ਮਾਲੇਰਕੋਟਲਾ: ਮੋਹਾਲੀ ਦੀ ਅਦਾਲਤ ਨੇ ਭਾਨਾ ਸਿੱਧੂ ਦੀ ਜ਼ਮਾਨਤ ਮਨਜੂਰ ਕਰਦੇ ਹੋਏ ਵੱਡੀ ਰਾਹਤ ਦਿੱਤੀ ਹੈ। ਜਿਸ ਤੋਂ ਬਾਅਦ ਭਾਨਾ ਮਾਲੇਰਕੋਟਲਾ ਦੀ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਬਾਹਰ ਆਉਂਦੇ ਸਾਰ ਭਾਨਾ ਸਿੱਧੂ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਭਾਨਾ ਸਿੱਧੂ ਨਾਲ ਜੇਲ੍ਹ ਵਿੱਚ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ। ਇਸ ਦੀ ਜਾਣਕਾਰੀ ਭਾਨਾ ਸਿੱਧੂ ਨੇ ਮੀਡੀਆ ਨੂੰ ਦਿੱਤੀ ਹੈ। ਬਲੌਗਰ ਸਿੱਧੂ ਨੇ ਕਿਹਾ ਕਿ ਜੇਲ੍ਹ ਵਿੱਚ ਮੇਰੇ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਮੇਰੇ ‘ਤੇ ਪਾਣੀ ਪਾਇਆ ਗਿਆ ਬਰਫ਼ ‘ਤੇ ਪਾਇਆ ਗਿਆ। ਭਾਨਾ ਸਿੱਧੂ ਨੇ ਕਿਹਾ ਕਿ ਮੈਂ ਐਨਾ ਵੱਡਾ ਗੁਨਾਹ ਵੀ ਨਹੀਂ ਕੀਤਾ ਜੋ ਪੁਲਿਸ ਨੇ ਮੇਰੇ ਨਾਲ ਅਜਿਹਾ ਵਤੀਰਾ ਕੀਤਾ ਹੈ।
ਭਾਨਾ ਸਿੱਧੂ ਨੇ ਕਿਹਾ ਕਿ ਮੈਨੂੰ ਨੰਗਾ ਕਰਕੇ ਮੇਰੀਆਂ ਵੀਡੀਓ ਬਣਾਈਆਂ ਗਈਆਂ ਅਤੇ ਮੇਰੇ ਤੋਂ ਜ਼ਬਰੀ ਮੁਆਫ਼ੀ ਮਗਵਾਉਣ ਲਈ ਜ਼ੋਰ ਪਾਇਆ ਗਿਆ। ਮੇਰੇ ਕੋਲ ਸਾਰੇ ਸਬੂਤ ਹਨ, ਸਮਾਂ ਆਉਣ ‘ਤੇ ਉਹ ਸਾਰੇ ਮੀਡੀਆ ਦੇ ਸਾਹਮਣੇ ਪੇਸ਼ ਵੀ ਕਰਾਂਗਾ। ਫਿਲਹਾਲ ਉਸ ਦਾ ਬੁਖਾਰ ਵਿਗੜਿਆ ਹੋਇਆ ਹੈ ਅਤੇ ਅਜਿਹੇ ਸਮੇਂ ਉਸ ਨੂੰ ਕੁਝ ਸਮਾਂ ਅਰਾਮ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ‘ਤੇ 4 ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਸਨ। ਜਿਸ ਵਿੱਚ ਸਭ ਤੋਂ ਪਹਿਲਾ ਪਰਚਾ ਲੁਧਿਆਣਾ ਵਿੱਚ ਹੋਇਆ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਵੀ ਭਾਨਾ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਫਿਰ ਅਬੋਹਰ ਅਤੇ ਮੁਹਾਲੀ ਵਿੱਚ ਪਰਚੇ ਹੋਏ ਸਨ। ਭਾਨੇ ਦੀ ਰਿਹਾਈ ਦੇ ਲਈ ਸੰਗਰੂਰ ਵਿੱਚ 3 ਫਰਵਰੀ ਨੂੰ ਵੱਡਾ ਇਕੱਠ ਕੀਤਾ ਗਿਆ ਸੀ। ਜਿਸ ਤੋਂ ਬਾਅਦ ਭਾਨਾ ਸਿੱਧੂ ਦੇ ਪਰਿਵਾਰ ‘ਤੇ ਵੀ ਬਰਨਾਲਾ ਵਿੱਚ ਪਰਚਾ ਦਰਜ ਕਰ ਲਿਆ ਗਿਆ ਸੀ।