ਸੁਖਬੀਰ ਬਾਦਲ ਅਕਾਲ ਤਖਤ ਤੋਂ ਮੰਗਣਗੇ ਮਾਫੀ!

Prabhjot Kaur
2 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਸ਼੍ਰੋਮਣੀ ਅਕਾਲੀ ਦਲ ਅਤੇ ਸੰਯੁਕਤ ਅਕਾਲੀ ਦਲ ਦੇ ਰਲੇਵੇਂ ਨੇ ਨਵੀਂ ਰਾਜਸੀ ਹਲਚਲ ਮਚਾ ਦਿੱਤੀ ਹੈ। ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵੇਂ ਦਾ ਐਲਾਨ ਤਾਂ ਕਰ ਦਿਤਾ ਗਿਆ ਹੈ ਪਰ ਕੀ ਸੁਖਦੇਵ ਸਿੰਘ ਢੀਂਡਸਾ ਦੀ ਉਹ ਸ਼ਰਤ ਪੂਰੀ ਹੋ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਸੁਖਬੀਰ ਬਾਦਲ ਪਿਛਲੀਆਂ ਗਲਤੀਆਂ ਲਈ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਕੇ ਮਾਫੀ ਮੰਗਣ ਤਾਂ ਏਕਾ ਹੋ ਸਕਦਾ ਹੈ। ਉਂਝ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਾਫੀ ਤਾਂ ਮੰਗ ਚੁੱਕੇ ਹਨ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋਕੇ ਮਾਫੀ ਨਹੀਂ ਮੰਗੀ। ਜਾਣਕਾਰ ਸੂਤਰਾਂ ਅਨੁਸਾਰ ਬਜੁਰਗ ਅਕਾਲੀ ਆਗੂ ਢੀਂਡਸਾ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਹੋਈ ਗੱਲਬਾਤ ਵਿਚ ਹੀ ਤੈਅ ਹੋਇਆ ਹੈ ਕਿ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਕੇ ਪਿਛਲੀਆਂ ਜਾਣੇ ਅਣਜਾਣੇ ਵਿਚ ਹੋਈਆਂ ਗਲਤੀਆਂ ਲਈ ਮਾਫੀ ਮੰਗਣਗੇ।

ਬੇਸ਼ੱਕ ਕਿਸੇ ਅਕਾਲੀ ਆਗੂ ਨੇ ਮਾਫੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਢੀਂਡਸਾ ਦੇ ਸਮਰਥਕ ਵੀ ਇਹ ਮੰਗ ਕਰਦੇ ਰਹੇ ਹਨ। ਇਸ ਵੇਲੇ ਸੰਯੁਕਤ ਅਕਾਲੀ ਦਲ ਦੇ ਕਈ ਆਗੂਆਂ ਨੇ ਢੀਂਡਸਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਹ ਆਗੂ ਆਪਣੇ ਤੌਰ ਤੇ ਵਿਚਾਰਾਂ ਕਰ ਰਹੇ ਹਨ ਕਿ ਭਵਿਖ ਦੀ ਰਣਨੀਤੀ ਕਿਹੜੀ ਤੈਅ ਕੀਤੀ ਜਾਵੇ। ਜੇਕਰ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਕੇ ਮਾਫੀ ਮੰਗ ਲੈਂਦਾ ਹੈ ਤਾਂ ਬਾਕੀ ਅਕਾਲੀ ਆਗੂਆਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਜਾਂਦਾ ਹੈ।

ਸੁਖਬੀਰ ਬਾਦਲ ਨੇ ਵੀ ਪਾਰਟੀ ਤੋਂ ਪਾਸੇ ਗਏ ਸਾਰੇ ਅਕਾਲੀ ਆਗੂਆਂ ਨੂੰ ਘਰ ਵਾਪਸੀ ਦਾ ਸੱਦਾ ਦਿਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਅਕਾਲੀ ਦਲ ਵਿਚ ਵਾਪਸ ਆ ਸਕਦੇ ਹਨ। ਅਕਾਲੀ ਦਲ ਨੇ ਹੀ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਸੀ ਅਤੇ ਹੁਣ ਪਾਰਟੀ ਹੀ ਆਪਣਾ ਫੈਸਲਾ ਵਾਪਸ ਲਵੇਗੀ।

- Advertisement -

ਅਕਾਲੀ ਆਗੂਆਂ ਦੇ ਏਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਲਾਜਮੀ ਹੁਲਾਰਾ ਮਿਲੇਗਾ ਪਰ ਇਹ ਵੇਖਣਾ ਹੋਵੇਗਾ ਕਿ ਅਕਾਲੀ ਦਲ ਨੂੰ ਪੰਜਾਬੀ ਕਿੰਨਾ ਹੁੰਗਾਰਾ ਭਰਦੇ ਹਨ?

ਸੰਪਰਕ9814002186

Share this Article
Leave a comment