ਡਾ. ਗਾਂਧੀ ਦੀ ਮੁਹਿੰਮ ਦਾ ਅਸਰ, ਅਗਲਿਆਂ ਨੇ ਕਾਲਜ਼ ‘ਚ ਹੀ ਬੀਜ਼ ਦਿੱਤੀ ਭੁੱਕੀ, ਪ੍ਰਿੰਸੀਪਲ ‘ਤੇ ਪਰਚਾ ਦਰਜ਼

Prabhjot Kaur
4 Min Read

ਭਿੱਖੀ : ਉਡਦਾ ਪੰਜਾਬ ਦਾ ਕਲੰਕ ਮੱਥੇ ‘ਤੇ ਲਈ ਫਿਰਦੇ ਪੰਜਾਬੀ ਨਸ਼ੇੜੀ ਹੋਣ ਦਾ ਤਮਗਾ ਹਟਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਖਸਖਸ ਦੀ ਖੇਤੀ ਨੂੰ ਕਣਕ, ਝੋਨੇ ਦੇ ਬਦਲ ਵਜੋਂ ਬੀਜ਼ੇ ਜਾਣ ਦੀ ਮੰਗ ਕਰਦੇ ਆ ਰਹੇ ਹਨ। ਜਿਸ ਦਾ ਸਮਰਥਨ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਾਰਤ ਦੀ ਸੰਸਦ ਅੰਦਰ ਵੀ ਕੀਤਾ ਸੀ। ਡਾ. ਗਾਂਧੀ ਦੀ ਮੰਗ ਜਦੋਂ ਕਾਨੂੰਨੀ ਰੂਪ ਨਹੀਂ ਲੈ ਸਕੀ ਤਾਂ ਉਨ੍ਹਾਂ ਨੇ ਬੀਤੇ ਵਰ੍ਹੇ ਲੁਧਿਆਣਾ ਦੇ ਛਪਾਰ ਦੇ ਮੇਲੇ ਦੌਰਾਨ ਇੱਕ ਕਿਸਾਨ ਦੇ ਖੇਤ ਵਿੱਚ ਖਸਖਸ ਦਾ ਛਿੱਟਾ ਦੇ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਦਿਆਂ ਇਹ ਫਸਲ ਬੀਜੇ ਜਾਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਡਾ. ਗਾਂਧੀ ‘ਤੇ ਤਾਂ ਪੰਜਾਬ ਪੁਲਿਸ ਵਾਲੇ ਪਰਚਾ ਦਰਜ਼ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ ਪਰ ਜਿਹੜੀ ਘਟਨਾ ਮਾਨਸਾ ਵਿੱਚ ਹੋਈ ਹੈ, ਉਸ ਤੋਂ ਬਾਅਦ ਪੁਲਿਸ ਨੇ ਇਸ ਜਿਲ੍ਹੇ ਦੇ ਇੱਕ ਨਿੱਜੀ ਕਾਲਜ਼ ਦੇ ਪ੍ਰਿਸੀਪਲ ਵਿਰੁੱਧ ਪੋਸਤ ਦੀ ਖੇਤੀ ਕਰਨ ਦੇ ਦੋਸ਼ ਤਹਿਤ ਪਰਚਾ ਜਰੂਰ ਦਰਜ਼ ਕਰ ਦਿੱਤਾ ਹੈ। ਇਹ ਪਰਚਾ ਉਨ੍ਹਾਂ ਹਾਲਾਤਾਂ ਵਿੱਚ ਦਰਜ਼ ਕੀਤਾ ਗਿਆ ਹੈ, ਜਦੋਂ ਸੂਤਰਾਂ ਅਨੁਸਾਰ ਕਾਲਜ ਦਾ ਪ੍ਰਿੰਸੀਪਲ ਇੱਥੇ ਰਹਿਦਾ ਹੀ ਨਹੀਂ ਹੈ ਤੇ ਉਹ ਦਿੱਲੀ ਵਿਰਾਜ਼ਮਾਨ ਹੈ।

ਇਸ ਸਬੰਧ ਵਿੱਚ ਭਿੱਖੀ ਥਾਣੇ ਦੇ ਏਐਸਆਈ ਸੁਖਮੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਗਸ਼ਤ ਡਿਊਟੀ ‘ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾਂ ਮਿਲੀ ਕਿ ਉੱਥੇ ਨੇੜੇ ਹੀ ਭਿੱਖੀ ਦੇ ਨੈਸ਼ਨਲ ਕਾਲਜ਼ ਅੰਦਰ ਪੈਂਦੇ ਮੁੰਡਿਆਂ ਦੇ ਹੋਸਟਲ ਅੰਦਰ ਭੁੱਕੀ ਦੀ ਖੇਤੀ ਕੀਤੀ ਗਈ ਹੈ। ਥਾਣੇਦਾਰ ਅਨੁਸਾਰ ਜਿਸ ਤੋਂ ਬਾਅਦ ਦੱਸੀ ਗਈ ਥਾਂ ‘ਤੇ ਛਾਪਾਮਾਰੀ ਕਰਨ ‘ਤੇ ਉੱਥੇ ਬੀਜਿਆ ਗਿਆ 30 ਕਿੱਲੋ ਹਰਾ ਪੋਸਤ ਬਰਾਮਦ ਕਰ ਲਿਆ ਗਿਆ। ਜਾਂਚ ਅਧਿਕਾਰੀ ਅਨੁਸਾਰ ਇਸ ਸਬੰਧ ਵਿੱਚ ਮੌਕੇ ‘ਤੇ ਤਾਂ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ, ਪਰ ਉਨ੍ਹਾਂ ਨੇ ਕਾਲਜ਼ ਦੇ ਪ੍ਰਿੰਸੀਪਲ ਸਤਿੰਦਰ ਕੁਮਾਰ ਦੇ ਖਿਲਾਫ ਐਨਡੀਪੀਐਸ ਦੀ ਧਾਰਾ 16/61/85 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਜਾਂਚ ਅਧਿਕਾਰੀ ਅਨੁਸਾਰ ਮੁੰਡਿਆਂ ਦੇ ਕਾਲਜ਼ ਅੰਦਰ ਜਿਸ ਜਗ੍ਹਾ ਭੁੱਕੀ ਦੀ ਇਹ ਖੇਤੀ ਗਈ ਸੀ ਉਹ ਜਗ੍ਹਾ ਕਾਲਜ ਤੋਂ ਹਟ ਕੇ ਇੱਕ ਪਾਸੇ ਬਣੀ ਹੋਈ ਜਗ੍ਹਾ ਹੈ ਤੇ ਸ਼ਾਇਦ ਇਕਾਂਤ ਦਾ ਫਾਇਦਾ ਚੁਕ ਕੇ ਇਹ ਖੇਤੀ ਕੀਤੀ ਗਈ ਸੀ।

ਉੱਧਰ ਦੂਜੇ ਪਾਸੇ ਇਲਾਕਾ ਨਿਵਾਸੀ ਇੱਕ ਸਮਾਜ ਸੇਵੀ ਸੁਖਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਹਰਾ ਪੋਸਤ ਪੁਲਿਸ ਵੱਲੋਂ ਫੜਿਆ ਗਿਆ ਹੈ ਉਹ ਕਾਲਜ਼ ਹੋਸਟਲ ਦੇ ਅੰਦਰੋਂ ਫੜਿਆ ਗਿਆ ਹੈ ਤੇ ਇਹ ਪੋਸਤ ਡੋਡਿਆਂ ‘ਤੇ ਆਇਆ ਹੋਇਆ ਸੀ। ਸੁਖਜੀਤ ਸਿੰਘ ਅਨੁਸਾਰ ਇਸ ਕਾਲਜ਼ ਦਾ ਚੇਅਰਮੈਨ ਇੱਕ ਕਾਂਗਰਸੀ ਆਗੂ ਹੈ, ਲਿਹਾਜਾ ਇਸ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਕਾਲਜ਼ ਚੇਅਰਮੈਨ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਵੀ ਕਾਲਜ਼ ਚੇਅਰਮੈਨ ਅਤੇ ਉਸ ਦੇ ਅਧੀਨ ਕਮੇਟੀ ਮੈਂਬਰਾਂ ‘ਤੇ ਬਣਦਾ ਸੀ। ਉਨ੍ਹਾਂ ਕਿਹਾ ਕਿ ਇਹ ਪਰਚਾ ਦਰਜ਼ ਕਰਨ ਲੱਗਿਆ ਪੁਲਿਸ ਨੇ ਘਪਲੇਬਾਜ਼ੀ ਜਾਂ ਕਿਸੇ ਦਬਾਅ ਹੇਠ ਕਾਲਜ ਚੇਅਰਮੈਨ ਅਤੇ ਕਾਲਜ ਕਮੇਟੀ ਨੂੰ ਛੱਡ ਕੇ ਮਾਮਲਾ ਪ੍ਰਿੰਸੀਪਲ ‘ਤੇ ਦਰਜ਼ ਕਰ ਦਿੱਤਾ। ਸਮਾਜ ਸੇਵੀ ਅਨੁਸਾਰ ਜਦਕਿ ਇਹ ਹਰਾ ਪੋਸਤ ਬੀਜਾਉਣ ਦਾ ਪਰਚਾ ਕਾਲਜ ਚੇਅਰਮੈਨ ਅਤੇ ਕਮੇਟੀ ‘ਤੇ ਕਰਨਾ ਬਣਦਾ ਸੀ ਜੋ ਕਿ ਨਹੀਂ ਕੀਤਾ ਗਿਆ।

ਵਿੱਦਿਅਕ ਅਦਾਰੇ ਸਮਾਜ ਦੇ ਚਾਨਣ ਮੁਨਾਰੇ ਹੁੰਦੇ ਹਨ, ਜਿੱਥੋਂ ਦੇਸ਼ ਦਾ ਭਵਿੱਖ ਸਵਾਰਣ ਲਈ ਨਵੀਂ ਪੀੜ੍ਹੀ ਸਿੱਖਿਆ ਲੈ ਕੇ ਆਪਣੇ ਜੀਵਨ ਦੀ ਸ਼ੁਰੂਆਤ ਕਰਦੀ ਹੈ, ਪਰ ਵਿੱਦਿਅਕ ਅਦਾਰਿਆਂ ਅੰਦਰ ਸ਼ੁਰੂ ਹੋਏ ਇਸ ਨਸ਼ੇ ਦੇ ਰੁਝਾਨ ਨੇ ਚੋਣਾਂ ਦੇ ਇਸ ਮਹੌਲ ਦੌਰਾਨ ਪੰਜਾਬ ਅੰਦਰ ਇੱਕ ਨਵੀ ਚਰਚਾ ਛੇੜ ਕੇ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਰੋਕੂ ਮੁਹਿੰਮ ਦਾ ਮੂੰਹ ਚਿੜ੍ਹਾਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ, ਕੀ ਇਹ ਮਾਮਲਾ ਅੱਗੇ ਚੱਲ ਕੇ ਰਾਜਨੀਤਕ ਰੂਪ ਵੀ ਧਾਰੇਗਾ ਜਾਂ ਇਸ ਨੂੰ ਇੱਕ ਮਿਸਾਲ ਵਜੋਂ ਲੈ ਕੇ ਪੂਰੇ ਪੰਜਾਬ ਅੰਦਰ ਇੱਕ ਮੁਹਿੰਮ ਛੇੜ ਕੇ ਇਸ ਮਾੜੀ ਸ਼ੁਰੂਆਤ ਨੂੰ ਇੱਥੇ ਹੀ ਦੱਬ ਦੇਣ ਦੇ ਕੋਈ ਗੰਭੀਰ ਉਪਰਾਲੇ ਵੀ ਕੀਤੇ ਜਾਣਗੇ।

- Advertisement -

 

Share this Article
Leave a comment