ਆਵਾਰਾ ਪਸ਼ੂ : ਫ਼ਸਲਾਂ ਦਾ ਉਜਾੜਾ ਤੇ ਦੁਰਘਟਨਾਵਾਂ

TeamGlobalPunjab
4 Min Read

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

 

- Advertisement -

ਪੰਜਾਬ ਵਿੱਚ ਅੱਜ ਕੱਲ੍ਹ ਆਵਾਰਾ ਪਸ਼ੂਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਇਹਨਾਂ ਦੇ ਨਿੱਤ ਦਿਨ ਬੇਲਗਾਮ ਹੋਣ ਕਾਰਨ ਕੌਮੀ ਮਾਰਗਾਂ, ਸੰਪਰਕ  ਸੜਕਾਂ ਉਪਰ ਹਾਦਸੇ ਵਾਪਰ ਰਹੇ ਹਨ। ਜਿਹਨਾਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਵਾਰ ਇਕੋ ਪਰਿਵਾਰ ਇਕੋ ਵਾਹਨ ਵਿੱਚ ਬੈਠੇ ਹੋਣ ਕਾਰਨ ਪੂਰਾ ਟੱਬਰ ਮੌਤ ਦੇ ਘਾਟ ਉਤਰ ਜਾਂਦਾ ਹੈ। ਕੇਂਦਰੀ ਟਰਾਂਸਪੋਰਟ ਮੰਤਰਾਲੇ ਵੱਲੋਂ 2018 ਵਿੱਚ ਜਾਰੀ ਹੋਈ ਰਿਪੋਰਟ ਵਿੱਚ ਦਰਸਾਇਆ ਹੈ ਗਿਆ ਕਿ ਪੂਰੇ ਦੇਸ਼ ‘ਚ ਵਾਪਰਦੇ ਸੜਕ ਹਾਦਸਿਆਂ ਵਿੱਚ ਪੰਜਾਬ ਦੂਜੇ ਨੰਬਰ ‘ਤੇ ਹੈ। ਬਾਕੀ ਰਾਜਾਂ ਵਿੱਚ ਪੰਜਾਬ ਨਾਲੋਂ ਘੱਟ ਹਾਦਸੇ ਵਾਪਰਦੇ ਹਨ। ਰਿਪੋਰਟ ਅਨੁਸਾਰ ਮਿਜ਼ੋਰਮ ਵਿੱਚ ਸਭ ਤੋਂ ਵੱਧ ਅਤੇ ਉਤਰਾਖੰਡ ਦਾ ਤੀਜਾ ਨੰਬਰ ਹੈ। ਸੜਕ ਸੁਰੱਖਿਆ ਦੇ ਮਾਹਿਰ ਹਰਮਨ ਸਿੱਧੂ ਅਨੁਸਾਰ ਪੰਜਾਬ ਦੀਆਂ ਸੜਕਾਂ ‘ਤੇ ਸਾਲ 2018 ਦੌਰਾਨ (ਕੌਮੀ ਮਾਰਗਾਂ) ਉਪਰ ਲਗਪਗ 2,085 ਵਿਅਕਤੀ ਸੜਕ ਹਾਦਸਿਆਂ ਵਿੱਚ ਜਾਨਾਂ ਗੁਆ ਚੁੱਕੇ ਹਨ। ਇਹਨਾਂ ਅੰਕੜਿਆਂ ਮੁਤਾਬਿਕ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਆਵਾਰਾ ਪਸ਼ੂ ਮੁਸੀਬਤ ਬਣਦੇ ਹਨ।

ਇਹਨਾਂ ਹਾਦਸਿਆਂ ਤੋਂ ਇਲਾਵਾ ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ। ਪਿੰਡਾਂ ਵਿੱਚ ਇਹਨਾਂ ਕਾਰਨ ਝਗੜੇ ਹੋ ਰਹੇ ਹਨ। ਇਕ ਪਿੰਡ ਵਾਲੇ ਆਵਾਰਾ ਪਸ਼ੂ ਦੂਜੇ ਪਿੰਡ ਵਿੱਚ ਛੱਡ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਦੇ ਲੜਾਈ ਝਗੜੇ ਇਸ ਕਦਰ ਵਧ ਜਾਂਦੇ ਕਿ ਨੌਬਤ ਥਾਣਿਆਂ ਤਕ ਪਹੁੰਚ ਜਾਂਦੀ ਹੈ। ਜਦੋਂ ਇਹ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਉਜਾੜਾ ਕਰਦੇ ਤਾਂ ਉਹ ਵਿਚਾਰੇ ਆਪਣੀ ਕਿਸ ਕੋਲ ਫਰਿਆਦ ਲੈ ਕੇ ਜਾਣ।

ਰਿਪੋਰਟਾਂ ਮੁਤਾਬਕ ਜ਼ਿਲਾ ਸੰਗਰੂਰ ਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਚੰਗਾਲ ਦੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਕਿਸਾਨ ਖੇਤਾਂ ਵਿਚ ਘੁੰਮਦੇ ਲਾਵਾਰਸ ਪਸ਼ੂਆਂ ਨੂੰ ਟਰਾਲੀਆਂ ਵਿਚ ਲੱਦ ਕੇ ਡੀ ਸੀ ਦਫਤਰ ‘ਚ ਛੱਡਣ ਆ ਗਏ। ਰੋਹ ਵਿੱਚ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਆਵਾਰਾ ਪਸ਼ੂਆਂ ਦੀ ਮੁਸ਼ਕਿਲ ਹੱਲ ਕਰਨ ਦੀਆਂ ਅਪੀਲਾਂ ਕਰਨ ਦੇ ਬਾਵਜੂਦ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤੇ ਆਵਾਰਾ ਪਸ਼ੂ ਪਿੰਡਾਂ ਵਿਚ ਆਮ ਘੁੰਮ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿਚ ਆਵਾਰਾ ਪਸ਼ੂਆਂ ਦੀ ਆਮਦ ਵਧਦੀ ਜਾ ਰਹੀ ਹੈ, ਜੋ ਰਾਤ-ਦਿਨ ਖੇਤਾਂ ਵਿਚ ਉਜਾੜਾ ਕਰਦੇ ਹਨ। ਆਵਾਰਾ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਠੰਢੀਆਂ ਰਾਤਾਂ ਖੇਤਾਂ ਵਿੱਚ ਕੱਟਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਹਾਦਸੇ ਵਧਦੇ ਜਾ ਰਹੇ ਤੇ ਆਏ ਦਿਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਸਮੱਸਿਆ ਦੇ ਹੱਲ ਲਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਲਿਆਂਦੇ ਪਸ਼ੂ ਸੰਗਰੂਰ ਤੇ ਬਡਰੁੱਖਾਂ ਦੀਆਂ ਗਊਸ਼ਾਲਾਵਾਂ ਵਿਚ ਛੱਡ ਦਿੱਤੇ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਆਉਂਦੇ ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਮੁੜ ਆਵਾਰਾ ਪਸ਼ੂਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਛੱਡਣ ਲਈ ਮਜਬੂਰ ਹੋਣਗੇ। ਹਾਲਾਂਕਿ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਕਈ ਪ੍ਰਬੰਧ ਕਰਨ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਲੋਕਾਂ ਤੋਂ ਸੈੱਸ ਵੀ ਵਸੂਲਿਆ ਜਾਂਦਾ ਹੈ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਇਹਨਾਂ ਦੀ ਸੰਭਾਲ ਲਈ ਪੈਸੇ ਇਕੱਠੇ ਕਰਨ ਵਾਸਤੇ ਚੰਡੀਗੜ੍ਹ ਨਗਰ ਨਿਗਮ ਬਿਜਲੀ ਬਿੱਲਾਂ ਵਿੱਚ 10 ਪੈਸੇ ਯੂਨਿਟ ਦੇ ਹਿਸਾਬ ਨਾਲ ਸੈੱਸ ਲਗਾਉਣ ਦੀ ਰੂਪ-ਰੇਖਾ ਵੀ ਉਲੀਕ ਰਿਹਾ ਹੈ। ਪਰ ਹਕੀਕਤ ਵਿੱਚ ਦੋ ਰਾਜਾਂ ਦੀ ਰਾਜਧਾਨੀ ਅਤੇ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਕਹਿਲਾਉਂਦੇ ਚੰਡੀਗੜ੍ਹ ਦੀਆਂ ਸੜਕਾਂ, ਪਾਰਕਾਂ ਅਤੇ ਹੋਰ ਥਾਂਵਾਂ ‘ਤੇ ਆਵਾਰਾ ਪਸ਼ੂ ਘੁੰਮਦੇ ਆਮ ਨਜ਼ਰ ਆ ਰਹੇ ਹਨ।

ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸ਼ਨ ਜਾਂ ਸਰਕਾਰ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਕੱਢਦੀ ਹੈ ਜਾਂ ਲੋਕ ਹਾਦਸਿਆਂ ਵਿੱਚ ਇਸੇ ਤਰ੍ਹਾਂ ਜਾਨਾਂ ਗੁਆਉਂਦੇ ਰਹਿਣਗੇ ਤੇ ਕਿਸਾਨ ਆਪਣੀਆਂ ਫ਼ਸਲਾਂ ਦਾ ਉਜਾੜਾ ਝੱਲੀ ਜਾਣਗੇ।

- Advertisement -
Share this Article
Leave a comment