ਅਕਾਲੀ : ਥਾਣੇਦਾਰਾ ਮੇਰੇ ‘ਤੇ ਇੱਕ ਝੂਠਾ ਪਰਚਾ ਈ ਦਰਜ਼ ਕਰਦੇ, ਥਾਣੇਦਾਰ ਬੇਹੋਸ਼, ਅਕਾਲੀ ਖੁਸ਼!

Prabhjot Kaur
4 Min Read

ਗੁਰਦਾਸਪੁਰ : ਕਦੇ ਆਈ ਜੀ ਮੁਖਵਿੰਦਰ ਸਿੰਘ ਛੀਨਾਂ, ਕਦੇ ਮੁਕਤਸਰ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਤੇ ਕਦੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਅਧਿਕਾਰੀਆਂ ਨੂੰ ਸਰਕਾਰ ਆਉਣ ‘ਤੇ ਸਬਕ ਸਿਖਾਉਣ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਇੱਕ ਵਾਰ ਫਿਰ ਸਟੇਜ਼ ਤੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਅੱਗ ਉਗਲਦਾ ਬਿਆਨ ਦਿੱਤਾ ਹੈ। ਸੁਖਬੀਰ ਨੇ ਕਿਹਾ ਹੈ ਕਿ ਪੰਜਾਬ ਦੇ ਜਿਹੜੇ ਪੁਲਿਸ ਅਧਿਕਾਰੀ ਮੌਜੂਦਾ ਸਰਕਾਰ ਦੇ ਹੁਕਮਾਂ ‘ਤੇ ਅਕਾਲੀ ਦਲ ਵਾਲਿਆਂ ‘ਤੇ ਝੂਠੇ ਪਰਚੇ ਦਰਜ਼ ਕਰ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਵਿਕਾਸ ਦੇ ਕੰਮ ਬਾਅਦ ‘ਚ ਕੀਤੇ ਜਾਣਗੇ ਸਭ ਤੋਂ ਪਹਿਲਾਂ ਇਨ੍ਹਾਂ ਪੁਲਿਸ ਵਾਲਿਆਂ ਨੂੰ ਨੌਕਰੀਓਂ ਕੱਢਿਆ ਜਾਵੇਗਾ ਤੇ ਜਿਨ੍ਹਾਂ ਅਕਾਲੀਆਂ ‘ਤੇ ਜ਼ਿਆਦਾ ਝੂਠੇ ਪਰਚੇ ਦਰਜ਼ ਹੋਏ ਉਨ੍ਹਾਂ ਨੂੰ ਅਕਾਲੀ ਸਰਕਾਰ ਆਉਣ ‘ਤੇ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਸੁਖਬੀਰ ਬਾਦਲ ਇੱਥੇ ਸ੍ਰੀ ਹਰਗੋਬਿੰਦਪੁਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਆਏ ਹੋਏ ਸਨ।

ਜਿਸ ‘ਤੇ ਜਿੰਨੇ ਜਿਆਦਾ ਪਰਚੇ ਹੋਣਗੇ ਉਨੀ ਵੱਡੀ ਚੇਅਰਮੈਨੀ ਮਿਲੇਗੀ : ਛੋਟੇ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਟੇਜ਼ ਤੋਂ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਖਿਲਾਫ ਧੜਾਧੜ੍ਹ ਝੂਠੇ ਮੁਕੱਦਮੇ ਦਰਜ਼ ਕਰ ਰਹੀ ਹੈ, ਪਰ ਜਿਹੜੇ ਪੁਲਿਸ ਵਾਲੇ ਅਜਿਹਾ ਕਰ ਰਹੇ ਹਨ ਉਨ੍ਹਾਂ ਨੂੰ ਆਪਣੇ ਜ਼ਮੀਰ ਤੋਂ ਪੁੱਛਣਾ ਚਾਹੀਦਾ ਹੈ ਕਿ, ਕੀ ਇਹ ਠੀਕ ਹੈ? ਕਿਉਂਕਿ ਉਨ੍ਹਾਂ ਦੇ ਵੀ ਆਪਣੇ ਪਰਿਵਾਰ ਹਨ, ਛੋਟੇ ਛੋਟੇ ਬੱਚੇ ਹਨ, ਤੇ ਜੇਕਰ ਉਨ੍ਹਾਂ ‘ਤੇ ਕੋਈ ਝੂਠਾ ਪਰਚਾ ਦਰਜ਼ ਕਰੇ ਉਨ੍ਹਾਂ ਦੇ ਪਰਿਵਾਰ ‘ਤੇ ਕੀ ਬੀਤਦੀ? ਸੁਖਬੀਰ ਨੇ ਕਿਹਾ ਕਿ ਅਕਾਲੀ ਵਰਕਰ ਤਾਂ ਬਹਾਦਰ ਹਨ ਸਾਰਾ ਕੁਝ ਸਹਿ ਗਏ, ਪਰ ਕਾਂਗਰਸੀਆਂ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ ਤੇ ਉਹ ਭਜਦੇ ਹੋਏ ਬਾਰਡਰ ਪਾਰ ਕਰ ਜਾਣਗੇ। ਸੁਖਬੀਰ ਨੇ ਇਸ ਮੌਕੇ ਐਲਾਨ ਕੀਤਾ ਕਿ ਜਿਨ੍ਹਾਂ ਅਕਾਲੀਆਂ ‘ਤੇ ਜਿਆਦਾ ਝੂਠੇ ਪਰਚੇ ਦਰਜ਼ ਹੋਏ ਹੋਣਗੇ ਉਨ੍ਹਾਂ ਨੂੰ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਚੇਅਰਮੈਨੀਆਂ ਨਾਲ ਨਿਵਾਜ਼ਿਆ ਜਾਵੇਗਾ।

ਸੁਖਬੀਰ ਦੀ ਨਵੀਂ ਸਕੀਮ, ਪਰਚੇ ਦਰਜ਼ ਕਰਵਾਓ, ਚੇਅਰਮੈਨੀ ਪਾਓ,

- Advertisement -

ਦੱਸ ਦਈਏ ਕਿ ਸੁਖਬੀਰ ਬਾਦਲ ਇਸ ਤੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਵੀ ਇਹ ਧਮਕੀ ਦੇ ਚੁੱਕੇ ਹਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਜਸਟਿਸ ਰਣਜੀਤ ਸਿੰਘ ‘ਤੇ ਪਰਚਾ ਦਰਜ਼ ਕਰਨਗੇ। ਪਰਚਿਆਂ ਦੀ ਇਸ ਸਿਆਸਤ ਤੋਂ ਵੱਡੇ ਬਾਦਲ ਵੀ ਬਚੇ ਨਹੀਂ ਰਹੇ ਤੇ ਉਨ੍ਹਾਂ ਨੇ ਵੀ ਸਟੇਜ਼ ਤੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਸੀ ਕਿ ਅਕਾਲੀ ਵਰਕਰ ਪਰਚਿਆਂ ਤੋਂ ਨਾ ਘਬਰਾਉਣ ਕਿਉਂਕਿ ਉਨ੍ਹਾਂ (ਪ੍ਰਕਾਸ਼ ਸਿੰਘ ਬਾਦਲ) ਨੇ ਕਿਹੜਾ ਐਲਐਲਬੀ ਕੀਤੀ ਹੈ, ਪਰਚੇ ਦਰਜ਼ ਕਰਵਾ ਕਰਵਾ ਕੇ ਹੀ ਉਹ ਮੁੱਖ ਮੰਤਰੀ ਬਣੇ ਹਨ ਤੇ ਪਰਚੇ ਦਰਜ਼ ਕਰਵਾ ਕੇ ਹੀ ਸੁਖਬੀਰ ਉਪ ਮੰਤਰੀ ਬਣੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਮੌਜੂਦਾ ਕਾਂਗਰਸ ਪਾਰਟੀ ਨੇ ਵੀ ਸੱਤਾ ‘ਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਉੱਤੇ ਕਾਂਗਰਸ ਵਰਕਰਾਂ ‘ਤੇ ਝੂਠੇ ਪਰਚੇ ਦਰਜ਼ ਕਰਨ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਤਾਂ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦਾ ਗਠਨ ਕੀਤਾ ਗਿਆ ਜੋ ਕਿ ਲਗਾਤਾਰ ਆਪਣੀ ਰਿਪੋਰਟ ਦੇ ਕੇ ਝੂਠੇ ਪਰਚੇ ਰੱਦ ਕਰਦਾ ਆ ਰਿਹਾ ਹੈ ਤੇ ਇਸ ਕਮਿਸ਼ਨ ਦੀ ਰਿਪੋਰਟ ‘ਤੇ ਹੀ ਕਈ ਪੁਲਿਸ ਵਾਲਿਆਂ ਖਿਲਾਫ ਝੂਠੇ ਪਰਚੇ ਦਰਜ਼ ਕਰਨ ‘ਤੇ ਕਾਰਵਾਈ ਕਰਨ ਦੀ ਸ਼ਿਫਾਰਸ਼ ਵੀ ਕੀਤੀ ਗਈ ਹੈ। ਇਹ ਸਾਰੇ ਮਾਮਲੇ ਦਰਸਾਉਂਦੇ ਹਨ ਕਿ ਸਿਆਸੀ ਲੋਕ ਸੱਤਾ ਹਾਸਲ ਕਰਨ ਲਈ ਕਿਸ ਤਰ੍ਹਾਂ ਧੱਕੇਸ਼ਾਹੀਆਂ ਕਰਦੇ ਹਨ ਤੇ ਸਹਿੰਦੇ ਵਿਚਾਰੇ ਹੇਠਲੇ ਪੱਧਰ ਦੇ ਆਗੂ ਤੇ ਵਰਕਰ ਹਨ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਆਗੂ ਨੇ ਐਲਾਨ ਕੀਤਾ ਹੋਵੇ ਕਿ ਝੂਠੇ ਪਰਚੇ ਦਰਜ਼ ਕਰਵਾਓ ਤੇ ਚੇਅਰਮੈਨੀਆਂ ਪਾਓ। ਸੁਖਬੀਰ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਚੂੰਢੀ ਮਾਰ ਲੋਕ ਚਟਕਾਰੇ ਲੈ ਕੇ ਚੁਗਲੀਆਂ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਨੌਕਰੀਆਂ ਦਾ ਡਰ ਹੋਵੇਗਾ ਉਹ ਪਰਚੇ ਦਰਜ਼ ਕਰਨੋ ਭੱਜਣਗੇ ਤੇ ਜਿਨ੍ਹਾਂ ਨੂੰ ਚੇਅਰਮੈਨੀਆਂ ਦਾ ਲਾਲਚ ਹੋਵੇਗਾ ਉਹ ਥਾਣੇਦਾਰਾਂ ਨਾਲ ਯਾਰੀਆਂ ਪਾਉਣਗੇ, ਤੇ ਅਕਸਰ ਕਹਿੰਦੇ ਦਿਖਾਈ ਦੇਣਗੇ ਕਿ ਯਾਰ ਇੱਕ ਝੂਠਾ ਪਰਚਾ ਹੀ ਦਰਜ਼ ਕਰਦੇ, ਚੇਅਰਮੈਨੀ ਲੈਣੀ ਹੈ।

 

 

Share this Article
Leave a comment