ਜਗਤਾਰ ਸਿੰਘ ਸਿੱਧੂ;
ਜੇਕਰ ਦੇਸ਼ ਦੀ ਮੌਜੂਦਾ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਰਾਜਸੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਉਮਰ ਬਹੁਤ ਛੋਟੀ ਹੈ ਪਰ ਮੀਡੀਆ ਅਤੇ ਰਾਜਸੀ ਸੱਥਾਂ ਵਿੱਚ ਆਪ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਮਿਸਾਲ ਵਜੋਂ ਚੰਡੀਗੜ੍ਹ ਮੇਅਰ ਦੀ ਚੋਣ ਦਾ ਮਾਮਲਾ ਹੀ ਵੇਖਿਆ ਜਾ ਸਕਦਾ ਹੈ। ਆਪ ਵਲੋਂ ਕਾਂਗਰਸ ਨਾਲ ਮਿਲਕੇ ਦੇਸ਼ ਦੀ ਸਭ ਤੋਂ ਵੱਡੀ ਅਤੇ ਸ਼ਕਤੀਸ਼ਾਲੀ ਧਿਰ ਭਾਜਪਾ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਭਾਜਪਾ ਉੱਪਰ ਚੋਣ ਜਿੱਤਣ ਲਈ ਚੋਣ ਅਧਿਕਾਰੀ ਰਾਹੀਂ ਵੋਟਾਂ ਵਿਚ ਗੜਬੜ ਦੇ ਗੰਭੀਰ ਦੋਸ਼ ਲਾਏ ਗਏ ਪਰ ਭਾਜਪਾ ਨੇ ਆਪਣਾ ਮੇਅਰ ਕੁਰਸੀ ਉੱਪਰ ਬਿਠਾ ਦਿੱਤਾ ਅਤੇ ਆਪ ਜਾਂ ਕਾਂਗਰਸ ਦੇ ਦੋਸ਼ਾਂ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਹੋ ਕੇ ਸੁਪਰੀਮ ਕੋਰਟ ਵਿੱਚ ਪੁੱਜ ਗਿਆ। ਸੁਪਰੀਮ ਕੋਰਟ ਨੇ ਵੋਟਾਂ ਵਿੱਚ ਗੜਬੜ ਦਾ ਸਖਤ ਨੋਟਿਸ ਲਿਆ ਅਤੇ ਆਖਿਰ ਆਪ ਦਾ ਕੁਲਦੀਪ ਕੁਮਾਰ ਮੇਅਰ ਬਣ ਗਿਆ। ਹੁਣ ਕੁਲਦੀਪ ਕੁਮਾਰ ਵਲੋਂ ਭਲਕੇ ਚੰਡੀਗੜ ਦੇ ਮੇਅਰ ਵਜੋਂ ਆਹੁਦਾ ਸੰਭਾਲਿਆ ਜਾ ਰਿਹਾ ਹੈ।
ਚੰਡੀਗੜ੍ਹ ਦੀ ਦਿਲਚਸਪ ਸਥਿਤੀ ਇਹ ਬਣ ਗਈ ਹੈ ਕਿ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਮੁੜ ਕਰਵਾਉਣ ਦਾ ਆਦੇਸ਼ ਦੇ ਦਿੱਤਾ ਹੈ। ਇਸ ਫੈਸਲੇ ਅਨੁਸਾਰ ਅਗਲੇ ਦੋ ਦਿਨ ਦੋਹਾਂ ਆਹੁਦਿਆਂ ਲਈ ਨਾਮਜਦਗੀ ਕਾਗਜ ਦਾਖਲ ਹੋਣਗੇ। ਇਸ ਤੋਂ ਪਹਿਲਾਂ ਦੋਹਾਂ ਆਹੁਦਿਆਂ ਲਈ ਜਿਹੜੀ ਚੋਣ ਹੋਈ ਸੀ ਉਸ ਨੂੰ ਆਪ ਅਤੇ ਕਾਂਗਰਸ ਨੇ ਰੱਦ ਕਰਦੇ ਹੋਏ ਬਾਈਕਾਟ ਕਰ ਦਿੱਤਾ ਸੀ।ਹੁਣ ਸੀਨੀਅਰ ਮੇਅਰ ਅਤੇ ਡਿਪਟੀ ਮੇਅਰ ਲਈ ਚੋਣ ਚਾਰ ਮਾਰਚ ਨੂੰ ਹੋਵੇਗੀ। ਦਿਲਚਸਪ ਗੱਲ ਇਹ ਵੀ ਹੈ ਕਿ ਜਿਸ ਵਿਅਕਤੀ ਨੂੰ ਪਹਿਲਾਂ ਵੋਟਾਂ ਵਿਚ ਗੜਬੜ ਕਰਕੇ ਮੇਅਰ ਬਣਨ ਤੋਂ ਰੋਕਿਆ ਗਿਆ ਸੀ, ਹੁਣ ਉਹ ਹੀ ਵਿਅਕਤੀ ਮੇਅਰ ਦੀ ਕੁਰਸੀ ਤੇ ਬੈਠ ਕੇ ਬਾਕੀ ਦੋਹਾਂ ਆਹੁਦਿਆਂ ਕਈ ਚਾਰ ਮਾਰਚ ਨੂੰ ਚੋਣ ਕਰਵਾਏਗਾ।
ਆਪ ਦਾ ਹੀ ਇਕ ਹੋਰ ਪਹਿਲੂ ਹੈ ਜੋ ਕਿ ਕੌਮੀ ਪੱਧਰ ਉੱਪਰ ਪਾਰਟੀ ਦੀ ਨਿਵੇਕਲੀ ਪਹਿਚਾਣ ਬਣਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਅਤੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲੇ ਅਜਿਹੇ ਰਾਜਸੀ ਆਗੂ ਬਣ ਗਏ ਹਨ ਜਿੰਨਾਂ ਨੂੰ ਅੱਜ ਈਡੀ ਵਲੋਂ ਅਠਵਾਂ ਸੰਮਨ ਜਾਰੀ ਕੀਤਾ ਗਿਆ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਆਪ ਦੇ ਸੁਪਰੀਮੋ ਅੱਠਵਾਂ ਸੰਮਨ ਵੀ ਪ੍ਰਵਾਨ ਨਹੀਂ ਕਰਨਗੇ ਕਿਉਂ ਜੋ ਕੇਜਰੀਵਾਲ ਪਹਿਲਾਂ ਸੱਤ ਸੰਮਨ ਪ੍ਰਵਾਨ ਕਰਨ ਤੋਂ ਨਾਂਹ ਕਰ ਚੁੱਕੇ ਹਨ। ਦਿੱਲੀ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਈਡੀ ਦੇ ਸੰਮਨ ਭੇਜਕੇ ਬਦਨਾਮ ਕਰਨ ਦੀ ਰਾਜਸੀ ਚਾਲ ਖੇਡ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਸੰਮਨਾਂ ਨਾਲ ਸਬੰਧਤ ਕਥਿਤ ਸ਼ਰਾਬ ਘੁਟਾਲੇ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਸ਼ਰਾਬ ਘੁਟਾਲੇ ਤੋਂ ਬਚਣ ਲਈ ਕੇਜਰੀਵਾਲ ਅਜਿਹੇ ਦੋਸ਼ ਲਾ ਰਹੇ ਹਨ। ਆਪ ਦੇ ਸੁਪਰੀਮੋ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਇੰਡੀਆ ਗਠਜੋੜ ਤੋਂ ਬਾਹਰ ਆਉਣ ਲਈ ਦਬਾ ਬਣਾ ਰਹੀ ਹੈ ਪਰ ਉਹ ਗਠਜੋੜ ਤੋਂ ਬਾਹਰ ਨਹੀਂ ਆਉਣਗੇ। ਉਨਾਂ ਦਾ ਕਹਿਣਾ ਹੈ ਕਿ ਇਹ ਸੰਮਨ ਦਾ ਮਾਮਲਾ ਅਦਾਲਤ ਵਿੱਚ ਹੈ ਤਾਂ ਈ ਡੀ ਨੂੰ ਕੀ ਕਾਹਲ ਹੈ, ਅਦਾਲਤ ਦੇ ਫੈਸਲੇ ਨੂੰ ਪ੍ਰਵਾਨ ਕੀਤਾ ਜਾਵੇਗਾ।ਦੇਸ਼ ਦੀ ਰਾਜਨੀਤੀ ਅੰਦਰ ਕੇਜਰੀਵਾਲ ਨੇ ਨਵਾਂ ਸੁਨੇਹਾ ਦਿਤਾ ਹੈ ਕਿ ਦ੍ਰਿੜ ਇਰਾਦੇ ਨਾਲ ਕੇਂਦਰੀ ਏਜੰਸੀਆਂ ਦਾ ਵੀ ਟਾਕਰਾ ਕੀਤਾ ਜਾ ਸਕਦਾ ਹੈ।
ਸੰਪਰਕ:9814002186