ਸੁਖਪਾਲ ਸਿੰਘ ਖਹਿਰਾ ਵਿਧਾਇਕ ਨਹੀਂ ਰਹੇ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਹਲਕਾ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਹੁਣ ਵਿਧਾਇਕ ਨਹੀਂ ਰਹੇ ਹਨ। ਖਹਿਰਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਸੁਖਪਾਲ ਖਹਿਰਾ ਨੇ ਇਹ ਕਦਮ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ ਭਰਨ ਤੋਂ ਪਹਿਲਾਂ ਚੁੱਕ ਕੇ ਆਪਣੇ ਵਿਰੋਧੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਉਨ੍ਹਾਂ ਨੇ ਜਿਨ੍ਹਾਂ ਮਰਜੀ ਜੋਰ ਲਾ ਲਿਆ ਵਿਧਾਇਕੀ ਉਨ੍ਹਾਂ ਨੇ ਆਪਣੀ ਮਰਜੀ ਨਾਲ ਛੱਡੀ ਹੈ, ਨਾ ਕਿ ਉਨ੍ਹਾਂ ਨੂੰ ਕੱਢਿਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਈ ਸੀ ਤਾਂ ਉਸ ਵੇਲੇ ‘ਆਪ’ ਦੀ ਪੰਜਾਬ ਲੀਡਰਸ਼ਿਪ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਦੇ ਕੇ ਉਨ੍ਹਾਂ ਦੀ ਵਿਧਾਇਕੀ ਖਤਮ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਸਪੀਕਰ ਵੱਲੋਂ ਖਹਿਰਾ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਵੀ ਭੇਜੇ ਗਏ ਤੇ ਇੱਥੋਂ ਤੱਕ ਕਿ ਨੋਟਿਸ ਉਨ੍ਹਾਂ ਦੇ ਘਰ ਦੇ ਬਾਹਰ ਵੀ ਚਿਪਕਾ ਦਿੱਤੇ ਗਏ ਸਨ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਖਹਿਰਾ ਆਪਣੀ ਵਿਧਾਇਕੀ ਬਚਾਉਣ ਵਿੱਚ ਕਾਮਯਾਬ ਰਹੇ ਸਨ। ਪਰ ਹੁਣ ਖਹਿਰਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਨੇ ਜਨਮ ਲਿਆ ਹੈ, ਤੇ ਦਾਅਵੇ ਕੀਤਾ ਜਾ ਰਹੇ ਹਨ ਕਿ ਜੇਕਰ ਖਹਿਰਾ ਲੋਕ ਸਭਾ ਚੋਣ ਹਾਰ ਗਏ ਤਾਂ ਉਨ੍ਹਾਂ ਦਾ ਸਿਆਸੀ ਕੈਰੀਅਰ ਉਸ ਹਾਸ਼ੀਏ ‘ਤੇ ਪਹੁੰਚ ਜਾਵੇਗਾ ਜਿਸ ਦੀ ਸ਼ੰਕਾ ਖਹਿਰਾ ਨੇ ਆਪ ਖੁਦ ਜਤਾਈ ਸੀ।

 

Share this Article
Leave a comment