ਪੰਜਾਬ ਵਿੱਚ ਪਾਰਾ ਨਰਮ, ਸਿਆਸਤ ਗਰਮ

TeamGlobalPunjab
6 Min Read

-ਅਵਤਾਰ ਸਿੰਘ

ਪੰਜਾਬ ਵਿੱਚ ਅੱਜ ਕੱਲ੍ਹ ਪੈ ਰਹੀ ਕੜਾਕੇ ਦੀ ਠੰਢ ਨੇ ਪਾਰਾ ਇਕਦਮ ਹੇਠਾਂ ਡੇਗ ਦਿੱਤਾ ਹੈ। ਬੇਮੌਸਮੇ ਮੀਂਹ ਨੇ ਫ਼ਸਲਾਂ ਨੂੰ ਰਾਹਤ ਪਹੁੰਚਾਈ ਹੈ। ਪਰ ਸੂਬੇ ਦੀ ਰਾਜਨੀਤੀ ਦਾ ਤਾਪਮਾਨ ਕੁਝ ਉਪਰ ਨੂੰ ਜਾ ਰਿਹਾ ਲੱਗਦਾ ਹੈ। ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤਾਂ ਅੱਜ ਕੱਲ੍ਹ ਆਪਣਿਆਂ ਨੂੰ ਖੁਸ਼ ਕਰਨ ‘ਤੇ ਲੱਗੀ ਹੋਈ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ ਚੇਅਰਮੈਨ ਲਾਇਆ ਜਾ ਰਿਹਾ ਹੈ। ਨਵੇਂ ਅਹੁਦੇ ਬਖਸ਼ੇ ਜਾ ਰਹੇ ਹਨ। ਉਧਰ ਵਿਰੋਧੀ ਧਿਰਾਂ ਵਿੱਚ ਵੀ ਘਸਮਾਨ ਜਿਹਾ ਮਚਿਆ ਹੋਇਆ ਹੈ। ਸੌ ਸਾਲ ਦੀ ਉਮਰ ਦੇ ਹੋਏ ਅਕਾਲੀ ਦਲ ਵਿੱਚ ਵੀ ਕੁਝ ਚੰਗਾ ਨਹੀ ਹੈ। ਇਕ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਇਹਨਾਂ ਨੂੰ ਪਾਰਟੀ ਵਿੱਚੋ ਕੱਢਣ ਦੀ ਮੰਗ ਉੱਠ ਰਹੀ ਹੈ। ਇਹ ਦੋਵੇਂ ਬਾਦਲ ਪਰਿਵਾਰ ਤੋਂ ਨਾਰਾਜ਼ ਹਨ। ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਪਰਿਵਾਰ ਮੁਕਤ ਕਰਵਾਉਣਾ ਹੈ।

ਰਿਪੋਰਟਾਂ ਤੇ ਯਕੀਨ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ’ਚੋਂ ਕੱਢਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਾ ਇਕਾਈਆਂ ਵਲੋਂ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਮਤਾ ਪਾਸ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਕਿ ਦੋਵਾਂ ਨੂੰ ਪਾਰਟੀ ’ਚੋਂ ਬਰਖ਼ਾਸਤ ਕੀਤਾ ਜਾਵੇ।

ਤੀਜਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ 1920 ਵਿਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਸਬੰਧੀ ਸ਼ੁਰੂ ਕੀਤੀਆਂ ਗਤੀਵਿਧੀਆਂ ਤਹਿਤ ਹੁਣ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਕਾਲੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਯਤਨ ਕਰਨੇ ਸ਼ੁਰੂ ਹੋ ਜਾਣਗੇ। ਵੱਖ ਵੱਖ ਅਕਾਲੀ ਦਲਾਂ ਦੇ ਆਗੂਆਂ ਦੀ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਦੇ ਮੁੱਢਲੇ ਪੜਾਅ ’ਤੇ ਤਾਲਮੇਲ ਕਮੇਟੀ ਬਣਾਉਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਦਸੰਬਰ ਮਹੀਨੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਇਸ ਮੌਕੇ ਅਕਾਲੀ ਦਲ (ਟਕਸਾਲੀ) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਡਾ. ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਅਕਾਲੀ ਦਲਾਂ ਦੇ ਆਗੂ ਇਕ ਮੰਚ ’ਤੇ ਪੁੱਜੇ ਸਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਵੱਖ ਵੱਖ ਫੈਡਰੇਸ਼ਨ ਧੜਿਆਂ ਦੇ ਆਗੂ ਵੀ ਹਾਜ਼ਿਰ ਸਨ। ਇਨ੍ਹਾਂ ਆਗੂਆਂ ਨੇ ਇਕ ਮੰਚ ’ਤੇ ਇਕੱਠੇ ਹੁੰਦਿਆਂ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਵੀ ਇਕ ਮੰਚ ’ਤੇ ਇਕੱਠੇ ਹੋਣ ਅਤੇ ਪੁਰਾਤਨ ਅਕਾਲੀ ਦਲ ਦੀ ਸੁਰਜੀਤੀ ਦਾ ਹੋਕਾ ਦਿੱਤਾ ਸੀ।

- Advertisement -

ਰਿਪੋਰਟਾਂ ਮੁਤਾਬਿਕ ਅਕਾਲੀ ਦਲ (ਟਕਸਾਲੀ) ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਇਸ ਸਬੰਧੀ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿਚ ਜਥੇਬੰਦੀ ਨਾਲ ਜੁੜੇ ਅਕਾਲੀ ਆਗੂ ਇਕੱਠੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਹੋਣ ਵਾਲੀ ਮੀਟਿੰਗ ਵਿਚ ਮੁਢਲੇ ਪੜਾਅ ਵਿਚ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਆਪਸੀ ਇਕਜੁੱਟਤਾ ਲਈ ਉਪਰਾਲੇ ਕਰੇਗੀ। ਇਸ ਤੋਂ ਇਲਾਵਾ ਮੌਜੂਦਾ ਸਿਆਸੀ ਪ੍ਰਸਿਥਤੀਆਂ ’ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਜਥੇਬੰਦੀ ਦੇ ਸੂਤਰਾਂ ਮੁਤਾਬਕ ਜਥੇਬੰਦੀ ਨੇ ਸੁਖਦੇਵ ਸਿੰਘ ਢੀਂਡਸਾ ਸਮੇਤ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ।

ਰਿਪੋਰਟਾਂ ਅਨੁਸਾਰ ਪਰਮਿੰਦਰ ਢੀਂਡਸਾ ਨੇ ਕਿਹਾ ਕਿ 2015-16 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਉਦੋਂ ਦੀ ਅਕਾਲੀ ਲੀਡਰਸ਼ਿਪ ਨੂੰ ਜਿੰਮੇਵਾਰੀ ਕਬੂਲਦਿਆਂ ਅਕਾਲ ਤਖ਼ਤ ‘ਤੇ ਜਾ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੇ ਪਿਤਾ ਪਾਰਟੀ ਨੂੰ ਬਚਾਉਣ ਲਈ ਲੋਕਤੰਤਰਿਕ ਢਾਂਚਾ ਉਸਾਰਨਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ।

ਉਧਰ ਸਰਕਾਰਾਂ ਤੋਂ ਤੰਗ ਆਏ ਕਿਸਾਨਾਂ ਨੇ ਦੇਸ਼ ਵਿਆਪੀ ਹੜਤਾਲ ਕਰ ਦਿੱਤੀ ਹੈ। ਢਾਈ ਸੌ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ‘ਪੇਂਡੂ ਭਾਰਤ ਬੰਦ’ ਅੱਜ ਅੱਠ ਜਨਵਰੀ ਨੂੰ ਪੂਰੇ ਦੇਸ਼ ਦੇ ਪਿੰਡਾਂ ਤੇ ਸ਼ਹਿਰਾਂ ਦਰਮਿਆਨ ਅਦਾਨ-ਪ੍ਰਦਾਨ ਬੰਦ ਰੱਖਿਆ ਗਿਆ ਹੈ। ਪੰਜਾਬ ’ਚ ਬੰਦ ਦੀ ਅਗਵਾਈ ਕਰ ਰਹੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਨਾ ਪਿੰਡਾਂ ਵਿਚੋਂ ਦੁੱਧ ਅਤੇ ਸਬਜ਼ੀਆਂ ਬਾਹਰ ਜਾਣਗੀਆਂ ਅਤੇ ਨਾ ਹੀ ਸ਼ਹਿਰਾਂ ਵਿਚੋਂ ਕੋਈ ਵਸਤੂ ਪਿੰਡਾਂ ਵਿਚ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਮੁਹਾਲੀ ਤੋਂ ਬਿਨਾਂ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਕਿਸਾਨਾਂ ਵੱਲੋਂ ਦੁਪਹਿਰ 1 ਤੋਂ 3 ਵਜੇ ਤੱਕ ਕੌਮੀ ਮਾਰਗਾਂ ਸਮੇਤ ਹੋਰ ਛੋਟੇ ਸੜਕ ਮਾਰਗ ਅਤੇ ਅੰਮ੍ਰਿਤਸਰ ਤੇ ਮਾਨਸਾ ਜ਼ਿਲ੍ਹਿਆਂ ’ਚ ਪ੍ਰਮੁੱਖ ਰੇਲ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਹਨਾਂ ਦੀਆਂ ਮੰਗਾਂ ਵਿੱਚ ਜਿਣਸਾਂ ਦੇ ਢੁੱਕਵੇਂ ਭਾਅ ਦੇਣ, ਮੁਕੰਮਲ ਕਰਜ਼ਾ ਮੁਆਫ਼ੀ, ਪਰਾਲੀ ਦੀ ਸੰਭਾਲ ਅਤੇ ਕਈ ਹੋਰ ਕਿਸਾਨੀ ਮਸਲੈ ਸ਼ਾਮਿਲ ਹਨ। ਕਿਸੇ ਵੀ ਸਰਕਾਰ ਨੂੰ ਕਿਸਾਨ, ਬੇਰੁਜਗਾਰ ਨੌਜਵਾਨਾਂ ਅਤੇ ਸੂਬੇ ਦੀਆਂ ਹੋਰ ਮੰਗਾਂ ਦੀ ਕੋਈ ਪ੍ਰਵਾਹ ਨਹੀਂ ਉਹ ਤਾਂ ਕੇਵਲ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਚਲਦੇ ਬਣਦੇ ਹਨ। ਹੁਣ ਦੇਖੋ ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰ ਰਹੇ ਕਿਰਤੀਆਂ ਦੀ ਮੇਹਨਤ ਸਿਆਸਤ ਵਿੱਚ ਵੀ ਤਬਦੀਲੀ ਲਿਆਉਂਦੀ ਹੈ ਜਾਂ ਨਹੀਂ ।

Share this Article
Leave a comment