32 ਮਿੰਟ ਦੀ ਆਡੀਓ ਕੀਤੀ ਵਾਇਰਲ, ਕਿਹਾ ਵੱਡੇ ਬਾਦਲ ਨੇ ਸਿੱਖੀ ਦਾ ਕੀਤੈ ਘਾਣ
ਅੰਮ੍ਰਿਤਸਰ : ਸਾਲ 2016 ਦੌਰਾਨ ਹਰਿਮੰਦਰ ਸਾਹਿਬ ਵਿਖੇ ਡਿਊਟੀ ‘ਤੇ ਮੌਜੂਦ ਜਿਸ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕੀਤਾ ਸੀ, ਉਹ ਬਲਬੀਰ ਸਿੰਘ ਹੁਣ ਚੋਣਾਂ ਮੌਕੇ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਇਸ ਵਾਰ ਬਲਬੀਰ ਸਿੰਘ ਨੇ ਵੱਡੇ ਬਾਦਲ ਦੀ ਤੁਲਨਾ ਸਿੱਖ ਵਿਰੋਧੀਆਂ ਨਾਲ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ 32 ਮਿੰਟ ਦੀ ਆਡੀਓ ਪਾਈ ਹੈ, ਜਿਸ ਦੀ ਇੱਕ ਕਾਪੀ ਪੱਤਰਕਾਰਾਂ ਨੂੰ ਵੀ ਭੇਜ ਕੇ ਉਨ੍ਹਾਂ ਦਾ ਸੁਨੇਹਾ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਆਡੀਓ ਕਲਿੱਪ ਵਿੱਚ ਬਲਬੀਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਇੰਨੀ ਭੜਾਸ ਕੱਢੀ ਹੈ ਕਿ ਇਸ ਦਾ ਇੱਕ ਇੱਕ ਸ਼ਬਦ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਿਆ ਗਿਆ ਪ੍ਰਤੀਤ ਹੁੰਦਾ ਹੈ। ਆਡੀਓ ਵਿੱਚ ਅਰਦਾਸੀਏ ਬਲਬੀਰ ਸਿੰਘ ਵੱਡੇ ਬਾਦਲ ਦੀ ਤੁਲਨਾ ਸਿੱਖ ਵਿਰੋਧੀਆਂ ਨਾਲ ਕਰਦੇ ਹੋਏ ਕਹਿੰਦੇ ਹਨ ਕਿ ਬਾਦਲ ਨੇ ਸੱਤਾ ਦਾ ਸੁੱਖ ਭੋਗਣ ਲਈ ਸਿੱਖ ਸਮਾਜ ਵਿਰੁੱਧ ਹਰ ਉਹ ਕੰਮ ਕੀਤਾ ਜਿਸ ਨਾਲ ਪੰਥ ਨੂੰ ਨੁਕਸਾਨ ਹੋਇਆ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਆਡੀਓ ਵਿੱਚ ਕਿਹਾ ਹੈ ਕਿ ਇਸ ਦੇ ਨਾਲ ਬਾਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤੇ ਇਸ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਇਨਸਾਫ ਦੀ ਮੰਗ ਕਰ ਰਹੇ ਸ਼ਾਂਤਮਈ ਰੋਸ ਧਰਨੇ ‘ਤੇ ਬੈਠੇ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਬਲਬੀਰ ਸਿੰਘ ਅਨੁਸਾਰ ਇਨ੍ਹਾਂ ਘਟਨਾਵਾਂ ਕਾਰਨ ਹੀ ਉਨ੍ਹਾਂ ਨੇ 20 ਜਨਵਰੀ 2016 ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਉਹ ਹਰਿਮੰਦਰ ਸਾਹਿਬ ਵਿਖੇ ਡਿਊਟੀ ‘ਤੇ ਮੌਜੂਦ ਸੀ ਤੇ ਪ੍ਰਕਾਸ਼ ਸਿੰਘ ਬਾਦਲ ਉੱਥੇ ਮੱਥਾ ਟੇਕਣ ਆਏ ਸਨ।