ਅਦਾਲਤ ਦਾ ਫੈਸਲਾ ਗਿਆ ਆਮ ਆਦਮੀ ਪਾਰਟੀ ਦੇ ਹੱਕ ‘ਚ, ‘ਆਪ’ ਖਿਲਾਫ ਵੱਡੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ

TeamGlobalPunjab
3 Min Read

ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ ਰੱਦ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ ‘ਚੋਂ ਬਾਹਰ ਕਰ ਦਿੱਤਾ ਸੀ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਉਹ ਹੁਣ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਣਗੇ। ਅਦਾਲਤ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ‘ਆਪ’ ਨੇ ਜਿਸ ਸੀਟ ਖਾਤਰ ਟਕਸਾਲੀ ਅਕਾਲੀਆਂ ਨਾਲ ਗੱਠਜੋੜ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਉਸੇ ਅਨੰਦਪੁਰ ਸਾਹਿਬ ਸੀਟ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਲੜਨ ਤੋਂ ਅਯੋਗ ਕਰਾਰ ਦੇਣ ਨਾਲ ‘ਆਪ’ ਦੀ ਸਿਆਸੀ ਹਲਕਿਆਂ ਵਿੱਚ ਬੜੀ ਕਿਰਕਿਰੀ ਹੋ ਰਹੀ ਸੀ

ਦੱਸ ਦਈਏ ਕਿ ਚੋਣ ਕਮਿਸ਼ਨ ਨੇ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ ਰੱਦ ਕਰਨ ਦਾ ਕਾਰਨ ਇਹ ਦੱਸਿਆ ਸੀ, ਕਿ ਸ਼ੇਰਗਿੱਲ ਜਦੋਂ ਸਾਲ 2017 ਦੌਰਾਨ ਵਿਧਾਨ ਸਭਾ ਚੋਣ ਹਾਰ ਗਏ ਸਨ, ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਚੋਣ ਖਰਚਿਆਂ ਦਾ ਵੇਰਵਾ ਜਮ੍ਹਾਂ ਨਹੀਂ ਕਰਵਾਇਆ ਸੀ, ਜਿਸ ਕਾਰਨ ਇਸ ਨੂੰ ਚੋਣ ਕਮਿਸ਼ਨ ਦੇ ਨਿਯਮ ਅਤੇ ਕਾਨੂੰਨਾਂ ਦੀ ਉਲੰਘਣਾ ਮੰਨਿਆ ਗਿਆ ਤੇ ਇੰਝ ਚੋਣ ਕਮਿਸ਼ਨ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਸ਼ੇਰਗਿੱਲ ਦੇ ਨਾਲ ਨਾਲ ‘ਆਪ’ ਦੀਆਂ ਆਸਾਂ, ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਸੀ। ਹਾਲਾਤ ਇਹ ਸਨ ਕਿ ਆਪ’ ਦੇ ਵਿਰੋਧੀ ਸੇਰਗਿੱਲ ਦੀ ਨਾਮਜ਼ਦਗੀ ਰੱਦ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਕੱਛਾਂ ਵਜਾਂਉਦੇ ਦਿਖਾਈ ਦੇ ਰਹੇ ਸਨ। 

ਇਸ ਸਬੰਧ ਵਿੱਚ ਚੋਣ ਅਧਿਕਾਰੀ ਦਾ ਕਹਿਣਾ ਸੀ, ਕਿ ਨਰਿੰਦਰ ਸਿੰਘ ਸੇਰਗਿੱਲ ਦੇ ਕਾਗਜਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ, ਕਿ ਸੇਰਗਿੱਲ ਦਾ ਨਾਂ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦਿੱਤੇ ਜਾ ਚੁੱਕੇ ਉਮੀਦਵਾਰਾਂ ਦੀ ਲਿਸਟ ਵਿੱਚ ਦਰਜ ਹੈ, ਲਿਹਾਜਾ ਉਨ੍ਹਾਂ ਦੇ ਨਾਮਜ਼ਦਗੀ ਕਾਗਜ ਯੋਗ ਕਰਾਰ ਨਹੀਂ ਦਿੱਤੇ ਜਾ ਸਕਦੇ।

ਇਸ ਤੋਂ ਬਾਅਦ 30 ਅਪ੍ਰੈਲ ਨੂੰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੋਣ ਕਮਿਸ਼ਨ ਦੇ ਫੈਸਲੇ ‘ਤੇ ਸਟੇਅ ਲਾਉਣ ਲਈ ਅਰਜੀ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਸ ਅਰਜੀ ‘ਤੇ ਸੁਣਵਾਈ ਕਰਦਿਆਂ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ‘ਚ ਫੈਸਲਾ ਦਿੱਤਾ ਤੇ ਉਨ੍ਹਾਂ ਦੇ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਰਾਹ ਸਾਫ ਹੋ ਗਿਆ।

- Advertisement -

Share this Article
Leave a comment