ਪਟਿਆਲਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਸਤੰਬਰ 2018 ਵਿੱਚ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਆਪਣੇ ਮੁਅੱਤਲ ਕੀਤੇ ਜਾ ਚੁੱਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਜਦੋਂ ਫੇਲ੍ਹ ਹੋ ਗਈ, ਤਾਂ ਹੁਣ ਚੋਣਾਂ ਦੌਰਾਨ ‘ਆਪ’ ਆਗੂਆਂ ਨੇ ਡਾ. ਗਾਂਧੀ ਨੂੰ ਪਾਰਟੀ ਦਾ ਗੱਦਾਰ ਦੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਇੱਕ ਬਿਆਨ ਦਿੰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਹੈ, ਕਿ ਸਾਲ 2014 ਦੌਰਾਨ ਪਾਰਟੀ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤੇ ਡਾ. ਧਰਮਵੀਰ ਗਾਂਧੀ ‘ਆਪ’ ਦੇ ਗੱਦਾਰ ਹਨ। ਡਾ. ਬਲਬੀਰ ਨੇ ਕਿਹਾ ਕਿ ਪਾਰਟੀ ਨੇ ਡਾ. ਗਾਂਧੀ ਨੁੰ ਜਿੱਤਾ ਕੇ ਸੰਸਦ ਮੈਂਬਰ ਬਣਾਇਆ ਸੀ, ਪਰ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਨੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਕਾਰਨ ਪਾਰਟੀ ਵੱਲੋਂ ਉਨ੍ਹਾਂ (ਡਾ. ਗਾਂਧੀ) ਨੂੰ ਮੁਅੱਤਲ ਕਰਨਾ ਪਿਆ। ਆਪ ਦੇ ਸਹਿ ਪ੍ਰਧਾਨ ਇੱਥੇ ਪਾਰਟੀ ਦੀ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਹੋਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਤਾਂ ਪਾਰਟੀ ਦੀ ਵਜ੍ਹਾ ਕਾਰਨ ਡਾ. ਧਰਮਵੀਰ ਗਾਂਧੀ ਚੋਣ ਜਿੱਤ ਗਏ ਸਨ ਪਰ ਇਸ ਵਾਰ ਉਨ੍ਹਾਂ ਦੀ ਜ਼ਮਾਨਤ ਜਬਤ ਹੋ ਸਕਦੀ ਹੈ। ਦੱਸ ਦਈਏ ਕਿ ਸਤੰਬਰ 2018 ਦੌਰਾਨ ਆਮ ਆਦਮੀ ਪਾਰਟੀ ਨੇ ਆਪਣੇ ਰੁੱਸੇ ਅਤੇ ਕੱਢੇ ਹੋਇਆਂ ਨੂੰ ਮਨਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਸੀ। ਜਿਸ ਦੌਰਾਨ ਜਿੱਥੇ ‘ਆਪ’ ਦੀ ਪੰਜਾਬ ਇਕਾਈ ਦੇ ਕਈ ਸੀਨੀਅਰ ਆਗੂਆਂ ਨੇ ‘ਆਪ’ ਵਿੱਚੋਂ ਕੱਢੇ ਗਏ ਸੁੱਚਾ ਸਿੰਘ ਛੋਟੇਪੁਰ ਨਾਲ ਮੁਲਕਾਤ ਕਰਕੇ ਉਨ੍ਹਾਂ ਨੂੰ ਪਾਰਟੀ ‘ਚ ਮੁੜ ਆਉਣ ਦਾ ਸੱਦਾ ਦਿੱਤਾ ਸੀ, ਉੱਥੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਨੂੰ ਵੀ ਮਨਾ ਕੇ ‘ਆਪ’ ‘ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਸ ਵੇਲੇ ਹਾਲਾਤ ਇਹ ਸਨ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਆਗੂ ਸੰਜੇ ਸਿੰਘ ਤਾਂ ਡਾ. ਗਾਂਧੀ ਨੂੰ ਮਨਾਉਣ ਉਨ੍ਹਾਂ ਦੇ ਘਰ ਆਪ ਖੁਦ ਪਹੁੰਚ ਗਏ ਸਨ। ਉਸ ਵੇਲੇ ਡਾ. ਗਾਂਧੀ ਨੂੰ ਮਿਲਣ ਪਿੱਛੋਂ ਸੰਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ, ਕਿ ਉਨ੍ਹਾਂ ਨੇ ਡਾ. ਧਰਮਵੀਰ ਗਾਂਧੀ ਨਾਲ ਕਰੀਬ ਡੇਢ ਘੰਟੇ ਤੱਕ ਮੁਲਾਕਾਤ ਕੀਤੀ ਹੈ, ਤੇ ਇਸ ਦੌਰਾਨ ਉਨ੍ਹਾਂ (ਸੰਜੇ ਸਿੰਘ) ਨੇ ਡਾ. ਧਰਮਵੀਰ ਗਾਂਧੀ ਨੂੰ ਆਮ ਆਦਮੀ ਪਾਰਟੀ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ ਸੀ। ਪਰ ਡਾ. ਗਾਂਧੀ ਨੇ ਪਾਰਟੀ ਵਿੱਚ ਵਾਪਸ ਆਉਣ ਲਈ ਕੁਝ ਸ਼ਰਤਾਂ ਰੱਖੀਆਂ ਹਨ ਜਿਸ ਬਾਰੇ ਹਾਈ ਕਮਾਂਡ ਨਾਲ ਗੱਲਬਾਤ ਤੋਰੀ ਜਾਵੇਗੀ। ਪਰ ਬਾਅਦ ਵਿੱਚ ਇਹ ਗੱਲਬਾਤ ਇਸ ਲਈ ਅੱਗੇ ਨਹੀਂ ਤੁਰ ਪਾਈ ਕਿਉਂਕਿ ਡਾ. ਗਾਂਧੀ ਪੰਜਾਬ ਦੀ ਖੁਦਮੁਖਤਿਆਰੀ ਚਾਹੁੰਦੇ ਸਨ, ਜਿਹੜੀ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਸੀ। ਲਿਹਾਜਾ ਉਸ ਵੇਲੇ ਉਹ ਗੱਲਬਾਤ ਫੇਲ੍ਹ ਹੋ ਗਈ ਤੇ ਹੁਣ ਸਟੇਜਾਂ ਤੋਂ ਡਾ. ਗਾਂਧੀ ਨੂੰ ‘ਆਪ’ ਦਾ ਗੱਦਾਰ ਦੱਸਣ ‘ਤੇ ਡਾ. ਗਾਂਧੀ ਦੇ ਸਮਰਥਕਾਂ ਨੇ ਇਹ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਜੇਕਰ ਡਾ. ਗਾਂਧੀ ਗੱਦਾਰ ਸਨ ਤਾਂ ‘ਆਪ’ ਹਾਈ ਕਮਾਂਡ ਉਨ੍ਹਾਂ ਨੂੰ ਪਾਰਟੀ ਵਿੱਚ ਲਿਆਉਣ ਲਈ ਉਤਾਵਲੀ ਕਿਉਂ ਸੀ? ਕੀ ਜੇਕਰ ਉਸ ਵੇਲੇ ਡਾ. ਗਾਂਧੀ ਪਾਰਟੀ ਵਿੱਚ ਵਾਪਸ ਚਲੇ ਜਾਂਦੇ ਤਾਂ ਕਿ ਉਨ੍ਹਾਂ ਦੀ ਗੱਦਾਰੀ ਪਾਰਟੀ ਭਗਤੀ ਵਿੱਚ ਤਬਦੀਲ ਹੋ ਜਾਂਦੀ? ਇਹ ਉਹ ਸਵਾਲ ਹਨ, ਜਿਨ੍ਹਾਂ ਦੇ ਜਵਾਬ ਆਉਣ ਵਾਲੇ ਸਮੇਂ ‘ਚ ਆਪ ਵਾਲਿਆਂ ਨੂੰ ਦੇਣੇ ਹੀ ਪੈਣਗੇ।