ਮਸੂਦ ਅਜ਼ਹਰ ਪ੍ਰਤੀ ਚੀਨ ਦੇ ਪਿਆਰ ਤੋਂ ਸੁਰੱਖਿਆ ਪ੍ਰੀਸ਼ਦ ਦੇਸ਼ ਨਾਰਾਜ਼, ਕਿਹਾ ਹੁਣ ਹੋਰ ਰਾਹ ਕਰਾਂਗੇ ਅਖ਼ਤਿਆਰ

Prabhjot Kaur
3 Min Read

ਨਵੀਂ ਦਿੱਲੀ : ਇੰਝ ਜਾਪਦਾ ਹੈ ਜਿਵੇਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨਾਲ ਸਾਡੇ ਗੁਆਂਢੀ ਮੁਲਕ ਚੀਨ ਦਾ ਕੁਝ ਜਿਆਦਾ ਹੀ ਪਿਆਰ ਹੈ। ਇਹੋ ਕਾਰਨ ਹੈ ਕਿ ਅਜ਼ਹਰ ਨੂੰ ਆਲਮੀ ਦਹਿਸ਼ਤ ਗਰਦ ਐਲਾਨੇ ਜਾਣ ਦੀ ਰਾਹ ਵਿੱਚ ਚੀਨ ਨੇ ਚੌਥੀ ਵਾਰ ਰੋੜਾ ਅਟਕਾ ਦਿੱਤਾ ਹੈ। ਪਰ ਦੱਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਮੈਂਬਰ ਚੁੱਪ ਨਹੀਂ ਹਨ। ਚੀਨ ਵੱਲੋਂ ਇਸ ਵਾਰ ਮਸੂਦ ਨੂੰ ਬਚਾਉਣ ਕਾਰਨ ਅਮਰੀਕਾ ਸਣੇ ਸੁਰੱਖਿਆ ਪ੍ਰੀਸ਼ਦ ਦੇ ਕਈ ਮੈਂਬਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਹਲਾਤ ਇੱਥੋਂ ਤੱਕ ਬਣ ਗਏ ਹਨ ਕਿ ਇਨ੍ਹਾਂ ਨਰਾਜ਼ ਮੈਂਬਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਉਹ ਮਸੂਦ ਅਜ਼ਹਰ ਮਾਮਲੇ ‘ਚ ਚੀਨ ਵੱਲੋਂ ਅਟਕਾਏ ਜਾ ਰਹੇ ਰੋੜਿਆਂ ਦਾ ਹੱਲ ਕੱਢਣ ਲਈ ਉਹ ਕੋਈ ਹੋਰ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਹੋ ਸਕਦੇ ਹਨ। ਭਾਵੇਂ ਕਿ ਇਸ ਸਬੰਧ ਵਿੱਚ ਅਮਰੀਕੀ ਸਫਾਰਤਖਾਨੇ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਸਲਾਹ ਮਸ਼ਵਰੇ ਗੁਪਤ ਹੁੰਦੇ ਹਨ, ਤੇ ਉਹ ਕਿਸੇ ਵੀ ਮਾਮਲੇ ‘ਤੇ ਟਿੱਪਣੀ ਨਹੀਂ ਕਰ ਸਕਦੇ ਪਰ ਇਸ ਦੇ ਬਾਵਜੂਦ ਵੀ ਪ੍ਰੀਸ਼ਦ ਦੇ ਕਈ ਮੈਂਬਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਹੈ ਕਿ ਚੀਨ ਦੀ ਇਸ ਅੜ ਦਾ ਇਲਾਜ਼ ਕਰਨ ਲਈ ਹੋਰ ਰਾਹ ਅਖ਼ਤਿਆਰ ਕਰਨੇ ਹੀ ਪੈਣਗੇ।

ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਅਮਰੀਕਾ, ਫਰਾਂਸ ਅਤੇ ਬਰਤਾਨੀਆਂ ਵੱਲੋਂ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਲਈ ਇੱਕ ਮਤਾ ਲਿਆਂਦਾ ਸੀ ਜਿਸ ‘ਤੇ ਚੀਨ ਨੇ ਆਪਣੀ ਵੀਟੋ ਪਾਵਰ ਦਾ ਇਸਤਿਮਾਲ ਕਰਦਿਆਂ ਚੌਥੀ ਵਾਰ ਮਸੂਦ ਅਜ਼ਹਰ ਨੂੰ ਬਚਾ ਲਿਆ। ਇਸ ‘ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਈ ਮੈਂਬਰ ਦੇਸ਼ਾਂ ਦਾ ਕਹਿਣਾ ਹੈ ਕਿ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਣ ਤੋਂ ਰੋਕਣਾ ਵਿਸ਼ਵ ਵਿੱਚ ਸ਼ਾਂਤੀ ਹਾਸਲ ਕਰਨ ਦੇ ਟੀਚੇ ਤੋਂ ਉਲਟ ਜਾਣਾ ਹੈ। ਚੀਨ ਦੇ ਇਸ ਰਵੱਈਏ ‘ਤੇ ਟਿੱਪਣੀ ਕਰਦਿਆਂ ਮੈਂਬਰ ਦੇਸ਼ ਦੇ ਇੱਕ ਦੂਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਚੀਨ ਵੱਲੋਂ ਅਜ਼ਹਰ ਨੁੰ ਚੌਥੀ ਵਾਰ  ਬਚਾਉਣਾ ਉਸ ਕਮੇਟੀ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਵਰਗਾ ਹੈ, ਜਿਹੜਾ ਕਿ ਸੁਰੱਖਿਆ ਪ੍ਰੀਸ਼ਦ ਨੇ ਉਸ ਦੇ ਹਵਾਲੇ ਕੀਤਾ ਹੈ।

ਇੱਧਰ ਅਮਰੀਕੀ ਕਾਂਗਰਸ ਦੇ ਮੈਂਬਰ ਬਰੈੱਡ ਸ਼ੇਰਮੈਨ ਨੇ ਚੀਨ ਦੇ ਇਸ ਕਾਰੇ ਨੂੰ ਨਾ ਮੰਨਣਯੋਗ ਕਰਾਰ ਦਿੰਦਿਆਂ ਅਪੀਲ ਕੀਤੀ ਹੈ, ਕਿ ਚੀਨ ਸੁਰੱਖਿਆ ਪ੍ਰੀਸ਼ਦ ਨੂੰ ਅਜ਼ਰ ‘ਤੇ ਰੋਕਾਂ ਲਾਉਣ ਦੇ ਕੰਮ ਵਿੱਚ ਰੋੜਾ ਨਾ ਅਟਕਾਏ।

 

- Advertisement -

Share this Article
Leave a comment