ਹੁਣ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ ਕੈਪਟਨ, ਸਿੱਧੂ ਨੂੰ ਜੱਫੀ ਪਾਉਣ ਵਾਲੇ ਫੌਜ ਮੁਖੀ ਨੂੰ ਦਿੱਤੀ LIVE ਧਮਕੀ

Prabhjot Kaur
3 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਤਾਂ ਜੋ ਕੁਝ ਹੋ ਰਿਹਾ ਹੈ ਸੋ ਹੋ ਰਿਹਾ ਹੈ। ਪਰ ਪੰਜਾਬ ਇਸ ਮਾਮਲੇ ‘ਚ ਪੂਰੀ ਤਰ੍ਹਾਂ ਸੁਰੱਖਿਅਤ ਹੈ, ਪਰ ਇਸ ਦੇ ਬਾਵਜੂਦ ਜੇਕਰ ਪਾਕਿਸਤਾਨ ਨੇ ਪੰਜਾਬ ਵੱਲ ਮਾੜੀ ਅੱਖ ਕੀਤੀ ਤਾਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਹ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ। ਕੈਪਟਨ ਨੇ ਇਸ ਸਬੰਧ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣਾ ਸਾਰਾ ਨਿਸ਼ਾਨਾ ਉਸ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ‘ਤੇ ਰੱਖਿਆ ਜਿਸ ਨੂੰ ਪਾਕਿਸਤਾਨ ‘ਚ ਜਾ ਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੱਫੀ ਪਾ ਕੇ ਆਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਕਿਸਮ ਦੀ ਵੀ ਹਿਮਾਕਤ ਕਰਨ ‘ਤੇ ਬਾਜਵਾ ਨੂੰ ਸਬਕ ਸਿਖਾਇਆ ਜਾਵੇਗਾ ਕਿਉਂਕਿ ਸਾਨੂੰ ਅਜਿਹੀਆਂ ਕਾਰਵਾਈਆਂ ‘ਤੇ ਜਵਾਬ ਦੇਣਾ ਆਉਂਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀ ਪੰਜਾਬੀ ਹਾਂ ਤੇ ਕਿਸੇ ਤੋਂ ਦੱਬਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇਮਰਾਨ ਖਾਨ ਗੁਰਦੁਆਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਪਾਕਿਸਤਾਨੀ ਫੌਜ ਦੀਆਂ ਕਰਤੂਤਾਂ ਨਾ ਕਾਬਲ-ਏ-ਬਰਦਾਸ਼ਤ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਉਮੀਦ ਕਰਦੇ ਹਨ ਕਿ ਇਸ ਅੱਤਵਾਦੀ ਹਮਲੇ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਫੈਸਲੇ ‘ਤੇ ਕੋਈ ਅਸਰ ਨਹੀਂ ਪਵੇਗਾ।

ਦੱਸ ਦਈਏ ਕਿ ਪੁਲਵਾਮਾ ਹਮਲੇ ਸਬੰਧੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਬੜਾ ਨਾਪ-ਤੋਲ ਕੇ ਜਵਾਬ ਦਿੰਦਿਆਂ ਕਿਹਾ ਕਿ ਅੱਤਵਾਦ ਦਾ ਨਾ ਕੋਈ ਧਰਮ ਤੇ ਨਾ ਕੋਈ ਦੇਸ਼ ਹੁੰਦਾ ਹੈ। ਸਿੱਧੂ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਤੇ ਨਾਲ ਹੀ ਇਸ ਮਸਲੇ ਦਾ ਪੱਕਾ ਹੱਲ ਲੱਭੇ ਜਾਣ ਦੀ ਲੋੜ ਹੈ। ਉੱਧਰ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁਲਤਵੀ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਵੀ ਜਵਾਨ ਸ਼ਹੀਦ ਹੋਏ ਹਨ ਤੇ ਇਸ ਸਭ ਲਈ ਪਾਕਿਸਤਾਨ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾ ਸਿਰਫ ਅੱਤਵਾਦੀ ਕਾਰਵਾਈਆਂ ਨੂੰ ਸ਼ਹਿ ਦੇ ਰਿਹਾ ਹੈ ਬਲਕਿ ਰਾਇਸ਼ੁਮਾਰੀ 2020 ਵੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ ਐਸ ਆਈ ਦਾ ਹੀ ਕਾਰਨਾਮਾ ਹੈ।

 

- Advertisement -

Share this Article
Leave a comment