਚ ਦਾ ਸੱਦਾ ਦਿਤਾ ਸੀ। ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ , ਡਾ ਦਰਸ਼ਨ ਪਾਲ ਅਤੇ ਹੋਰ ਆਗੂਆਂ ਵਲ਼ੋਂ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਗਈ। ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦੋ ਦਿਨ ਲਈ ਵਿਚਾਰਾਂ ਕਰਨ ਬਾਅਦ 29 ਫਰਵਰੀ ਨੂੰ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ।ਕਿਸਾਨ ਇਹ ਮੰਗ ਕਰ ਰਹੇ ਹਨ ਕਿ ਸ਼ੁਭਕਰਨ ਸਿੰਘ ਕਿਸਾਨ ਦੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਇਸ ਲਈ ਅਜੇ ਤੱਕ ਸ਼ੁਭਕਰਨ ਦਾ ਪੋਸਟ ਮਾਰਟਮ ਵੀ ਨਹੀਂ ਹੋਇਆ ਹੈ।
ਬੇਸ਼ੱਕ ਕਿਸਾਨ ਜਥੇਬੰਦੀਆਂ ਦਾ ਰੋਸ ਪ੍ਰਗਟ ਕਰਨ ਅਤੇ ਮੰਗਾਂ ਮਨਵਾਉਣ ਦੇ ਢੰਗ ਤਰੀਕੇ ਵਿੱਚ ਫਰਕ ਹੋ ਸਕਦਾ ਹੈ ਪਰ ਮੰਗਾਂ ਸਾਰੀਆਂ ਇੱਕੋ ਹਨ। ਹਾਲਾਂ ਕਿ ਕੇਂਦਰ ਨਾਲ ਚਾਰ ਗੇੜ ਦੀ ਗਲ਼ਬਾਤ ਹੋ ਗਈ ਹੈ ਪਰ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਕੋਈ ਸਹਿਮਤੀ ਨਹੀਂ ਬਣੀ ਹੈ। ਹੁਣ ਦੋਹਾਂ ਧਿਰਾਂ ਵਿੱਚ ਗੱਲਬਾਤ ਤਾਂ ਨਹੀਂ ਹੋ ਰਹੀ ਹੈ ਪਰ ਕੇਂਦਰ ਸਰਕਾਰ ਵਲੋਂ ਫਿਰ ਗਲ਼ਬਾਤ ਦਾ ਸੱਦਾ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਗਲ਼ਬਾਤ ਦਾ ਸੱਦਾ ਤਾਂ ਆ ਜਾਂਦਾ ਹੈ ਪਰ ਮਾਮਲਿਆਂ ਬਾਰੇ ਸਹਿਮਤੀ ਨਾ ਬਨਣ ਕਾਰਨ ਗੱਲਬਾਤ ਕਿਸੇ ਨਤੀਜੇ ਤੇ ਨਹੀਂ ਪੁੱਜ ਰਹੀ ਸਗੋਂ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਕਾਰਨ ਸਥਿਤੀ ਟਕਰਾ ਵਾਲ਼ੀ ਬਣੀ ਹੋਈ ਹੈ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਪੰਜਾਬ ਸਰਕਾਰ ਨੂੰ ਕਿਸਾਨ ਦੇ ਕਤਲ ਦਾ ਕੇਸ ਦਰਜ ਕਰਨ ਵਿਚ ਹੋ ਰਹੀ ਦੇਰੀ ਲਈ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਕਿਸਾਨ ਆਗੂ ਮਾਨ ਸਰਕਾਰ ਉਪਰ ਹਰਿਆਣਾ ਸਰਕਾਰ ਨਾਲ ਮਿਲ ਕੇ ਚੱਲਣ ਦਾ ਦੋਸ਼ ਲਾ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਵਲੋਂ 14 ਮਾਰਚ ਨੂੰ ਦਿੱਲੀ ਵਿਚ ਕਿਸਾਨ ਮਜਦੂਰ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸਾਰੀਆਂ ਜਥੇਬੰਦੀਆਂ ਕੇਂਦਰ ਸਰਕਾਰ ਉਪਰ ਮੰਗਾਂ ਮੰਨਣ ਲਈ ਦਬਾ ਪਾ ਰਹੀਆਂ ਹਨ। ਕੇਂਦਰ ਸਰਕਾਰ ਨੂੰ ਪਹਿਲਕਦਮੀ ਕਰਕੇ ਕਿਸਾਨਾਂ ਦਾ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ।
- Advertisement -
ਸੰਪਰਕ 9814002186