ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਬਕਾ ਮਾਰਿਆ ਹੈ, ਕਿ ਸੂਬੇ ਦੇ ਜਿਹੜੇ ਵੀ ਵਿਧਾਨ ਸਭਾ ਹਲਕੇ ਵਿੱਚੋਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਜਿੱਤ ਹਾਸਲ ਕਰਨ ਵਿੱਚ ਨਾਕਾਮ ਰਹਿੰਦੀ ਹੈ, ਨਾ ਸਿਰਫ ਉਸ ਹਲਕੇ ਨਾਲ ਸਬੰਧਤ ਮੰਤਰੀ ਨੂੰ ਕੈਬਨਿਟ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ, ਬਲਕਿ ਜਿਸ ਵਿਧਾਇਕ ਦੇ ਹਲਕੇ ‘ਚੋਂ ਪਾਰਟੀ ਨੂੰ ਹਾਰ ਮਿਲੀ ਉਸ ਨੂੰ ਮੁੜ ਵਿਧਾਇਕੀ ਦੀ ਚੋਣ ਲੜਨ ਲਈ ਪਾਰਟੀ ਦੀ ਟਿਕਟ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਅਨੁਸਾਰ ਇਸ ਤੋਂ ਇਲਾਵਾ ਜਿਹੜੇ ਮੌਜੂਦਾ ਜਾਂ ਸਾਬਕਾ ਵਿਧਾਇਕਾਂ ਦੇ ਖੇਤਰ ਵਿੱਚੋਂ ਪਾਰਟੀ ਨੂੰ ਜਿੰਨੀ ਵੱਡੀ ਜਿੱਤ ਮਿਲੇਗੀ, ਉਸ ਵਿਧਾਇਕ ਜਾਂ ਆਗੂ ਨੂੰ ਬੋਰਡ ਜਾਂ ਨਿਗਮਾਂ ਅੰਦਰ ਉਨੀਆਂ ਵੱਡੀਆਂ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਬਾਅਦ ਜਿੱਥੇ ਬਗਾਵਤੀ ਸੁਰਾਂ ਅਪਣਾਉਣ ਵਾਲੇ ਆਗੂਆਂ ਦੀ ਬਗਾਵਤ ਵਾਲੀ ਫੂਕ ਨਿੱਕਲਦੀ ਦਿਖਾਈ ਦੇ ਰਹੀ ਹੈ, ਉੱਥੇ ਬੋਰਡ ਜਾਂ ਨਿਗਮਾਂ ਦੀਆਂ ਚੇਅਰਮੈਨੀਆਂ ‘ਤੇ ਝਾਕ ਰੱਖੀ ਬੈਠੇ ਆਗੂਆਂ ਜਾਂ ਵਿਧਾਇਕਾਂ ਦੇ ਮਨਾਂ ਅੰਦਰ ਲੱਡੂ ਫੁੱਟਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਟੀਚਾ ਵਿੱਢਿਆ ਹੋਇਆ ਹੈ, ਜਿਸ ਨੂੰ ਇਸ ਵਾਰ ਪਾਰਟੀ ਨੇ ‘ਮਿਸ਼ਨ 13’ ਦਾ ਨਾਮ ਦਿੱਤਾ ਹੈ। ਇਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ, ਕਿ ਪਾਰਟੀ ਵੱਲੋਂ ਲੋਕ ਸਭਾ ਹਲਕਿਆਂ ਵਿੱਚ ਖੜ੍ਹੇ ਉਮੀਦਵਾਰਾਂ ਦੀ ਜਿੱਤ ਦੀ ਜਿੰਮੇਵਾਰੀ ਸਬੰਧਤ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ‘ਤੇ ਪਾਈ ਗਈ ਹੈ, ਤੇ ਉਨ੍ਹਾਂ ਵਿਧਾਇਕਾਂ ਤੇ ਮੰਤਰੀਆਂ ਦਾ ਪ੍ਰਦਰਸ਼ਨ ਹੀ ਹੁਣ ਉਨ੍ਹਾਂ ਦਾ ਸਿਆਸੀ ਭਵਿੱਖ ਤੈਅ ਕਰੇਗਾ। ਕੈਪਟਨ ਅਨੁਸਾਰ ਇਹ ਫੈਸਲਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਹਾਈ ਕਮਾਂਡ ਨੇ ਲਿਆ ਹੈ, ਤਾਂ ਕਿ ਪਾਰਟੀ ‘ਮਿਸ਼ਨ 13’ ਦੇ ਟੀਚੇ ਨੂੰ ਹਰ ਹਾਲਤ ‘ਚ ਹਾਸਲ ਕਰੇ।
ਇੱਥੇ ਇਹ ਵੀ ਦੱਸਣਯੋਗ ਹੈ, ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਤੇ ਇਸ ਤੋਂ ਬਾਅਦ ਹੁਣ ਪਾਰਟੀ ਅੰਦਰ ਬਗਾਵਤੀ ਸੁਰਾਂ ਆਪਣੀ ਚਰਮ ਸੀਮਾਂ ‘ਤੇ ਹਨ। ਇਨ੍ਹਾਂ ਬਗਾਵਤੀ ਸੁਰਾਂ ਨੂੰ ਦਬਾਉਣ ਲਈ ਹੀ ਕਾਂਗਰਸ ਪਾਰਟੀ ਨੇ ਦੋ ਤਰ੍ਹਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ, ਇੱਕ ਦਬਕਾ ਮਾਰ ਕੇ ਦੂਜਾ ਚੇਅਰਮੈਨੀਆਂ ਦਾ ਲਾਲਚ ਦੇ ਕੇ।
ਹੁਣ ਕਾਂਗਰਸ ਪਾਰਟੀ ਆਪਣੀ ਇਸ ਰਾਣਨੀਤੀ ਵਿੱਚ ਕਿੰਨੀ ਕਾਮਯਾਬ ਰਹਿੰਦੀ ਹੈ, ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ, ਪਰ ਕੈਪਟਨ ਦੇ ਇਸ ਦਬਕੇ ਤੋਂ ਬਾਅਦ ਇਨ੍ਹਾਂ ਚਰਚਾਵਾਂ ਦਾ ਬਜ਼ਾਰ ਜਰੂਰ ਗਰਮ ਹੋ ਗਿਆ ਹੈ ਕਿ ਜਿੱਥੇ ਇੱਕ ਪਾਸੇ ਸੁਖਬੀਰ ਬਾਦਲ ਸਰਕਾਰ ਤੋਂ ਬਾਹਰ ਹੋ ਕੇ ਆਪਣੀ ਗੱਲ ਮੰਨਵਾਉਣ ਲਈ ਸਰਕਾਰੀ ਅਫਸਰਾਂ ਨੂੰ ਦਬਕੇ ਮਾਰ ਰਹੇ ਹਨ, ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਹੁੰਦਿਆਂ ਹੋਇਆਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ। ਫਿਰ ਲੋਕ ਸਵਾਲ ਕਰਦੇ ਹਨ, ਕਿ ਦੋਵਾਂ ਵਿੱਚ ਫਰਕ ਕੀ ਰਹਿ ਗਿਆ? ਤੇ ਜਦੋਂ ਜਵਾਬ ਨਹੀਂ ਮਿਲਦਾ ਤਾਂ ਖਿਝ ਕੇ ਕਹਿੰਦੇ ਹਨ, ਕਿ ਕੌਣ ਸੁਣਦਾ ਹੈ ਜਨਾਬ! ਇੱਥੇ ਅੱਨੀ ਨੂੰ ਬੌਲਾ ਘੜੀਸੀ ਲਈ ਜਾਂਦਾ ਹੈ, ਹਰ ਕੋਈ ਆਪਣੀ ਆਪਣੀ ਡਫਲੀ ਵਜਾ ਕੇ ਆਪਣਾ ਆਪਣਾ ਰਾਗ ਗਾ ਰਿਹਾ ਹੈ, ਲੋਕਤੰਤਰ ਦਾ ਕੀ ਬਣ ਚੁੱਕਾ ਹੈ ਹੁਣ ਤਾਂ ਕਿਸੇ ਕੋਲ ਇਹ ਸੋਚਣ ਦਾ ਵੀ ਸਮਾਂ ਨਹੀਂ ਰਿਹਾ।